ਵਿਕਾਸ ਦੇ ਮਾਨਵੀ ਪੱਖਾਂ ਵੱਲ ਧਿਆਨ ਦੇਵੇ ਦੁਨੀਆ: ਮੋਦੀ

‘ਕੋਵਿਡ ਦੌਰਾਨ ਮੁਲਕਾਂ ਵਲੋਂ ਸਿਹਤ ਖੇਤਰ ’ਚ ਕੀਤੀ ਤਰੱਕੀ ਬੀਤੇ ਨਾਲੋਂ ਵੱਧ ਮਾਅਨੇ ਰੱਖੇਗੀ’

ਨਵੀਂ ਦਿੱਲੀ (ਸਮਾਜਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੂਰੇ ਵਿਸ਼ਵ ਨੂੰ ਇੱਕਜੁਟ ਹੋ ਕੇ ਵਿਕਾਸ ਦੇ ਮਾਨਵੀ ਪੱਖਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਖ਼ਿਲਾਫ਼ ਜੰਗ ਦੌਰਾਨ ਸਾਰੇ ਮੁਲਕਾਂ ਵਲੋਂ ਸਿਹਤ ਸੈਕਟਰ ਵਿੱਚ ਕੀਤੀ ਤਰੱਕੀ ਬੀਤੇ ਸਮੇਂ ਨਾਲੋਂ ਸਭ ਤੋਂ ਵੱਧ ਮਾਅਨੇ ਰੱਖੇਗੀ।

ਬੰਗਲੁਰੂ ਦੀ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੀ 25ਵੀਂ ਵਰ੍ਹੇਗੰਢ ਦੇ ਜਸ਼ਨਾਂ ਮੌਕੇ ਵੀਡੀਓ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਵਿਸ਼ਵ ਜੰਗਾਂ ਤੋਂ ਬਾਅਦ ਇਸ ਵੇਲੇ ਪੂਰੀ ਦੁਨੀਆਂ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਜਿਵੇਂ ਵਿਸ਼ਵ ਜੰਗਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਦੁਨੀਆਂ ਬਦਲ ਗਈ ਸੀ, ਉਸੇ ਤਰ੍ਹਾਂ ਕੋਵਿਡ ਤੋਂ ਪਹਿਲਾਂ ਅਤੇ ਬਾਅਦ ਦੀ ਦੁਨੀਆ ਵੀ ਵੱਖਰੀ ਹੋਵੇਗੀ। ਉਨ੍ਹਾਂ ਕਿਹਾ, ‘‘ਇਸ ਵੇਲੇ ਪੂਰੀ ਦੁਨੀਆਂ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ ਅਤੇ ਵਿਗਿਆਨ ਭਾਈਚਾਰੇ ਵੱਲ ਉਮੀਦ ਅਤੇ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਵਿਸ਼ਵ ਨੂੰ ਤੁਹਾਡੇ ਤੋਂ ਇਲਾਜ ਅਤੇ ਸੰਭਾਲ ਦੀ ਲੋੜ ਹੈ।’’ ਉਨ੍ਹਾਂ ਸਿਹਤ ਸੰਕਟ ਨਾਲ ਨਜਿੱਠਣ ਲਈ ਆਲਮੀ ਪਹੁੰਚ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪਹਿਲਾਂ ਵਿਸ਼ਵੀਕਰਨ ਦੀਆਂ ਸਾਰੀਆਂ ਚਰਚਾਵਾਂ ਦਾ ਕੇਂਦਰ ਆਰਥਿਕ ਮੁੱਦੇ ਰਹੇ ਹਨ।

ਹੁਣ ਵਿਸ਼ਵ ਨੂੰ ਇੱਕਜੁਟ ਹੋਣਾ ਚਾਹੀਦਾ ਹੈ ਅਤੇ ਵਿਕਾਸ ਦੇ ਮਨੁੱਖਤਾ ਆਧਾਰਿਤ ਪੱਖਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਸਮੇਂ ਦੌਰਾਨ ਸਿਹਤ ਸੈਕਟਰ ਵਿੱਚ ਕੀਤੀ ਉਨੱਤੀ ਬੀਤੇ ਸਮੇਂ ਨਾਲੋਂ ਸਭ ਤੋਂ ਵੱਧ ਮਾਅਨੇ ਰੱਖੇਗੀ। ਮੋਦੀ ਨੇ ਸਿਹਤਮੰਦ ਸਮਾਜ ਲਈ ਸਿਹਤ ਸੈਕਟਰ ਵਿੱਚ ਟੈਲੀਮੈਡੀਸਨ ਤੇ ‘ਮੇਕ ਇਨ ਇੰਡੀਆ’ ਉਤਪਾਦਾਂ ਅਤੇ ਆਈਟੀ ਆਧਾਰਿਤ ਤਕਨੀਕਾਂ ਦੀ ਵਰਤੋਂ ’ਤੇ ਵੱਧ ਤੋਂ ਵੱਧ ਚਰਚਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੇਸ਼ ਵਿੱਚ ਬਣਾਈਆਂ ਪੀਪੀਟੀ ਕਿੱਟਾਂ, ਮਾਸਕ ਅਤੇ ਅਰੋਗਿਯਾ ਸੇਤੂ ਐਪ ਦੇ ਹਵਾਲੇ ਦੇ ਕੇ ਆਪਣੀ ਗੱਲ ਰੱਖੀ।

Previous articleਪੰਜਾਬ ’ਚ ਦੇਸੀ ਤੇ ਅੰਗਰੇਜ਼ੀ ਸ਼ਰਾਬ ਮਹਿੰਗੀ
Next articleਰੋਹ ਦਾ ਸੇਕ: ਵ੍ਹਾਈਟ ਹਾਊਸ ਦੇ ਬੰਕਰ ’ਚ ਲੁਕੇ ਰਾਸ਼ਟਰਪਤੀ ਟਰੰਪ