ਵਿਅੰਗ — ਕਰੋਨਾ ਤੇਰਾ ਧੰਨਵਾਦ

-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,
ਬੰਠਿਡਾ

ਪਿਆਰੇ ਕਰੋਨਾ, ਜਦੋਂ ਦਾ ਤੂੰ ਇਸ ਧਰਤੀ *ਤੇ ਆਇਆ ਹੈ, ਤੂੰ ਮੇਰੇ ਜਿਉਣ ਦਾ ਢੰਗ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹਾਂ, ਤੇਰੇ ਆਉਣ ਦੇ ਸਮੇਂ ਥੋੜ੍ਹੀ ਬੇਚੈਨੀ ਜਰੂਰ ਹੋਈ ਸੀ। ਪਰ ਥੋੜ੍ਹੇ ਡਰ ਦੇ ਬਾਵਜੂਦ ਮੁਨੱਖੀ ਜਿੰਦਗੀ ਨੂੰ ਜਿਸ ਤਰ੍ਹਾਂ ਹੈਰਾਨ ਕਰ ਦਿੱਤਾ ਹੈ, ਉਹ ਪਹਿਲਾਂ ਕਦੇ ਨਹੀਂ ਹੋਇਆ।

ਇਸ ਨੂੰ ਡਰ ਕਹਾਂ ਜਾਂ ਫਿਰ ਤੇਰਾ ਜਾਦੂ, ਜਿੰਨ੍ਹਾਂ ਗੱਲਾਂ ਨੂੰ ਸਿਖਾਉਣ *ਚ ਕਈ ਸਾਲ ਲੱਗਦੇ ਹਨ, ਹੁਣ ਉਨ੍ਹਾਂ ਨੂੰ ਲੋਕ ਫਟਾਫਟ ਸਿੱਖ ਰਹੇ ਹਨ। ਨਿੱਕੇ ਹੁੰਦਿਆ ਮਾਪੇ ਅਤੇ ਅਧਿਆਪਕ ਸਾਫ—ਸਫਾਈ ਦਾ ਜੋ ਪਾਠ ਸਿਖਾ—ਸਿਖਾ ਥੱਕ ਗਏ ਸਨ।ਹੁਣ ਉਸ *ਤੇ ਫੌਰੀ ਰੂਪ *ਚ ਅਮਲ ਹੋਣ ਲੱਗਿਆ ਹੈ। ਮੰਨੋ ਧੁੰਧ ਤੋਂ ਬਾਅਦ ਚਾਨੰਣ ਹੋ ਗਿਆ ਹੋਵੇ। ਕਿਸੇ ਨੂੰ ਫੋਨ ਕਰੀਏ ਤਾਂ ਪਹਿਲਾਂ ਤੇਰੇ ਬਾਰੇ ਹੀ ਗਿਆਨ ਮਿਲਦਾ ਹੈ, ਤੇਰੀਆਂ ਸਿਫਤਾਂ ਹੀ ਸੁਣਨ ਨੂੰ ਮਿਲਦੀਆਂ ਹਨ।

ਕਰੋਨਾ, ਇਹ ਤੇਰਾ ਹੀ ਕਮਾਲ ਹੈ ਕਿ ਜੋ ਲੋਕ ਘਰਾਂ *ਚ ਬਹਿ ਕੇ ਕੋਈ ਵੀ ਕੰਮ ਕਰਨ ਨੂੰ ਫਿਜ਼ੂਲ ਮੰਨਦੇ ਸਨ, ਉਹ ਹੁਣ ਇਸ ਸਮੇਂ ਨੂੰ ਬਹੁਤ ਗੁਣਕਾਰੀ ਮੰਨ ਰਹੇ ਹਨ।
ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਸਿਰਫ ਤੇਰੇ ਕਰਕੇ ਹੀ ਸਰਕਾਰਾਂ ਐਨੀਆਂ ਚੁਸਤ ਹੋ ਗਈਆਂ ਹਨ ਕਿ ਪ੍ਰਸ਼ਾਸਨ ਵੀ ਮਿੰਟਾ—ਸਕਿੰਟਾ *ਚ ਫੈਸਲੇ ਲੈ ਰਿਹਾ ਹੈ। ਕਿਸੇ ਨੇ ਸੋਚਿਆ ਸੀ ਕਿ ਉਹ ਥਾਵਾਂ ਜਿੱਥੇ ਸਾਲ ਭਾਰ ਸੈਲਾਨੀਆਂ ਨੂੰ ਪੈਰ ਰੱਖਣ ਲਈ ਵੀ ਥਾਂ ਨਹੀਂ ਮਿਲਦੀ ਸੀ, ਅੱਜ ਸਿਰਫ ਤੇਰੇ ਕਰਕੇ ਉਥੇ ਸੁੰਨ ਵਾਪਰ ਰਹੀ ਹੈ।ਜਹਾਜ਼ ਕੰਪਨੀਆਂ ਨੇ ਹਵਾਈ ਸਫ਼ਰ ਦੀਆਂ ਕੀਮਤਾਂ ਅੱਧੀਆਂ ਕਰ ਦਿੱਤੀਆਂ, ਕਿਉਂ ਭਾਈ, ਹੁਣ ਐਨੇ ਘੱਟ ਭਾੜੇ *ਤੇ ਜਹਾਜ਼ ਕਿਵੇਂ ਉੱਡ ਰਹੇ ਹਨ । ਸ਼ਹਿਰਾਂ ਦੀ ਹਵਾ ਵੀ ਸਾਹ ਲੈਣ ਯੋਗ ਬਣ ਗਈ ਹੈ। ਸੱਚ ਦੱਸਾ ਤਾਂ ਦੁਨੀਆਂ ਦੀ ਅਬਾਦੀ ਵੀ ਹੁਣ ਘੱਟ ਲੱਗਣ ਲੱਗ ਗਈ ਹੈ।

ਹਾਂ ਸੋਸ਼ਲ ਮੀਡੀਆ *ਤੇ ਖਬਰਾਂ ਦਾ ਹੜ੍ਹ ਜ਼ਰੂਰ ਆ ਗਿਆ ਹੈ। ਜਿਸ ਨੂੰ ਵੀ ਦੇਖੋ, ਬਿਨਾਂ ਸੋਚੇ —ਸਮਝੇ ਉਹੀ ਫੋਟੋ, ਮੈਸਜ਼, ਵੀਡੀੳ ਐਧਰੋਂ —ਉਧਰ ਭੇਜਣ *ਚ ਲੱਗਿਆ ਹੋਇਆ ਹੈ। ਗੀਤ—ਸੰਗੀਤ, ਪੋਸਟਰ, ਚੁਟਕਲੇ, ਲੇਖ, ਵਿਅੰਗ, ਪਕਵਾਨ, ਫੈਸ਼ਨ ਸਭ ਕੁਝ ਤੇਰੇ ਅਧੀਨ ਹੁੰਦੇ ਜਾ ਰਹੇ ਹਨ। ਟੀ ਼ਵੀ ਚੈਨਲਾਂ ਦੀ ਤਾਂ ਜਿਵੇਂ ਚਾਂਦੀ ਹੋ ਗਈ ਹੈ। ਲੋਕਾਂ ਨੂੰ ਡਰਾ ਕੇ ਖਬਰਾਂ ਵੇਚੋ। ਪਹਿਲਾਂ ਡਰਾਓ ਅਤੇ ਫਿਰ ਕਹੋੋ ਡਰਨ ਦੀ ਕੋਈ ਲੋੜ ਨਹੀਂ। ਤੂੰ ਮੇਰੇ ਵਰਗੇ ਮਤਲਬੀ ਕਿਸਮ ਦੇ ਬੰਦੇ ਨੂੰ ਵੀ ਅਹਿਸਾਸ ਕਰਵਾ ਦਿੱਤਾ ਕਿ ਸਾਡੀ ਮਨੁੱਖਾਂ ਦੀ ਜਿੰਦਗੀ ਇਕ—ਦੂਜੇ ਨਾਲ ਐਨੀ ਜੁੜੀ ਹੋਈ ਹੈ ਕਿ ਸਵੈ—ਨਿਰਭਰਤਾ ਅਤੇ ਮੈਂ—ਮੇਰੀ ਦੀ ਦਾਅਵੇਦਾਰੀ ਵੀ ਹਾਸੋਹੀਣੀ ਲੱਗਣ ਲੱਗ ਗਈ ਹੈ। ਤੂੰ ਸਾਬਤ ਕਰ ਦਿੱਤਾ ਕਿ ਦੁਨੀਆਂ ਦੇ ਸਾਰੇ ਦੇਸ਼ ਕਿਸ ਹੱਦ ਤੱਕ ਇਕ—ਦੂਜੇ ਨਾਲ ਜੁੜੇ ਹਨ। ਤੂੰ, ਅਮੀਰ ਹੋਵੇ ਜਾਂ ਗਰੀਬ , ਸਭ ਨੂੰ ਇਕ ਲਾਈਨ *ਚ ਖੜਾ ਕਰ ਦਿੱਤਾ ਹੈ। ਧਰਮ, ਜਾਤ, ਨਸਲ, ਰੰਗਭੇਦ, ਦੇਸ਼ ਇਹਨਾਂ ਤੋਂ ਉੱਪਰ ਚੱਕ ਕੇ ਮੇਰੇ ਅੰਦਰ ਮਨੁੱਖਤਾ ਦੀ ਕਦਰ ਅਤੇ ਪਿਆਰ ਕਰਨ ਦੀ ਭਾਵਨਾ ਜਗਾ ਦਿੱਤੀ ਹੈ।

Previous articleCOVID-19: M’rashtra’s positive cases reach 101
Next articleOlympics postponement necessary for athletes’ well being: Rijiju