ਵਾਦੀ ’ਚ ਭਾਰੀ ਤਬਾਹੀ ਦੀਆਂ ਕੋਸ਼ਿਸ਼ਾਂ ਨਾਕਾਮ: ਮੋਦੀ

* ਜੰਮੂ ਕਸ਼ਮੀਰ ’ਚ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਦੌਰਾਨ ਗੜਬੜੀ ਫੈਲਾਊਣ ਦੀ ਯੋਜਨਾ ਸੀ

* ਮੁੰਬਈ ਦਹਿਸ਼ਤੀ ਹਮਲੇ ਦੀ ਬਰਸੀ ’ਤੇ ‘ਵੱਡੇ ਕਾਰੇ’ ਦੀ ਸੀ ਸਾਜ਼ਿਸ਼

ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ’ਚ ਜੈਸ਼-ਏ-ਮੁਹੰਮਦ ਦੇ ਚਾਰ ਦਹਿਸ਼ਤਗਰਦਾਂ ਦੇ ਮਾਰੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਿਖਰਲੇ ਸੁਰੱਖਿਆ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਅਤੇ ਜ਼ੋਰ ਦਿੱਤਾ ਕਿ ਸੁਰੱਖਿਆ ਬਲਾਂ ਨੇ ‘ਵੱਡੀ ਤਬਾਹੀ’ ਨੂੰ ਅੰਜਾਮ ਦੇਣ ਵਾਲੀਆਂ ਊਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਦਿੱਤਾ ਹੈ। ਸਰਕਾਰ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਅਤਿਵਾਦੀਆਂ ਵੱਲੋਂ ਮੁੰਬਈ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ 26 ਨਵੰਬਰ ਨੂੰ ‘ਕੁਝ ਵੱਡਾ’ ਕਾਰਾ ਕਰਨ ਦੀ ਯੋਜਨਾ ਸੀ। ਪ੍ਰ

ਧਾਨ ਮੰਤਰੀ ਨੇ ਬੈਠਕ ਮਗਰੋਂ ਆਪਣੇ ਟਵੀਟ ’ਚ ਕਿਹਾ,‘‘ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨਾਲ ਜੁੜੇ ਚਾਰ ਅਤਿਵਾਦੀਆਂ ਦੇ ਖਾਤਮੇ ਅਤੇ ਊਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਦੀ ਮੌਜੂਦਗੀ ਤੋਂ ਸੰਕੇਤ ਮਿਲਦਾ ਹੈ ਕਿ ਵੱਡੀ ਤਬਾਹੀ ਮਚਾਊਣ ਦੀਆਂ ਊਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਇਕ ਵਾਰ ਫਿਰ ਨਾਕਾਮ ਬਣਾ ਦਿੱਤਾ ਗਿਆ ਹੈ।’’ ਸ੍ਰੀ ਮੋਦੀ ਨੇ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਊਨ੍ਹਾਂ ਇਕ ਵਾਰ ਫਿਰ ਬਹਾਦਰੀ ਅਤੇ ਪੇਸ਼ੇਵਰ ਰਵੱਈਏ ਦੀ ਮਿਸਾਲ ਪੇਸ਼ ਕੀਤੀ ਹੈ। ਊਨ੍ਹਾਂ ਕਿਹਾ,‘‘ਚੌਕਸੀ ਲਈ ਸੁਰੱਖਿਆ ਬਲਾਂ ਦਾ ਧੰਨਵਾਦ।

ਊਨ੍ਹਾਂ ਜੰਮੂ ਕਸ਼ਮੀਰ ’ਚ ਜ਼ਮੀਨੀ ਪੱਧਰ ’ਤੇ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਨਿਸ਼ਾਨਾ ਬਣਾਊਣ ਦੀ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।’’ ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਨਗਰੋਟਾ ’ਚ ਹੋਏ ਮੁਕਾਬਲੇ ਦੌਰਾਨ ਟਰੱਕ ’ਚ ਸਵਾਰ ਜੈਸ਼-ਏ-ਮੁਹੰਮਦ ਦੇ ਪਾਕਿਸਤਾਨ ਆਧਾਰਿਤ ਚਾਰ ਦਹਿਸ਼ਤਗਰਦ ਮਾਰੇ ਗਏ ਜਦਕਿ ਦੋ ਪੁਲੀਸ ਕਰਮੀ ਜ਼ਖ਼ਮੀ ਹੋਏ ਸਨ। ਜੰਮੂ ਦੇ ਆਈਜੀ ਮੁਕੇਸ਼ ਸਿੰਘ ਨੇ ਮੁਕਾਬਲੇ ਤੋਂ ਬਾਅਦ ਕਿਹਾ ਸੀ ਕਿ ਅਤਿਵਾਦੀ ‘ਵੱਡੀ ਸਾਜ਼ਿਸ਼’ ਨੂੰ ਅੰਜਾਮ ਦੇਣ ਲਈ ਆਏ ਸਨ ਜਿਸ ਨੂੰ ਨਾਕਾਮ ਬਣਾ ਦਿੱਤਾ ਗਿਆ ਹੈ।

ਮੀਟਿੰਗ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ, ਵਿਦੇਸ਼ ਸਕੱਤਰ ਅਤੇ ਖ਼ੁਫ਼ੀਆ ਬਿਊਰੋ ਦੇ ਮੁਖੀ ਅਰਵਿੰਦ ਕੁਮਾਰ ਵੀ ਹਾਜ਼ਰ ਸਨ। ਸ੍ਰੀ ਕੁਮਾਰ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਜੈਸ਼ ਦੇ ਮਾਰੇ ਗਏ ਚਾਰ ਦਹਿਸ਼ਤਗਰਦਾਂ ਦੀ ਜੰਮੂ ਕਸ਼ਮੀਰ ’ਚ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਦੌਰਾਨ ਵੱਡੀ ਕਾਰਵਾਈ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਸੂਤਰਾਂ ਨੇ ਕਿਹਾ ਕਿ ਇਸ ਸਾਲ ਜੰਮੂ ਜ਼ੋਨ ’ਚ 16 ਅਤਿਵਾਦੀ ਮਾਰੇ ਜਾ ਚੁੱਕੇ ਹਨ ਅਤੇ ਸੱਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਊਨ੍ਹਾਂ ਕਿਹਾ ਕਿ ਪਾਕਿਸਤਾਨ ਕੜਾਕੇ ਦੀ ਠੰਢ ਤੋਂ ਪਹਿਲਾਂ-ਪਹਿਲਾਂ ਪੰਜਾਬ ਅਤੇ ਜੰਮੂ ਸੈਕਟਰ ’ਚ ਕੌਮਾਂਤਰੀ ਸਰਹੱਦ ਰਾਹੀਂ ਵੱਧ ਤੋਂ ਵੱਧ ਦਹਿਸ਼ਤਗਰਦਾਂ ਨੂੰ ਘੁਸਪੈਠ ਕਰਾਊਣ ਦੀਆਂ ਕੋਸ਼ਿਸ਼ਾਂ ’ਚ ਹੈ।

Previous articleਸੰਜੇ ਕੁਮਾਰ ਵਲੋਂ ਪ੍ਰਕਾਸ਼ ਪੁਰਬ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ
Next articleਭਾਰਤ-ਆਸਟਰੇਲੀਆ ਮੁਕਾਬਲੇ ਦਾ ਫ਼ੈਸਲਾ ਗੇਂਦਬਾਜ਼ਾਂ ਹੱਥ: ਜ਼ਹੀਰ