ਵਾਢੀ ਲਈ ਗਏ, ਤਾਲਾਬੰਦੀ ਵਿਚ ਫਸੇ

ਚੰਡੀਗੜ੍ਹ  (ਸਮਾਜਵੀਕਲੀ)ਪੰਜਾਬ ਦੇ ਕਰੀਬ ਦੋ ਸੌ ਫੋਰਮੈਨ ਅਤੇ ਡਰਾਈਵਰ ਬਿਹਾਰ ਵਿਚ ਕਸੂਤੇ ਫਸ ਗਏ ਹਨ। ਇਹ ਤਾਲਾਬੰਦੀ ਦੌਰਾਨ ਹੀ ਕਣਕ ਦਾ ਸੀਜ਼ਨ ਲਾਉਣ ਗਏ ਸਨ। ਬਿਹਾਰ ਸਰਕਾਰ ਨੇ ਸਰਦੇ-ਪੁੱਜਦੇ ਬਿਹਾਰੀ ਕਿਸਾਨਾਂ ਨੂੰ ਤਾਲਾਬੰਦੀ ਦੌਰਾਨ ਹੀ ਪ੍ਰਵਾਨਗੀ ਜਾਰੀ ਕਰ ਦਿੱਤੀ ਸੀ, ਜਿਸ ਕਾਰਨ ਇਹ ਫੋਰਮੈਨ ਤੇ ਡਰਾਈਵਰ ਪੰਜਾਬ ’ਚੋਂ ਚਲੇ ਗਏ ਸਨ। ਉਂਜ ਇਹ ਫੋਰਮੈਨ ਤੇ ਡਰਾਈਵਰ ਕਣਕ ਦੇ ਹਰ ਸੀਜ਼ਨ ਵਿਚ ਹੀ ਬਿਹਾਰ ਜਾਂਦੇ ਹਨ।

ਵੇਰਵਿਆਂ ਅਨੁਸਾਰ ਪੰਜਾਬ ਦੇ ਇਹ ਫੋਰਮੈਨ ਅਤੇ ਡਰਾਈਵਰ ਬਿਹਾਰ ਵਿਚ ਉਧਰਲੇ ਕਿਸਾਨਾਂ ਦੀਆਂ ਕੰਬਾਈਨਾਂ ਚਲਾਉਂਦੇ ਹਨ। ਐਤਕੀਂ 3 ਅਪਰੈਲ ਨੂੰ ਇਹ ਪੰਜਾਬ ਦੇ ਪਟਿਆਲਾ, ਮੁਕਤਸਰ, ਲੁਧਿਆਣਾ, ਫਿਰੋਜ਼ਪੁਰ ਅਤੇ ਬਰਨਾਲਾ ਜ਼ਿਲ੍ਹੇ ’ਚੋਂ ਗਏ ਸਨ। ਇਨ੍ਹਾਂ ਸਾਰੇ ਪੰਜਾਬੀ ਨੌਜਵਾਨਾਂ ਨੂੰ ਜ਼ਿਲ੍ਹਾ ਰੋਹਤਾਸ ਦੇ ਇੱਕ ਪ੍ਰਾਈਵੇਟ ਸਕੂਲ ਦੇ ਕੈਂਪਸ ਵਿਚ ਰੱਖਿਆ ਹੋਇਆ ਹੈ।

ਮੁਕਤਸਰ ਜ਼ਿਲ੍ਹੇ ਦੇ ਪਿੰਡ ਸਮਾਘ ਦੇ ਫੋਰਮੈਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਦੋ ਭਤੀਜਿਆਂ ਸਮੇਤ ਬਿਹਾਰ ਵਿਚ ਕਣਕ ਦਾ ਸੀਜ਼ਨ ਲਾਉਣ ਗਿਆ ਸੀ ਪ੍ਰੰਤੂ ਦੋ ਦਿਨਾਂ ਮਗਰੋਂ ਹੀ ਬਿਹਾਰ ਸਰਕਾਰ ਨੇ ਉਨ੍ਹਾਂ ਨੂੰ ਰੋਕ ਕੇ ਕਰੋਨਾਵਾਇਰਸ ਦੇ ਮੱਦੇਨਜ਼ਰ ਨਮੂਨੇ ਲੈ ਲਏ। ਉਨ੍ਹਾਂ ਦੱਸਿਆ ਕਿ ਨਮੂਨਿਆਂ ਦਾ ਨਤੀਜਾ ਆਉਣ ਤੱਕ ਸਭ ਨੂੰ ਰੋਕ ਕੇ ਰੱਖਿਆ ਗਿਆ ਹੈ।

ਫ਼ਿਰੋਜ਼ਪੁਰ ਦੇ ਪਿੰਡ ਧਰਮਪੁਰਾ ਦੇ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਬਿਹਾਰੀ ਕਿਸਾਨਾਂ ਦੇ ਝਾਂਸੇ ਵਿਚ ਆ ਗਏ, ਜੋ ਉਨ੍ਹਾਂ ਕੋਲ ਪ੍ਰਵਾਨਗੀ ਵਾਲੇ ਪੱਤਰ ਲੈ ਕੇ ਉਨ੍ਹਾਂ ਨੂੰ ਲਿਜਾਣ ਵਾਸਤੇ ਆਏ ਸਨ। ਇਨ੍ਹਾਂ ਪੱਤਰਾਂ ਦੇ ਆਧਾਰ ’ਤੇ ਹਰਿਆਣਾ ਸਰਕਾਰ ਨੇ ਵੀ ਨਹੀਂ ਰੋਕਿਆ। ਉਹ ਜਦੋਂ ਕਣਕ ਦੀ ਵਾਢੀ ਕਰਨ ਲੱਗੇ ਤਾਂ ਉਨ੍ਹਾਂ ਨੂੰ ਬਿਹਾਰ ਸਰਕਾਰ ਨੇ ਰੋਕ ਦਿੱਤਾ।

ਪਿੰਡ ਮੱਲਵਾਲਾ ਦੇ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਕਣਕ ਦੇ ਪੂਰੇ ਸੀਜ਼ਨ ਦਾ 87 ਹਜ਼ਾਰ ਰੁਪਏ ਵਿਚ ਫੋਰਮੈਨ ਦਾ ਅਤੇ 16 ਹਜ਼ਾਰ ਰੁਪਏ ਵਿਚ ਕੰਬਾਈਨ ਡਰਾਈਵਰ ਦਾ ਠੇਕਾ ਹੋਇਆ ਸੀ ਅਤੇ ਇਸ ਤੋਂ ਇਲਾਵਾ 10 ਫੀਸਦੀ ਪ੍ਰਤੀ ਏਕੜ ਪਿੱਛੇ ਇਨਸੈਂਟਿਵ ਮਿਲਣਾ ਸੀ ਪਰ ਹੁਣ ਇੱਕ ਪਾਸੇ ਉਨ੍ਹਾਂ ਦਾ ਸੀਜ਼ਨ ਖੁੰਝ ਗਿਆ ਹੈ ਅਤੇ ਦੂਜੇ ਪਾਸੇ ਪੰਜਾਬ ਵਿਚ ਮਿਲਣ ਵਾਲੇ ਕੰਮ ਵੀ ਹੱਥੋਂ ਗਏ।

ਬਰਨਾਲਾ ਦੇ ਪਿੰਡ ਬਖਤਗੜ੍ਹ ਦੇ ਫੋਰਮੈਨ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਬਿਹਾਰ ਸਰਕਾਰ ਦੀ ਪ੍ਰਵਾਨਗੀ ਕਰਕੇ ਉਹ ਝਾਂਸੇ ਵਿਚ ਆ ਗਏ ਅਤੇ ਹੁਣ ਉਨ੍ਹਾਂ ਦੇ ਪਰਿਵਾਰ ਫਿਕਰਮੰਦ ਹਨ। ਜ਼ਿਲ੍ਹਾ ਪਟਿਆਲਾ ਦੇ ਪਿੰਡ ਦੁਤਾਲ ਦੇ ਫੋਰਮੈਨ ਅਜੈਬ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਫੌਰੀ ਚੁੱਕੇ ਅਤੇ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕਰੇ ਕਿਉਂਕਿ ਉਹ ਸਭ ਦਿਹਾੜੀਦਾਰ ਹਨ। ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਨੂੰ ਪ੍ਰਵਾਨਗੀ ਦੇ ਕਾਰਡ ਜਾਰੀ ਕਰਨ ਵੇਲੇ ਦੇਖਣਾ ਚਾਹੀਦਾ ਸੀ ਅਤੇ ਹੁਣ ਉਨ੍ਹਾਂ ਨੂੰ ਕੰਮ ਮੌਕੇ ਰੋਕਿਆ ਗਿਆ ਹੈ।

ਬਿਹਾਰੀ ਕਿਸਾਨ, ਜੋ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਲੈ ਕੇ ਗਏ ਸਨ, ਹੁਣ ਪਾਸਾ ਵੱਟ ਗਏ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਿਹਾਰ ਅਤੇ ਨਾਂਦੇੜ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਦਾ ਮੁੱਦਾ ਤਾਂ ਚੁੱਕਿਆ ਹੈ ਪ੍ਰੰਤੂ ਹਾਲੇ ਰੋਹਤਾਸ ਵਿਚ ਫਸੇ ਨੌਜਵਾਨ ਕਿਸੇ ਦੇ ਧਿਆਨ ਵਿਚ ਨਹੀਂ ਹਨ। ਇਹ ਫੋਰਮੈਨ ਕਣਕ ਦੇ ਸੀਜ਼ਨ ਮਗਰੋਂ ਪੰਜਾਬ ਵਿਚ ਤੂੜੀ ਦਾ ਸੀਜ਼ਨ ਵੀ ਲਾਉਂਦੇ ਹਨ ਪ੍ਰੰਤੂ ਹੁਣ ਫਸੇ ਹੋਣ ਕਰਕੇ ਬੇਵੱਸ ਹੋ ਗਏ ਹਨ।

ਖੇਤੀਬਾੜੀ ਵਿਭਾਗ ਪੰਜਾਬ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਉਹ ਬਿਹਾਰ ਵਿਚ ਫਸੇ ਇਨ੍ਹਾਂ ਫੋਰਮੈਨਾਂ ਤੇ ਡਰਾਈਵਰਾਂ ਦਾ ਮਾਮਲਾ ਬਿਹਾਰ ਸਰਕਾਰ ਕੋਲ ਚੁੱਕ ਰਹੇ ਹਨ ਤਾਂ ਜੋ ਇਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦੂਜੇ ਸੂਬਿਆਂ ਵਿਚ ਫਸੇ ਲੋਕਾਂ ਦੀ ਮਦਦ ਖਾਤਰ ਬਕਾਇਦਾ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਹੈ। ਫੋਰਮੈਨਾਂ ਦਾ ਮਾਮਲਾ ਪਹਿਲਾਂ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ।

Previous articleਨਿਊ ਯਾਰਕ ਵਿਚ ਚੀਨ ਨਾਲੋਂ ਵੱਧ ਮਰੀਜ਼
Next articleਦਫ਼ਤਰਾਂ ਵਿੱਚ ਪਰਤੇ ਮੰਤਰੀ ਅਤੇ ਅਧਿਕਾਰੀ