ਵਾਈਸ ਐਡਮਿਰਲ ਵਰਮਾ ਨੇ ਜਲ ਸੈਨਾ ਮੁਖੀ ਦੀ ਨਿਯੁਕਤੀ ਖ਼ਿਲਾਫ਼ ਪਟੀਸ਼ਨ ਵਾਪਸ ਲਈ

ਆਰਮਡ ਫੋਰਸਜ਼ ਟ੍ਰਿਬਿਊਨਲ ਵੱਲੋਂ ਅਧਿਕਾਰੀ ਨੂੰ ਅੰਦਰੂਨੀ ਉਪਾਅ ਖੋਜਣ ਦੀ ਸਲਾਹ

ਵਾਈਸ ਐਡਮਿਰਲ ਬਿਮਲ ਵਰਮਾ ਨੇ ਅਗਲੇ ਜਲ ਸੈਨਾ ਮੁਖੀ ਦੇ ਤੌਰ ’ਤੇ ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਆਪਣੀ ਅਰਜ਼ੀ ਆਰਮਡ ਫੋਰਸਜ਼ ਟ੍ਰਿਬਿਊਨਲ ਦੀ ਸਲਾਹ ਤੋਂ ਬਾਅਦ ਵਾਪਸ ਲੈ ਲਈ ਹੈ। ਅੰਡੇਮਾਨ ਨਿਕੋਬਾਰ ਕਮਾਂਡ ਦੇ ਮੁਖੀ ਵਰਮਾ ਨੇ ਸੋਮਵਾਰ ਨੂੰ ਆਰਮਡ ਫੋਰਸਜ਼ ਟ੍ਰਿਬਿਊਨਲ (ਏਐਫਟੀ) ਦਾ ਦਰਵਾਜ਼ਾ ਖੜਕਾਇਆ ਸੀ ਤੇ ਪੁੱਛਿਆ ਸੀ ਕਿ ਸਭ ਤੋਂ ਸੀਨੀਅਰ ਹੋਣ ਦੇ ਬਾਵਜੂਦ ਅਗਲੇ ਜਲ ਸੈਨਾ ਪ੍ਰਮੁੱਖ ਵਜੋਂ ਉਨ੍ਹਾਂ ਦਾ ਨਾਂ ਕਿਉਂ ਨਹੀਂ ਵਿਚਾਰਿਆ ਗਿਆ। ਸੂਤਰਾਂ ਮੁਤਾਬਕ ਏਐਫਟੀ ਨੇ ਵਰਮਾ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਦੇ ਨਿਬੇੜੇ ਲਈ ਅੰਦਰੂਨੀ ਹੱਲ ਤਲਾਸ਼ਣਾ ਚਾਹੀਦਾ ਹੈ। ਇਸ ਤੋਂ ਬਾਅਦ ਉਨ੍ਹਾਂ ਆਪਣੀ ਅਰਜ਼ੀ ਵਾਪਸ ਲੈ ਲਈ। ਏਐਫਟੀ ਨੇ ਕਿਹਾ ਕਿ ਜੇ ਉਹ ਅੰਦਰੂਨੀ ਉਪਾਅ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਫਿਰ ਟ੍ਰਿਬਿਊਨਲ ਦਾ ਰੁਖ਼ ਕਰ ਸਕਦੇ ਹਨ। ਵਰਮਾ ਨੇ ਸੋਮਵਾਰ ਨੂੰ ਇੱਥੇ ਏਐਫਟੀ ਵਿਚ ਆਪਣੀ ਅਰਜ਼ੀ ਵਿਚ ਜਾਣਨਾ ਚਾਹਿਆ ਸੀ ਕਿ ਸਰਕਾਰ ਨੇ ਉਨ੍ਹਾਂ ਦੀ ਸੀਨੀਆਰਤਾ ਦੀ ਅਣਦੇਖੀ ਕਿਉਂ ਕੀਤੀ ਤੇ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਅਗਲਾ ਜਲ ਸੈਨਾ ਮੁਖੀ ਕਿਉਂ ਚੁਣਿਆ ਗਿਆ ਹੈ। ਸਰਕਾਰ ਨੇ ਲੰਘੇ ਮਹੀਨੇ ਸਿੰਘ ਨੂੰ ਅਗਲਾ ਜਲ ਸੈਨਾ ਮੁਖੀ ਥਾਪਿਆ ਸੀ ਤੇ ਉਹ 30 ਮਈ ਨੂੰ ਸੇਵਾਮੁਕਤ ਹੋ ਰਹੇ ਐਡਮਿਰਲ ਸੁਨੀਲ ਲਾਂਬਾ ਦੀ ਥਾਂ ਲੈਣਗੇ। ਸਰਕਾਰ ਨੇ ਉਨ੍ਹਾਂ ਦੀ ਚੋਣ ਮੈਰਿਟ ਦੇ ਆਧਾਰ ’ਤੇ ਕੀਤੀ ਸੀ ਤੇ ਸੀਨੀਆਰਤਾ ਨੂੰ ਆਧਾਰ ਨਹੀਂ ਬਣਾਇਆ ਗਿਆ ਸੀ। ਬਿਮਲ ਵਰਮਾ ਕਰਮਬੀਰ ਸਿੰਘ ਤੋਂ ਸੀਨੀਅਰ ਹਨ ਤੇ ਉਹ ਦਾਅਵੇਦਾਰਾਂ ਵਿਚੋਂ ਸਨ।

Previous articleਵੋਟਾਂ ਦੀ ਰੰਜਿਸ਼ ਕਾਰਨ ਕਾਂਗਰਸੀ ਤੇ ਅਕਾਲੀ ਭਿੜੇ, ਦੋ ਜ਼ਖ਼ਮੀ
Next articleਨੋਟਬੰਦੀ ਮਗਰੋਂ ਮੋਟੇ ਕਮਿਸ਼ਨ ’ਤੇ ਨੋਟ ਬਦਲੇ ਗਏ: ਕਾਂਗਰਸ