ਵਾਅਦੇ ਹੋਏ ਲੋਪ; ਲੌਲੀਪੌਪ ਦੇਣ ’ਚ ਸਰਕਾਰ ਟੌਪ

ਬਠਿੰਡਾ– ਸ਼ਹਿਰ ਦੇ ਜਨਤਕ ਮੁੱਦਿਆਂ ਨੂੰ ਨਿਵੇਕਲੇ ਅੰਦਾਜ਼ ‘ਚ ਉਠਾਉਣ ਵਾਲੇ ਪਰਸਰਾਮ ਨਗਰ ਖੇਤਰ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਅੱਜ ਇਥੇ ਲੋਕਾਂ ਲੌਲੀਪੌਪ ਵੰਡੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੀ ‘ਲੌਲੀਪੌਪ ਸਰਕਾਰ’ ਹੈ। ਸਾਬਕਾ ਕੌਂਸਲਰ ਤੇ ਉਸ ਦੇ ਸਾਥੀਆਂ ਨੇ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਆਪਣੇ ਤਿੰਨ ਸਾਲਾਂ ‘ਚ ਵਾਅਦੇ ਪੂਰੇ ਕਰਨ ਦੀ ਥਾਂ ਸਿਰਫ ਲੌਲੀਪੌਪ ਹੀ ਦਿੱਤੇ ਹਨ। ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਹਕੀਕਤ ਇਹ ਹੈ ਕਿ ਪੰਜਾਬ ‘ਚ 80 ਲੱਖ ਬੇਰੁਜ਼ਗਾਰ ਸੜਕਾਂ ‘ਤੇ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਨੂੰ ਵੀ ਕਾਂਗਰਸ ਸਰਕਾਰ ਨੇ ਠੱਪ ਕਰ ਦਿੱਤਾ ਤੇ ਕਰਜ਼ਾ ਖਤਮ ਕਰਨ ਤੇ ਸ਼ਗਨ ਸਕੀਮ 51 ਹਜ਼ਾਰ ਕਰਨ ਦਾ ਵੀ ਸਿਰਫ ਲੌਲੀਪੌਪ ਹੀ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਵਾਅਦਾ ਤਾਂ ਘਿਉ-ਦਾਲ ਦੇਣ ਦਾ ਵੀ ਕੀਤਾ ਸੀ ਪਰ ਪਹਿਲਾਂ ਤੋਂ ਚੱਲ ਰਹੇ ਕਾਰਡ ਵੀ ਬੰਦ ਕਰ ਦਿੱਤੇ। ਬਠਿੰਡਾ ਦਾ ਵਿਕਾਸ ਠੱਪ ਹੈ ਤੇ ਸਰਕਾਰ ਨੇ ਕਿਸੇ ਤਰ੍ਹਾਂ ਦੇ ਟੈਂਡਰ ਲਾਉਣ ‘ਤੇ ਹੀ ਤਿੰਨ ਮਹੀਨੇ ਲਈ ਰੋਕ ਲਗਾ ਰੱਖੀ ਹੈ। ਇਸ ਮੌਕੇ ਵਿਜੇ ਕੁਮਾਰ ਤੋਂ ਇਲਾਵਾ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲੋਕਾਂ ਨੂੰ ਲੌਲੀਪੌਪ ਵੰਡੇ।

Previous articleਦੇਸ਼ਧ੍ਰੋਹ ਦੇ ਦੋਸ਼ ਹੇਠ ਡੀਜੀਪੀ ਮੁਅੱਤਲ
Next articleਤਰਨ ਤਾਰਨ ਧਮਾਕਾ: ਦੋ ਬੱਚਿਆਂ ਦਾ ਅੰਤਿਮ ਸੰਸਕਾਰ