’ਵਰਸਿਟੀ ਤੇ ਕਾਲਜ ਪ੍ਰੀਖਿਆਵਾਂ ਰੱਦ ਕਰੇ ਕੇਂਦਰ: ਅਮਰਿੰਦਰ

ਚੰਡੀਗੜ੍ਹ (ਸਮਾਜਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦਿਆਰਥੀ ਹਿੱਤਾਂ ਅਤੇ ਸੁਰੱਖਿਆ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਕਾਰਨ ਪੰਜਾਬ ’ਚ ਪ੍ਰੀਖਿਆਵਾਂ ਲੈਣ ਲਈ ਸਥਿਤੀ ਅਨੁਕੂਲ ਨਹੀਂ ਹੈ।

ਉਹ ਯੂਨੀਵਰਸਿਟੀਆਂ/ਕਾਲਜਾਂ ਵੱਲੋਂ ਸਤੰਬਰ ਤੱਕ ਲਾਜ਼ਮੀ ਤੌਰ ‘ਤੇ ਅੰਤਿਮ ਪ੍ਰੀਖਿਆਵਾਂ ਲਏ ਜਾਣ ਸਬੰਧੀ 6 ਜੁਲਾਈ ਦੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਨੂੰ ਰੱਦ ਕਰਨ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦੇ ਦਿਸ਼ਾ-ਨਿਰਦੇਸ਼ਾਂ ਨੂੰ ਵਾਪਸ ਲਏ ਜਾਣ ਦੀ ਮੰਗ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੋਵਿਡ ਮਾਮਲੇ ਰੋਜ਼ਾਨਾ ਵਧ ਰਹੇ ਹਨ ਅਤੇ ਸਤੰਬਰ ਵਿੱਚ ਇਸ ਦਾ ਸਿਖਰ ਹੋਣ ਦੇ ਕਿਆਸ ਹਨ। ਅਜਿਹੇ ਹਾਲਾਤ ਵਿੱਚ ਉਹ ਵਿਦਿਆਰਥੀਆਂ ਦੇ ਜੀਵਨ ਨੂੰ ਜੋਖ਼ਮ ਵਿੱਚ ਪਾਉਣ ਲਈ ਤਿਆਰ ਨਹੀਂ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨਾਜ਼ੁਕ ਹਾਲਾਤ ਵਿਚ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਇਕੱਠੇ ਕਰਨ ਦਾ ਜੋਖਮ ਕਿਵੇਂ ਉਠਾ ਸਕਦੇ ਹਾਂ?” ਉਨ੍ਹਾਂ ਅੱਗੇ ਕਿਹਾ ਕਿ ਯੂ.ਜੀ.ਸੀ. ਵੱਲੋਂ ਸੁਝਾਏ ਵਿਕਲਪ ਅਨੁਸਾਰ ਇਮਤਿਹਾਨ ਆਨਲਾਈਨ ਨਹੀਂ ਕਰਵਾਏ ਜਾ ਸਕਦੇ ਕਿਉਂਕਿ ਪੰਜਾਬ ’ਚ ਵਿਸ਼ੇਸ਼ ਕਰਕੇ ਦਿਹਾਤੀ ਖੇਤਰਾਂ ਅੇ ਪੱਛੜੇ ਵਰਗਾਂ ਵਿਚ ਜ਼ਿਆਦਾਤਰ ਵਿਦਿਆਰਥੀਆਂ ਕੋਲ ਕਿਫ਼ਾਇਤੀ ਅਤੇ ਨਿਰਵਿਘਨ ਇੰਟਰਨੈੱਟ ਕੁਨੈਕਟਿਵਿਟੀ ਦੀ ਪਹੁੰਚ ਨਹੀਂ ਹੈ।

ਉਨ੍ਹਾਂ ਨੇ ਇਸ ਮਾਮਲੇ ’ਤੇ ਵਿਚਾਰ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਮੀਟਿੰਗ ਵਿਚ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਸਥਿਤੀ ਵਿਚ ਇਮਤਿਹਾਨ ਕਰਵਾਉਣੇ ਸੰਭਵ ਨਹੀਂ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾਈ। ਮੁੱਖ ਮੰਤਰੀ ਨੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਵੀ ਇਸ ਮੁੱਦੇ ‘ਤੇ ਕੇਂਦਰ ਸਰਕਾਰ ਵਿਚ ਆਪਣੇ ਹਮਰੁਤਬਾ ਨੂੰ ਪੱਤਰ ਲਿਖਣ ਲਈ ਕਿਹਾ।

Previous articleਕਰੋਨਾ ਨੇ ਸੂਬੇ ਵਿੱਚ ਪੈਰ ਪਸਾਰੇ
Next articleਫਾਰਮਾਸਿਸਟਾਂ ਵੱਲੋਂ ਸਮੂਹਿਕ ਆਤਮ-ਦਾਹ ਦੀ ਚਿਤਾਵਨੀ