ਵਕੀਲਾਂ ਨੇ ਕਚਹਿਰੀ ਕੰਪਲੈਕਸ ਜਾਣ ਵਾਲੇ ਰਾਹ ਠੱਪ ਕੀਤੇ

ਲੁਧਿਆਣਾ– ਐੱਸਟੀਐੱਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ’ਤੇ ਕੇਸ ਦਰਜ ਕਰਨ ਨੂੰ ਲੈ ਕੇ ਪਿਛਲੇ 7 ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਵਕੀਲ ਵੀਰਵਾਰ ਉਸ ਸਮੇਂ ਮੁੜ ਭੜਕ ਗਏ ਜਦੋਂ ਪੰਜਾਬ ਪੁਲੀਸ ਦੇ ਇੰਸਪੈਕਟਰ ਹਰਬੰਸ ਸਿੰਘ ਦੇ ਨਾਲ-ਨਾਲ ਵਕੀਲ ਵਰੁਣ ਗੁਪਤਾ ’ਤੇ ਵੀ ਕਰਾਸ ਕੇਸ ਦਰਜ ਕਰ ਦਿੱਤਾ ਗਿਆ। ਖੰਨਾ ਦੇ ਥਾਣਾ ਸਦਰ ’ਚ ਵਕੀਲ ਵਰੁਣ ਗੁਪਤਾ ਦੀ ਸ਼ਿਕਾਇਤ ’ਤੇ ਇੰਸਪੈਕਟਰ ਹਰਬੰਸ ਸਿੰਘ, ਸਿਪਾਹੀ ਨਵਕਮਲਜੋਤ ਸਿੰਘ, ਗੁਰਵਿੰਦਰ ਸਿੰਘ ਤੇ ਪੀਐੱਚਜੀ ਜਸਵੰਤ ਸਿੰਘ ਖ਼ਿਲਾਫ਼ ਕੁੱਟਮਾਰ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਜਦਕਿ ਸਿਪਾਹੀ ਨਵਕਮਲਜੋਤ ਸਿੰਘ ਦੀ ਸ਼ਿਕਾਇਤ ’ਤੇ ਵਕੀਲ ਵਰੁਣ ਗੁਪਤਾ ਖ਼ਿਲਾਫ਼ ਵਰਦੀ ’ਤੇ ਹੱਥ ਪਾਉਣ ਅਤੇ ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ ਦੇ ਦੋਸ ਹੇਠ ਕੇਸ ਦਰਜ ਕੀਤਾ ਗਿਆ। ਹਾਈਕੋਰਟ ਨੇ ਵਕੀਲ ਵਰੁਣ ਗੁਪਤਾ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਹੈ ਪਰ ਫਿਰ ਵੀ ਵਕੀਲਾਂ ਨੇ ਹੰਗਾਮਾ ਕੀਤਾ ਤੇ ਕਚਹਿਰੀ ਕੰਪਲੈਕਸ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ।ਹਾਈਕੋਰਟ ਦੇ ਦਬਾਅ ’ਚ ਪੁਲੀਸ ਨੇ ਆਪਣੇ ਇੰਸਪੈਕਟਰ ’ਤੇ ਕੇਸ ਦਰਜ ਕਰ ਦਿੱਤਾ ਪਰ ਨਾਲ ਹੀ ਵਕੀਲ ਵਰੁਣ ’ਤੇ ਵੀ ਕੇਸ ਦਰਜ ਕਰ ਦਿੱਤਾ। ਇੰਸਪੈਕਟਰ ਹਰਬੰਸ ਸਿੰਘ ’ਤੇ ਕੇਸ ਦਰਜ ਹੋਣ ਦੀ ਸੂਚਨਾ ਮਿਲਦੇ ਹੀ ਵਕੀਲਾਂ ਨੇ ਇੱਕ ਵਾਰ ਧਰਨਾ ਖਤਮ ਕਰ ਦਿੱਤਾ, ਪਰ ਜਦੋਂ ਵਕੀਲਾਂ ਨੂੰ ਪਤਾ ਲੱਗਿਆ ਕਿ ਇਸ ਮਾਮਲੇ ’ਚ ਪੁਲੀਸ ਨੇ ਕਰਾਸ ਪਰਚਾ ਵਰੁਣ ਗੁਪਤਾ ’ਤੇ ਵੀ ਦਰਜ ਕੀਤਾ ਹੈ ਤਾਂ ਵਕੀਲ ਫਿਰ ਤੋਂ ਭੜਕ ਗਏ। ਉਨ੍ਹਾਂ ਪੁਲੀਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਕਚਹਿਰੀ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਤਾਲੇ ਲਗਾ ਦਿੱਤੇ। ਬਾਅਦ ’ਚ ਵਕੀਲਾਂ ਨੇ ਲੋਕਾਂ ਨੂੰ ਦੇਖਦੇ ਹੋਏ ਤਾਲੇ ਖੋਲ੍ਹੇ ਤੇ ਅੰਦਰ ਆਉਣ ਜਾਣ ਦਿੱਤਾ।

Previous articleਮਨਪ੍ਰੀਤ ਨੂੰ ਮੰਤਰੀ-ਮੰਡਲ ’ਚੋਂ ਬਾਹਰ ਕੱਢਿਆ ਜਾਵੇ: ਟੀਨੂੰ
Next articleLewinsky affair was to manage anxieties: Bill Clinton