ਲੱਭਣ ਤੁਰੇ ਪ੍ਰਭਾਤ

(ਸਮਾਜ ਵੀਕਲੀ)

ਤਿੱਖੀਆਂ ਤੇਜ ਹਵਾਵਾਂ ਵਾਂਗੂ,
ਸ਼ੂਕ ਰਹੇ ਦਰਿਆਵਾਂ  ਵਾਂਗੂ,
ਬੰਨ ਕਾਫ਼ਲੇ ਵੇਖ ਤੁਰ ਪਏ,
ਰਿੱਝ ਰਹੇ ਜਜ਼ਬਾਤ ,
ਹਾਕਮਾਂ ਲੱਭਣ ਤੁਰੇ,ਲੱਭਣ ਤੁਰੇ ਪ੍ਰਭਾਤ
ਹਾਕਮਾਂ ਲੱਭਣ ਤੁਰੇ…
ਪਿਓ ਵੀ ਤੁਰ ਪਿਆ,
ਪੁੱਤ ਵੀ ਤੁਰ ਪਿਆ,
ਮਾਂ ਤੁਰਪੀ ਤੇ ਤੁਰਪੀਆਂ ਧੀਆਂ।
ਗੂੰਜ ਨਾਹਰਿਆਂ ਦੀ ਸੁਣ ਸੁਣ ਕੇ,
ਹਿੱਲ ਗਈਆਂ ਵੱਡੀਆਂ ਕੁਰਸੀਆਂ।
ਇੱਕ ਦੂਜੇ ਨਾਲ਼ ਰਲ਼ਕੇ ਤੁਰ ਪਏ,
ਸੁੰਨੀ ਪਈ ਸਬਾਤ….
ਹਾਕਮਾਂ ਲੱਭਣ ਤੁਰੇ…
 ਮਾਂ ਦੀ ਪੱਤ  ਬਚਾਵਣ ਦੇ ਲਈ,
 ਪੁੱਤਰਾਂ ਨੇ ਭੰਨੀ ਅੰਗੜਾਈ।
ਮਨ ਵਿੱਚ ਲੈ ਕੇ ਜਗਦੀਆਂ ਆਸਾਂ,
 ਵੈਰੀ ਵੱਲ ਨੂੰ ਕਰੀ ਚੜ੍ਹਾਈ।
ਇੱਕ ਹੱਥ ਝੰਡਾ,ਦੂਜੇ ਦੇ ਵਿੱਚ,ਚੁੱਕ ਲਈ ਕਲਮ ਦਵਾਤ
ਹਾਕਮਾਂ..
 ਕੁੱਲ ਜਗਤ ਵਿੱਚ ਹਲਚਲ ਹੋਗੀ,
   ਤੁਰ ਪਏ ਜਿਗਰ ਪਹਾੜਾਂ ਵਰਗੇ।
   ‘ਕੱਠੇ ਹੋ ਗਏ ਹਰਫ਼ ਲੂਸਵੇਂ,
    ਗੀਤ ਬਣ ਗਏ  ਸਿਆੜਾਂ ਵਰਗੇ।
ਨਾ ਸੱਤਾ ਦਾ ਡਰ ਹੀ ਡਰਾਵੇ,ਨਾ ਕੋਈ ਹਵਾਲਾਤ::ਹਾਕਮਾਂ ਲੱਭਣ ਤੁਰੇ….
 ਵੇਖ ਤੋੜ ਕੇ, ਤੋੜ ਨਾ ਹੋਣੇ,
 ਖੇਤਾਂ ਦੇ ਪੁੱਤ  ਕਿੱਲਿਆਂ  ਨਾਲ਼ੋਂ।
ਜਾਣ ਗਏ ਸਭ,ਤੂੰ ਵੀ  ਘੱਟ ਨਈਂ,
ਰੋਲਟ ਐਕਟ  ਦੇ  ਬਿੱਲਿਆਂ ਨਾਲ਼ੋਂ।
ਲੈ ਜੂ ਨਾਲ਼ ਹੜ੍ਹਾ ਕੇ,ਜਿਸ ਦਿਨ,ਹੜ੍ਹ ਬਣਜੂ ਬਰਸਾਤ..
ਹਾਕਮਾਂ ਲੱਭਣ ਤੁਰੇ..
ਲੱਭਣ ਤੁਰੇ ਪ੍ਰਭਾਤ
ਹਾਕਮਾਂ ..
 ਉਤਪਾਦਨ ਦੀ ਸ਼ਕਤੀ ਤਾਂ,
ਮਜਦੂਰ ਅਤੇ ਕਿਰਸਾਨ ਹੁੰਦੇ ਨੇ।
ਦੇਸ਼ ਇਹਨਾਂ ਦੇ ਸਿਰ ‘ਤੇ ਚੱਲੇ,
 ਏਹੀ ਦੇਸ਼  ਦੀ ਜਾਨ  ਹੁੰਦੇ ਨੇ।
ਲੜਦੇ ਲੜਦੇ ਜਾਣ ਗਏ ਨੇ,ਏਕੇ ਦੀ ਕਰਾਮਾਤ…
ਹਾਕਮਾਂ ਲੱਭਣ ਤੁਰੇ::
ਮਘਦੇ ਮੱਥਿਆਂ ‘ਚੋਂ  ਨਿੱਕਲ਼ਦੇ,
 ਜਿਸ ਏਕੇ ਕੋਲ਼ ਰਾਹ ਵੀ ਹੋਵੇ।
 ਉਸ ਏਕੇ ਤੋਂ ਹਰ ਕੋਈ ਡਰਦੈ,
ਬੇਸ਼ੱਕ  ਤਾਨਾਸ਼ਾਹ  ਵੀ  ਹੋਵੇ।
ਬਹੁਤ ਸੁਣਾ ਲੀਆਂ ਬਾਤਾਂ,ਸੁਣਨੀ ਪਊ
ਇਹਨਾਂ ਦੀ ਬਾਤ..
ਹਾਕਮਾਂ ਲੱਭਣ ਤੁਰੇ,ਲੱਭਣ ਤੁਰੇ ਪ੍ਰਭਾਤ..
ਹਾਕਮਾਂ ਲੱਭਣ ਤੁਰੇ।
ਹਰਬੰਸ ਮਾਲਵਾ
94172-66355
Previous articleਖੁਸ਼ੀ ਦਾ ਮਾਰਗ
Next articleसाम्प्रदायिक हिंसा के जिम्मेदार लोगों को राज्य का संरक्षण