ਲੱਦਾਖ ਦੇ ਸ਼ਹੀਦਾਂ ’ਚ ਪੰਜਾਬ ਦੇ ਚਾਰ ਜਵਾਨ ਸ਼ਾਮਲ

ਚੰਡੀਗੜ੍ਹ (ਸਮਾਜਵੀਕਲੀ): ਭਾਰਤ-ਚੀਨ ਦੀ ਲੱਦਾਖ ਸਰਹੱਦ ’ਤੇ ਗਲਵਾਨ ਘਾਟੀ ਵਿੱਚ ਸੋਮਵਾਰ ਦੀ ਰਾਤ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਵਿੱਚ ਚੀਮਾ ਮੰਡੀ ਨੇੜਲੇ ਪਿੰਡ ਤੋਲਾਵਾਲ ਦਾ ਗੁਰਵਿੰਦਰ ਸਿੰਘ, ਪਟਿਆਲਾ ਨੇੜਲੇ ਪਿੰਡ ਸੀਲ ਦਾ ਮਨਦੀਪ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਜਰਾਜ ਦਾ ਸਤਨਾਮ ਸਿੰਘ ਅਤੇ ਜ਼ਿਲਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ ਸ਼ਾਮਲ ਹਨ। ਜਵਾਨਾਂ ਦੇ ਸ਼ਹੀਦ ਹੋਣ ਸਬੰਧੀ ਸੂਚਨਾ ਅੱਜ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਵਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ, ਜਿਸ ਮਗਰੋਂ ਪਿੰਡਾਂ ਵਿੱਚ ਮਾਤਮ ਛਾ ਗਿਆ। ਸ਼ਹੀਦਾਂ ਦੀਆਂ ਦੇਹਾਂ ਅਜੇ ਤੱਕ ਜੱਦੀ ਪਿੰਡਾਂ ਵਿੱਚ ਨਹੀਂ ਪਹੁੰਚਾਈਆਂ ਗਈਆਂ ਹਨ।

ਚੀਮਾ ਮੰਡੀ:  ਨੇੜਲੇ ਪਿੰਡ ਤੋਲਾਵਾਲ ਦੇ ਜਵਾਨ ਗੁਰਵਿੰਦਰ ਸਿੰਘ ਦੇ ਚੀਨ ਦੇ ਸੈਨਿਕਾਂ ਨਾਲ ਹੋਈ ਝੜਪ ਦੌਰਾਨ ਸ਼ਹੀਦ ਹੋਣ ਦੀ ਸੂਚਨਾ ਅੱਜ ਸਵੇਰ ਉਸ ਦੇ ਪਰਿਵਾਰ ਨੂੰ ਫੌਜੀ ਅਧਿਕਾਰੀਆਂ ਵਲੋਂ ਦਿੱਤੀ ਗਈ। ਇਸ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪਿੰਡ ਦੇ ਕਿਸਾਨ ਲਾਭ ਸਿੰਘ ਦਾ 22 ਵਰ੍ਹਿਆਂ ਦਾ ਇਹ ਨੌਜਵਾਨ ਪੁੱਤਰ ਦੋ ਸਾਲ ਪਹਿਲਾਂ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਉਹ ਆਪਣੇ ਭਰਾ ਤੇ ਭੈਣ ਨਾਲੋਂ ਛੋਟਾ ਸੀ। ਇਸ ਨੌਜਵਾਨ ਦੀ ਮੰਗਣੀ ਹੋ ਚੁੱਕੀ ਸੀ ਤੇ ਇਸ ਸਾਲ ਵਿਆਹ ਹੋਣਾ ਸੀ।

 

ਘਨੌਰ : ਹਲਕਾ ਘਨੌਰ ਦੇ ਪਿੰਡ ਸੀਲ ਦਾ ਜੰਮਪਲ ਨਾਇਬ ਸੂਬੇਦਾਰ ਮਨਦੀਪ ਸਿੰਘ ਚੀਨੀ ਸੈਨਿਕਾਂ ਨਾਲ ਹੋਈ ਝੜਪ ਦੌਰਾਨ ਸ਼ਹੀਦ ਹੋ ਗਿਆ। ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ 1998 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਪਿਤਾ ਲਛਮਣ ਸਿੰਘ ਦੀ ਕੁਝ ਵਰ੍ਹੇ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਆਪਣੇ ਪਿੱਛੇ ਬਿਰਧ ਮਾਤਾ ਸ਼ਕੁੁੰਤਲਾ, ਪਤਨੀ ਗੁਰਦੀਪ ਕੌਰ ਅਤੇ ਦੋ ਬੱਚੇ ਲੜਕੀ ਮਹਿਕਪ੍ਰੀਤ ਕੌਰ (12) ਅਤੇ ਲੜਕਾ ਜੋਬਨਪ੍ਰੀਤ ਸਿੰਘ (10) ਛੱਡ ਗਿਆ ਹੈ। ਪਿੰਡ ਸੀਲ ਵਿਚ ਮੌਜੂਦ ਐੱਸ.ਡੀ.ਐੱਮ. ਰਾਜਪੁਰਾ ਖੁਸ਼ਦਿਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦਾ ਸਸਕਾਰ ਫੌਜੀ ਸਨਮਾਨ ਨਾਲ ਪਿੰਡ ਸੀਲ ਵਿਖੇ ਹੋਵੇਗਾ ਪ੍ਰੰਤੂ ਅਜੇ ਤੱਕ ਫੌਜ ਅਧਿਕਾਰੀਆਂ ਵੱਲੋਂ ਸਸਕਾਰ ਸਬੰਧੀ ਕੋਈ ਸੂਚਨਾ ਨਹੀਂ ਮਿਲੀ।

 

ਗੁਰਦਾਸਪੁਰ : ਚੀਨੀ ਸਿਪਾਹੀਆਂ ਨਾਲ ਹੱਥੋਪਾਈ ਦੌਰਾਨ ਸ਼ਹੀਦ ਹੋਣ ਵਾਲਿਆਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਭੋਜਰਾਜ ਨਾਲ ਸਬੰਧਤ ਨਾਇਕ ਸੂਬੇਦਾਰ ਸਤਨਾਮ ਸਿੰਘ (42) ਵੀ ਸ਼ਾਮਲ ਹੈ। ਭਾਰਤੀ ਫੌਜ ਦੀ 3 ਫੀਲਡ ਰੈਜੀਮੈਂਟ ਤੋਪਖਾਨਾ (ਏਆਰਟੀਵਾਈ) ਦਾ ਨਾਇਬ ਸੂਬੇਦਾਰ ਸਤਨਾਮ ਸਿੰਘ ਆਪਣੇ ਪਿੱਛੇ ਪਿਤਾ ਜਗੀਰ ਸਿੰਘ, ਮਾਤਾ ਜਸਬੀਰ ਕੌਰ, ਪਤਨੀ ਜਸਵਿੰਦਰ ਕੌਰ, 19 ਸਾਲਾ ਧੀ ਸੰਦੀਪ ਕੌਰ, 17 ਸਾਲਾ ਪੁੱਤਰ ਪ੍ਰਭਜੋਤ ਸਿੰਘ ਛੱਡ ਗਿਆ ਹੈ।

ਪਰਿਵਾਰ ਨੇ ਦੱਸਿਆ ਕਿ ਸਤਨਾਮ ਸਿੰਘ 16 ਮਾਰਚ ਨੂੰ ਆਪਣੇ ਘਰ ਛੁੱਟੀ ਆਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਆਪਣੀ ਯੂਨਿਟ ਵਿੱਚ ਗਿਆ ਸੀ। ਉੱਥੇ 14 ਦਿਨ ਏਕਾਂਤਵਾਸ ਹੋਣ ਮਗਰੋਂ ਪਿਛਲੇ ਕੁਝ ਦਿਨਾਂ ਤੋਂ ਚੀਨ ਸਰਹੱਦ ’ਤੇ ਡਿਊਟੀ ਕਰ ਰਿਹਾ ਸੀ। ਉਨ੍ਹਾਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਤਨਾਮ ਸਿੰਘ ਦੇ ਸ਼ਹੀਦ ਹੋਣ ਬਾਰੇ ਸੂਚਨਾ ਮਿਲੀ ਹੈ। ਐੱਸਡੀਐੱਮ ਕਲਾਨੌਰ ਗੁਰਸਿਮਰਨ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਕਲਾਨੌਰ ਰੌਬਿਨਜੀਤ ਕੌਰ, ਬੀਡੀਪੀਓ ਧਾਰੀਵਾਲ ਸਤੀਸ਼ ਕੁਮਾਰ ਸ਼ਰਮਾ, ਥਾਣਾ ਘੁੰਮਣ ਕਲਾ ਦੇ ਮੁਖੀ ਬਲਕਾਰ ਸਿੰਘ, ਪਿੰਡ ਦੇ ਸਰਪੰਚ ਜਗਜੀਤ ਸਿੰਘ ਆਦਿ ਸਣੇ ਇਲਾਕੇ ਦੇ ਹੋਰ ਆਗੂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ।

ਮਾਨਸਾ : ਭਾਰਤ ਤੇ ਚੀਨ ਫੌਜੀਆਂ ਵਿਚਾਲੇ ਹਿੰਸਕ ਝੜਪ ’ਚ ਸ਼ਹੀਦ ਹੋਏ ਭਾਰਤੀ ਜਵਾਨਾਂ ’ਚ ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ (23) ਪੁੱਤਰ ਵਿਰਸਾ ਸਿੰਘ ਵੀ ਸ਼ਾਮਲ ਹੈ। ਕਿਸਾਨ ਵਿਰਸਾ ਸਿੰਘ ਦੇ ਤਿੰਨ ਪੁੱਤਰਾ ’ਚੋਂ ਸਭ ਤੋਂ ਛੋਟਾ ਗੁਰਤੇਜ ਸਿੰਘ ਪੌਣੇ ਦੋ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ। ਊਸ ਦੇ ਸ਼ਹੀਦ ਹੋਣ ਦੀ ਖ਼ਬਰ ਆਉਣ ਤੋਂ ਪਹਿਲਾਂ ਵੱਡੇ ਭਰਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ 15 ਜੂਨ ਨੂੰ ਹੋਏ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ।

ਪਰਿਵਾਰ ਨੇ ਦੱਸਿਆ ਕਿ 20 ਦਿਨ ਪਹਿਲਾਂ ਊਸ ਨੇ ਫੋਨ ’ਤੇ ਗੱਲ ਕਰਕੇ ਦੱਸਿਆ ਸੀ ਕਿ ਊਸ ਨੂੰ ਜਲਦੀ ਹੀ ਸਰਹੱਦ ’ਤੇ ਲਿਜਾਇਆ ਜਾ ਰਿਹਾ ਹੈ ਅਤੇ ਊਹ ਜਲਦੀ ਹੀ ਵਾਪਸ ਆਵੇਗਾ। ਉਸ ਨੇ ਆਪਣੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਛੁੱਟੀ ਵਾਸਤੇ ਵੀ ਅਪਲਾਈ ਕੀਤਾ ਸੀ ਪਰ ਸਰਹੱਦ ’ਤੇ ਚੱਲਦੇ ਤਣਾਅ ਕਾਰਨ ਉਸ ਦੀ ਛੁੱਟੀ ਨਾ-ਮਨਜ਼ੂਰ ਹੋ ਗਈ ਸੀ। ਸ਼ਹੀਦ ਦੀ ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਊਸ ਦੇ ਪੁੱਤਰ ਦੀ ਬਚਪਨ ਤੋਂ ਹੀ ਦੇਸ਼ ਦੀ ਸੇਵਾ ਕਰਨ ਦੀ ਇੱਛਾ ਸੀ।

Previous articleGlobal COVID-19 cases top 8.1 million: Johns Hopkins University
Next articleਭਾਰਤ ਸ਼ਾਂਤੀ ਦਾ ਹਾਮੀ, ਪਰ ਢੁੱਕਵਾਂ ਜਵਾਬ ਦੇਣ ਦੇ ਸਮਰੱਥ: ਮੋਦੀ