ਲੰਡਨ ਦਹਿਸ਼ਤੀ ਹਮਲਾ: ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਅਹਿਦ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਲੰਘੇ ਦਿਨੀਂ ਬਰਤਾਨੀਆ ਦੀ ਰਾਜਧਾਨੀ ਵਿੱਚ ਹੋਏ ਹਮਲੇ ’ਚ ਦੋ ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਅਹਿਦ ਲਿਆ ਹੈ। ਜ਼ਿਕਰਯੋਗ ਹੈ ਕਿ ਉਸਮਾਨ ਖਾਨ (28) ਨਾਂ ਦੇ ਵਿਅਕਤੀ ਨੇ ਸ਼ੁੱਕਰਵਾਰ ਨੂੰ ਲੰਡਨ ਬ੍ਰਿਜ ’ਤੇ ਦੁਪਹਿਰ 2 ਵਜੇ ਦੇ ਕਰੀਬ ਕਈ ਲੋਕਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਬਾਅਦ ’ਚ ਪੁਲੀਸ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਮੀਡੀਆ ਦੀ ਰਿਪੋਰਟ ਅਨੁਸਾਰ ਉਹ ਲੰਡਨ ਸਟਾਕ ਐਕਸਚੇਂਜ ਵਿੱਚ ਬੰਬ ਲਗਾਉਣ ਦੀ ਯੋਜਨਾ ਬਣਾਉਣ ਦੇ ਦੋਸ਼ ਹੇਠ ਮਿਲੀ 16 ਸਾਲਾਂ ਦੀ ਕੈਦ ਦੀ ਸਜ਼ਾ ’ਚੋਂ ਅੱਧੀ ਸਜ਼ਾ ਕੱਟ ਕੇ ਦਸੰਬਰ 2018 ਵਿੱਚ ਹੀ ਜੇਲ੍ਹ ’ਚੋਂ ਛੁਟ ਕੇ ਬਾਹਰ ਆਇਆ ਸੀ। ਬੀਤੇ ਦਿਨ ਲੰਡਨ ਬ੍ਰਿਜ ਦੇ ਦੌਰੇ ਦੌਰਾਨ ਕੰਜ਼ਰਵੇਟਿਵ ਆਗੂ ਜੌਹਨਸਨ ਨੇ ਕਿਹਾ ਕਿ ਅੱਤਿਵਾਦ ਵਰਗੇ ਅਪਰਾਧਾਂ ਵਿੱਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਅਪਰਾਧੀਆਂ ਨੂੰ ਜਲਦੀ ਰਿਹਾਅ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੇ ਮੈਨੀਫੈਸਟੋ ਮੁਤਾਬਕ ਉਨ੍ਹਾਂ ਦੀ ਸਰਕਾਰ ਗੰਭੀਰ ਤੇ ਹਿੰਸਕ ਅਪਰਾਧਾਂ ਲਈ ਸਖ਼ਤ ਸਜ਼ਾਵਾਂ ਦੇਣ ਲਈ ਵਚਨਬੱਧ ਹੈ।ਸਰਕਾਰ ਦੀ ਕੋਬਰਾ ਕਮੇਟੀ ਨਾਲ ਐਮਰਜੈਂਸੀ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੰਭੀਰ ਤੇ ਹਿੰਸਕ ਅਪਰਾਧੀਆਂ ਨੂੰ ਜੇਲ੍ਹ ਵਿੱਚੋਂ ਜਲਦੀ ਰਿਹਾਅ ਕਰਨਾ ਵੱਡੀ ਗਲਤੀ ਹੈ ਤੇ ਇਸ ਆਦਤ ’ਚੋਂ ਉੱਭਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਘਟਨਾ ਦੌਰਾਨ ਪੁਲੀਸ ਵੱਲੋਂ ਤੁਰੰਤ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕੀਤੀ ਜਿਸ ਨੇ ਖ਼ਬਰ ਮਿਲਣ ਤੋਂ ਤੁਰੰਤ ਬਾਅਦ ਪੰਜ ਮਿੰਟਾਂ ਵਿੱਚ ਹੀ ਹਮਲਾਵਰ ਨੂੰ ਗੋਲੀ ਮਾਰ ਦਿੱਤੀ। ਇਸੇ ਦੌਰਾਨ ਬਰਤਾਨੀਆ ’ਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਨੇ ਇਕ ਭਾਸ਼ਣ ਦੌਰਾਨ ਕਿਹਾ ਕਿ ਬਰਤਾਨੀਆ ਦੀ ਫ਼ੌਜੀ ਦਖ਼ਲਅੰਦਾਜ਼ੀ ਕਾਰਨ ਅੱਤਿਵਾਦੀ ਦੀ ਸਮੱਸਿਆ ਹੱਲ ਹੋਣ ਦੀ ਥਾਂ ਹੋਰ ਵਧ ਗਈ ਹੈ। ਲੇਬਰ ਪਾਰਟੀ ਦੇ ਆਗੂ ਨੇ ਕਿਹਾ ਕਿ ਅੱਤਿਵਾਦ ਖ਼ਿਲਾਫ਼ ਕਥਿਤ ਲੜਾਈ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਰਾਕ ’ਚ ਦਖ਼ਲਅੰਦਾਜ਼ੀ ਦਾ ਨਤੀਜਾ ਸਾਰੀ ਦੁਨੀਆਂ ਭੁਗਤ ਰਹੀ ਹੈ, ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਬਰਤਾਨੀਆ ’ਚ ਸੰਕਟ ਅਮਰੀਕੀ ਵਿਦੇਸ਼ ਨੀਤੀਆਂ ਦਾ ਸਿੱਟਾ ਹੈ ਜੋ ਬੋਰਿਸ ਜੌਹਨਸਨ ਦੀ ਅਗਵਾਈ ਹੇਠ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਇਹ ਬਿਆਨ ਇਸ ਹਫ਼ਤੇ ਹੋਣ ਵਾਲੇ ਨਾਟੋ ਸੰਮੇਲਨ ਤੋਂ ਪਹਿਲਾਂ ਆਇਆ। ਇਸ ਸੰਮੇਲਨ ’ਚ ਅਮਰੀਕੀ ਰਾਸ਼ਟਰਪਤੀ ਵੀ ਸ਼ਾਮਲ ਹੋਣਗੇ।

Previous articleਸੀਤਾਰਾਮਨ ਨੂੰ ਅਰਥਚਾਰੇ ਦਾ ਕੋਈ ਗਿਆਨ ਨਹੀਂ: ਸਵਾਮੀ
Next articleClimate change reaching ‘point of no return’: UN chief