ਲੰਕਾ ਢਾਹੁਣ ਲਈ ਉਤਰੇਗਾ ਭਾਰਤ

ਆਈਸੀਸੀ ਟੀ-20 ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਪੱਕੀ ਹੋਣ ਮਗਰੋਂ ਭਾਰਤੀ ਕ੍ਰਿਕਟ ਟੀਮ ਸ਼ਨਿਚਰਵਾਰ ਨੂੰ ਇੱਥੇ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਗਰੁੱਪ ‘ਏ’ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਬੱਲੇਬਾਜ਼ੀ ਦੇ ਨੁਕਸਾਂ ਨੂੰ ਦੂਰ ਕਰਨ ਵੱਲ ਧਿਆਨ ਕੇਂਦਰਿਤ ਕਰੇਗੀ। ਭਾਰਤ ਟੀਮ ਸ਼ਾਨਦਾਰ ਲੈਅ ਵਿੱਚ ਹੈ। ਉਸ ਨੇ ਮੌਜੂਦਾ ਚੈਂਪੀਅਨ ਆਸਟਰੇਲੀਆ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨੂੰ ਲੀਗ ਮੈਚਾਂ ਵਿੱਚ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ ਹੈ।
ਦੂਜੇ ਪਾਸੇ ਸ੍ਰੀਲੰਕਾ ਦੋ ਹਾਰਾਂ ਨਾਲ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਚੁੱਕਿਆ ਹੈ। ਭਾਰਤ ਨੇ ਆਸਟਰੇਲੀਆ ਨੂੰ 17 ਦੌੜਾਂ ਨਾਲ ਅਤੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ, ਜਦਕਿ ਨਿਊਜ਼ੀਲੈਂਡ ਖ਼ਿਲਾਫ਼ ਉਸ ਨੇ ਤਿੰਨ ਦੌੜਾਂ ਨਾਲ ਕਰੀਬੀ ਜਿੱਤ ਦਰਜ ਕੀਤੀ ਸੀ। ਅਜਿਹੇ ਵਿੱਚ ਗਰੁੱਪ ਦੇ ਆਖ਼ਰੀ ਮੈਚ ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਪੂਰੇ ਹੌਸਲੇ ਨਾਲ ਉਤਰੇਗੀ। ਹਾਲਾਂਕਿ ਭਾਰਤੀ ਬੱਲੇਬਾਜ਼ੀ ਚਿੰਤਾ ਦਾ ਵਿਸ਼ਾ ਹੈ, ਜਿਸ ’ਤੇ ਉਸ ਨੂੰ ਧਿਆਨ ਕੇਂਦਰਿਤ ਕਰਨਾ ਹੋਵੇਗਾ। ਪਹਿਲੇ ਤਿੰਨ ਮੈਚਾਂ ਵਿੱਚ ਭਾਰਤ ਵੱਡਾ ਸਕੋਰ ਬਣਾਉਣ ਵਿੱਚ ਅਸਫਲ ਰਿਹਾ ਸੀ। ਭਾਰਤੀ ਟੀਮ ਆਸਟਰੇਲੀਆ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਖ਼ਿਲਾਫ਼ ਕ੍ਰਮਵਾਰ 132, 142 ਅਤੇ 133 ਦੌੜਾਂ ਹੀ ਬਣਾ ਸਕੀ। ਭਾਰਤੀ ਬੱਲੇਬਾਜ਼ੀ ਮੱਧ ਕ੍ਰਮ ਤਿੰਨਾਂ ਮੈਚਾਂ ਵਿੱਚ ਚੰਗੀ ਸ਼ੁਰੂਆਤ ਦਾ ਲਾਹਾ ਨਹੀਂ ਲੈ ਸਕਿਆ। ਇਨ੍ਹਾਂ ਮੈਚਾਂ ਵਿੱਚ ਗੇਂਦਬਾਜ਼ਾਂ ਦਾ ਲਾਜਵਾਬ ਪ੍ਰਦਰਸ਼ਨ ਰਿਹਾ ਅਤੇ ਭਾਰਤ ਨੂੰ ਜਿੱਤ ਦਿਵਾਉਂਦੇ ਰਹੇ। ਬੱਲੇਬਾਜ਼ੀ ਵਿੱਚ ਭਾਰਤ ਹੁਣ ਤੱਕ 16 ਸਾਲ ਦੀ ਸ਼ੈਫਾਲੀ ਵਰਮਾ ’ਤੇ ਨਿਰਭਰ ਰਿਹਾ ਹੈ, ਪਰ ਮੱਧਕ੍ਰਮ ਦੀ ਨਾਕਾਮੀ ਭਾਰਤ ਨੂੰ ਮੁਸ਼ਕਲ ਵਿੱਚ ਪਾ ਸਕਦੀ ਹੈ। ਹਰਮਨਪ੍ਰੀਤ ਅਤੇ ਵੇਦਾ ਕ੍ਰਿਸ਼ਨਾਮੂਰਤੀ ਵਰਗੀਆਂ ਬੱਲੇਬਾਜ਼ਾਂ ਨੂੰ ਹੁਣ ਜ਼ਿੰਮੇਵਾਰੀ ਲੈਣੀ ਹੋਵੇਗੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਵੀ ਹੁਣ ਤੱਕ ਵੱਡੀ ਪਾਰੀ ਨਹੀਂ ਖੇਡ ਸਕੀ। ਸ਼ੈਫਾਲੀ ਨੇ ਤਿੰਨ ਮੈਚਾਂ ਵਿੱਚ 114 ਦੌੜਾਂ ਬਣਾਈਆਂ ਹਨ ਪਰ ਕੋਈ ਨੀਮ ਸੈਂਕੜਾ ਨਹੀਂ ਜੜ ਸਕੀ। ਉਹ ਵੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣ ’ਤੇ ਜ਼ੋਰ ਦੇਵੇਗੀ। ਭਾਰਤੀ ਗੇਂਦਬਾਜ਼ਾਂ ਦਾ ਪ੍ਰਭਾਸ਼ਾਲੀ ਪ੍ਰਦਰਸ਼ਨ ਰਿਹਾ ਹੈ। ਲੈੱਗ ਸਪਿੰਨਰ ਪੂਨਮ ਯਾਦਵ ਨੇ ਹੁਣ ਤੱਕ ਅੱਠ ਵਿਕਟਾਂ ਲਈਆਂ ਹਨ, ਜਿਨ੍ਹਾਂ ਵਿੱਚ ਆਸਟਰੇਲੀਆ ਖ਼ਿਲਾਫ਼ 19 ਦੌੜਾਂ ਦੇ ਕੇ ਚਾਰ ਵਿਕਟਾਂ ਦਾ ਮੈਚ ਜਿਤਾਉਣ ਵਾਲਾ ਪ੍ਰਦਰਸ਼ਨ ਵੀ ਸ਼ਾਮਲ ਹੈ। ਉਸ ਤੋਂ ਇਲਾਵਾ ਰਾਜੇਸ਼ਵਰੀ ਗਾਇਕਵਾੜ, ਦੀਪਤੀ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਦੀ ਕਾਰਗੁਜ਼ਾਰੀ ਚੰਗੀ ਰਹੀ।

Previous articleਰਣਜੀ ਸੈਮੀ ਫਾਈਨਲ: ਬੰਗਾਲ ਸਾਹਮਣੇ ਕਰਨਾਟਕ ਦੀ ਚੁਣੌਤੀ
Next articleਅਮਰੀਕਾ ਨੇ ਭਾਰਤ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਕਾਂ ਦੀ ਰਾਖੀ ਲਈ ਕਿਹਾ