ਲੌਕਡਾਊਨ: ਪ੍ਰਧਾਨ ਮੰਤਰੀ ਵਲੋਂ ਕੁਝ ਛੋਟਾਂ ਦੇਣ ਦੇ ਸੰਕੇਤ

ਮੋਦੀ ਅੱਜ ਕਰਨਗੇ ਰਾਸ਼ਟਰ ਨੂੰ ਸੰਬੋਧਨ;
ਲੌਕਡਾਊਨ ਵਿੱਚ ਦੋ ਹਫ਼ਤਿਆਂ ਦਾ ਹੋਰ ਵਾਧਾ ਹੋਣ ਦੀ ਸੰਭਾਵਨਾ

ਨਵੀਂ ਦਿੱਲੀ  (ਸਮਾਜਵੀਕਲੀ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨਾਂ ਦੇ ਦੇਸ਼ਵਿਆਪੀ ਲੌਕਡਾਊਨ ਦੇ ਆਖਰੀ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਰਾਸ਼ਟਰ ਨੂੰ ਸੰਬੋਧਨ ਕੀਤਾ ਜਾਵੇਗਾ। ਇਸ ਦੌਰਾਨ ਮੋਦੀ ਵਲੋਂ ਲੌਕਡਾਊਨ ਵਿੱਚ ਦੋ ਹੋਰ ਹਫ਼ਤਿਆਂ ਦਾ ਵਾਧਾ ਕਰਕੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਕੁਝ ਛੋਟਾਂ ਦਿੱਤੇ ਜਾਣ ਦੀ ਸੰਭਾਵਨਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 14 ਅਪਰੈਲ, 2020 ਨੂੰ ਸਵੇਰੇ 10 ਵਜੇ ਰਾਸ਼ਟਰ ਨੂੰ ਸੰਬੋਧਨ ਕੀਤਾ ਜਾਵੇਗਾ।’’ ਇੱਕ ਅਧਿਕਾਰੀ ਅਨੁਸਾਰ ਜ਼ਿਆਦਾਤਰ ਸੂਬੇ ਲੌਕਡਾਊਨ ਵਿੱਚ ਦੋ ਹੋਰ ਹਫ਼ਤਿਆਂ ਦਾ ਵਾਧਾ ਕੀਤੇ ਜਾਣ ਦੇ ਹੱਕ ਵਿੱਚ ਹਨ। ਸਰਕਾਰ ਵਲੋਂ ਦੋ ਮੁੱਖ ਕਾਰਜ-ਯੋਜਨਾਵਾਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ —- ਦੇਸ਼ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣਾ ਅਤੇ ਰੁਕੀਆਂ ਪਈਆਂ ਆਰਥਿਕ ਗਤੀਵਿਧੀਆਂ ਨੂੰ ਮੁੜ ਚਾਲੂ ਕਰਨਾ।

ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀ ਨਾਲ ਸ਼ਨਿੱਚਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੀ ਗਈ ਮੀਟਿੰਗ ਦੌਰਾਨ ਵੀ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਲੌਕਡਾਊਨ ਵਿੱਚ ਵਾਧਾ ਕਰਨ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਕੁਝ ਰਾਹਤਾਂ ਦੇਣ ਦੇ ਸੰਕੇਤ ਦਿੱਤੇ ਗਏ ਸਨ। ਉਨ੍ਹਾਂ ਕਿਹਾ ਸੀ ਕਿ ਜ਼ਿੰਦਗੀਆਂ ਬਚਾਉਣ ਦੇ ਨਾਲ-ਨਾਲ ਰੁਜ਼ਗਾਰ ਬਚਾਉਣਾ ਵੀ ਜ਼ਰੂਰੀ ਹੈ।

ਮੋਦੀ ਨੇ ਕਿਹਾ, ‘‘ਲੌਕਡਾਊਨ ਦਾ ਐਲਾਨ ਕਰਨ ਮੌਕੇ ਮੈਂ ਕਿਹਾ ਸੀ ‘ਜਾਨ ਹੈ ਤਾਂ ਜਹਾਨ ਹੈ’….ਦੇਸ਼ ਦੇ ਜ਼ਿਆਦਾਤਰ ਲੋਕਾਂ ਨੇ ਇਸ ਨੂੰ ਸਮਝਿਆ ਅਤੇ ਆਪਣੇ ਘਰਾਂ ਅੰਦਰ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਈ। ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਦੇਸ਼ ਦੇ ਉੱਜਵਲ ਭਵਿੱਖ ਅਤੇ ਖ਼ੁਸ਼ਹਾਲ ਤੇ ਤੰਦਰੁਸਤ ਭਾਰਤ ਲਈ ਦੋਵਾਂ ਪੱਖਾਂ ’ਤੇ ਧਿਆਨ ਕੇਂਦਰਿਤ ਕੀਤੇ ਜਾਵੇ, ‘ਜਾਨ ਵੀ, ਜਹਾਨ ਵੀ’।’’

ਇਸੇ ਦੌਰਾਨ ਦੇਸ਼ ਦੇ ਸੱਤ ਸੂਬੇ—ਮਹਾਰਾਸ਼ਟਰ, ਉੜੀਸ਼ਾ, ਪੰਜਾਬ, ਪੱਛਮੀ, ਬੰਗਾਲ, ਕਰਨਾਟਕ, ਤਾਮਿਲਨਾਡੂ ਅਤੇ ਤੇਲੰਗਾਨਾ— ਪਹਿਲਾਂ ਹੀ 30 ਅਪਰੈਲ ਲਈ ਲੌਕਡਾਊਨ ਵਿੱਚ ਵਾਧਾ ਕਰਨ ਦਾ ਐਲਾਨ ਕਰ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ ਕੋਵਿਡ-19 ਦੇ ਕੁੱਲ 9,152 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਮਹਾਮਾਰੀ ਕਾਰਨ ਮੌਤਾਂ ਦੀ ਗਿਣਤੀ ਵਧ ਕੇ 308 ਹੋ ਗਈ ਹੈ। ਦੇਸ਼ ਭਰ ਵਿੱਚ 25 ਮਾਰਚ ਤੋਂ ਲੌਕਡਾਊਨ ਚੱਲ ਰਿਹਾ ਹੈ, ਜੋ ਭਲਕੇ 14 ਅਪਰੈਲ ਨੂੰ ਮੁੱਕ ਜਾਵੇਗਾ।

Previous articleFive tourists arrested in Karnataka’s Kodagu
Next articleMP coronavirus death toll touches 50