ਲੋਕਾਂ ਦਾ ਤੰਤਰ,ਸੜਕੋ ਸੜਕੀ,ਹੱਕਾਂ ਲਈ ਮਰਦਾ: ਪਵਨ ਪਰਵਾਸੀ ਜਰਮਨੀ

ਪਵਨ ਪਰਵਾਸੀ ਜਰਮਨੀ

(ਸਮਾਜ ਵੀਕਲੀ)

ਲੋਕਤੰਤਰੀ ਢਾਂਚੇ ਵਿੱਚ ਦੁਨੀਆਂ ਦਾ ਸੱਭ ਤੋਂ ਵੱਡਾ ਦੇਸ ਭਾਰਤ ਜਿਸ ਦਾ ਸੰਵਿਧਾਨ ਦਿਵਸ 26 ਜਨਵਰੀ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਉਣ ਦਾ ਸਿਹਰਾ ਸਾਡੇ ਦੇਸ ਦੇ ਮਹਾਨ ਨੇਤਾਵਾਂ ਨੂੰ ਜਾਂਦਾ ਹੈ ਕਿਉਂਕਿ ਇਸ ਦਿਨ ਇਹਨਾਂ ਨੇ ਦਸ ਦੱਸ ਗਨਮੇਨ ਨਾਲ ਲੈ ਕੇ ਝੰਡੇ ਲਹਿਰਾਉਣੇ ਹੁੰਦੇ ਤੇ ਲੰਬੇ ਲੰਬੇ ਭਾਸ਼ਣ ਦੇਣੇ ਹੁੰਦੇ ਆਪਣੇ ਕੁੱਤੇ ਕੰਮਾਂ ਦੇ ,ਕਿਉਂਕਿ ਚੰਗਾ ਕੰਮ ਤਾਂ ਕੋਈ ਕੀਤਾ ਹੁੰਦਾ ਨਹੀਂ ।ਜੇ ਚੰਗਾ ਕੰਮ ਕੀਤਾ ਹੋਵੇ ਤਾਂ ਨਾਲ ਦਸ ਦਸ ਪਹਿਰੇਦਾਰ ਕਿਉਂ ਰੱਖਣ???

ਇਸ ਦਿਨ ਦੁਨੀਆਂ ਦੇ ਪੜੇ ਲਿਖੇ ਲੋਕਾਂ ਦੀ ਸੂਚੀ ਵਿੱਚ ਸਤਵੇਂ ਨੰਬਰ ਤੇ ਆਉਂਦੇ ਮਹਾਨ ਜੁਗਪੁਰਸ਼ ਡਾ ਭੀਮ ਰਾਓ ਅੰਬੇਡਕਰ ਜੀ ਨੇ ਇਹ ਸੰਵਿਧਾਨ ਲਿਖ ਕੇ ਇੱਕ ਇਤਿਹਾਸ ਰਚਿਆ। 26 ਜਨਵਰੀ 1950 ਨੂੰ ਇਹ ਸੰਵਿਧਾਨ ਲਾਗੂ ਕਰ ਦਿੱਤਾ ਗਿਆ।ਡਾ ਭੀਮ ਰਾਓ ਅੰਬੇਡਕਰ ਨੇ ਇਸ ਸੰਵਿਧਾਨ ਵਿੱਚ ਹਰ ਪੱਖ ਤੋਂ ਬਹੁਤ ਬਰੀਕੀ ਨਾਲ ਉਹ ਹਰ ਮੱਦ ਪਾਈ ਜਿਸ ਨਾਲ ਭਾਰਤ ਦਾ ਹਰ ਗਰੀਬ ਅਮੀਰ ਵਿਅਕਤੀ ਅਪਣੀ ਗੱਲ ਰੱਖ ਸਕੇ ਤੇ ਆਪਣੇ ਹੱਕ ਲੈ ਸਕੇ।ਇਸ ਸੰਵਿਧਾਨ ਵਿੱਚ ਹੀ ਔਰਤ ਨੂੰ ਪੂਰਨ ਹੱਕਾਂ ਦੀ ਵਾਰਿਸ ਬਣਾਇਆ।

ਪਰ ਹੋਲੀ ਹੋਲੀ ਸਮਾਂ ਬਦਲਿਆ ਨੇਤਾ ਬਦਲੇ ਪਾਰਟੀਆਂ ਬਦਲੀਆਂ ਤੇ ਪਿੱਛਲੇ ਸੱਤ ਦਹਾਕਿਆਂ ਤੋਂ ਸਾਡੇ ਨੇਤਾਵਾਂ ਨੇ ਉਹ ਚੰਮ ਦੀਆਂ ਚਲਾਈਆਂ ਜਿਸ ਨਾਲ ਸਾਡਾ ਰੁਪਈਆ ਕਦੇ ਇੱਕ ਪੌਂਡ ਦੇ ਬਰਾਬਰ ਖੜਦਾ ਸੀ ਪਰ ਮਾੜੀ ਕਿਸਮਤ ਇਹ੍ਹਨਾਂ ਚਿੱਟ ਕੱਪੜੇ ਧਾਰੀ ਨੇਤਾਵਾਂ ਨੇ ਅੱਜ ਓਹੀ ਰੁਪਈਆ ਪੌਂਡ ਦੇ ਮੁਕਾਬਲੇ ਨੜੇਨਵੇਂ ਤੇ ਲਿਆ ਦਿੱਤਾ।

ਡਾ ਅੰਬੇਡਕਰ ਜੀ ਨੇ ਹਰ ਇਕ ਲਈ ਸਮਾਨ ਅਧਿਕਾਰ ਲੈ ਕੇ ਦਿਤੇ ਪਰ ਅੱਜ ਅਸੀਂ 88 ਦਿਨਾਂ ਤੋਂ ਕੋਰੇ ਨਾਲ ਭਰੀਆਂ ਸਵੇਰਾਂ ਤੇ ਠਰੂੰ ਠਰੂੰ ਕਰਦੀਆਂ ਠੰਡੀਆਂ ਰਾਤਾਂ ਵਿੱਚ ਦਿੱਲੀ ਦੀਆ ਸੜਕਾਂ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਾਂ ਪਰ ਸਮੇ ਦੀ ਸਰਕਾਰ ਆਪਣੇ ਆਪ ਨੂੰ ਰੱਬ ਸਮਝ ਬੈਠੀ ਹੈ ਤੇ ਹਰ ਨਵੇਂ ਦਿਨ ਨਵੀ ਤਰੀਕ ਦੇ ਕੇ ਕਿਸਾਨ ਮਜਦੂਰ ਨਾਲ ਕੋਝਾ ਮਜਾਕ ਕਰਨ ਤੇ ਉਤਰੀ ਹੋਈ ਹੈ।

26 ਜਨਵਰੀ ਨੂੰ ਜੋ ਕਿਸਾਨ ਮਜਦੂਰ ਟਰੈਕਟਰ ਰੇੱਲੀ ਕੱਢ ਰਹੇ ਹਨ ਉਹ ਦੁਨੀਆਂ ਦੀ ਅਨੋਖੀ ਤੇ ਲਾਜਵਾਬ ਰੇੱਲੀ ਹੋਵੇਗੀ।ਕਿਉਂਕਿ ਉਸ ਵਿੱਚ ਉਹ ਹਰ ਇਨਸਾਨ ਸ਼ਿਰਕਤ ਕਰੂਗਾ ਜਿਸ ਦੇ ਪੈਰਾਂ ਵਿੱਚ ਚੱਪਲ ਤੇ ਗੱਲ ਵਿੱਚ ਮੇਲੀ ਕਮੀਜ ਹੋਵੇਗੀ ਕਿਉਕਿ ਇਹ ਰੇੱਲੀ ਮਜਦੂਰਾਂ ਕਿਸਾਨਾਂ ਤੇ ਹਰ ਉਸ ਭਾਰਤੀ ਦੀ ਹੈ ਜਿਸ ਨੂੰ ਡਾ ਅੰਬੇਡਕਰ ਨੇ ਕਿਹਾ ਸੀ ਕਿ ਮਜਦੂਰ ਦੀ ਮਿਹਨਤ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਸ ਨੂੰ ਮਿਲ ਜਾਣੀ ਚਾਹੀਦੀ ਹੈ।

ਮੈਂ ਇਸ ਟਰੈਕਟਰ ਰੇੱਲੀ ਨੂੰ ਇਸ ਲਈ ਵੀ ਭਾਰਤੀਆਂ ਦੀ ਤਾਂ ਕਹਿ ਰਿਹਾ ਹਾਂ ਕਿਉਂਕਿ ਪਿੱਛਲੇ ਲਗਭਗ ਪੰਜ ਦਹਾਕਿਆਂ ਤੋਂ ਗਣਤੰਤਰ ਦਿਵਸ ਤੇ ਇਹ੍ਹਨਾਂ ਮਿਹਨਤ ਕਸ਼ ਲੋਕਾਂ ਨੂੰ ਉਸ ਵਿੱਚ ਭਾਗ ਕੀ ਲੈਣਾ ਇਸਨੂੰ ਦੇਖਣ ਦੀ ਵੀ ਹਿੰਮਤ ਨਹੀਂ ਹੁੰਦੀ ਕਿਉਂਕਿ ਉਸ ਦਿਨ ਓਥੇ ਬਾਹਰਲੇ ਮੁਲਕਾਂ ਤੋਂ ਲੱਖਾਂ ਕਰੋੜਾਂ ਰੁਪਈਆ ਖਰਚ ਕੇ ਮੁੱਖ ਮਹਿਮਾਨ ਸੱਦੇ ਹੁੰਦੇ ਹਨ ਤੇ ਉਹਨਾਂ ਮਹਿਮਾਨਾਂ ਅੱਗੇ ਗਰੀਬ ਗੁਰਬੇ ਬਿਠਾਲ ਕੇ ਆਪਣੀ ਬੇਜਤੀ ਥੋੜਾਂ ਕਰਾਉਣੀ ਹੈ??ਨਾਲੇ ਜੇ ਕੋਈ ਗਰੀਬ ਓਥੇ ਦਿਸ ਪਿਆ ਸਾਡਾ ਡਿਜ਼ੀਟਲ ਇੰਡੀਆ ਤਾਂ ਵੜ ਜਾਊ ਭਾਂਡੇ ਵਿੱਚ, ਅਸੀਂ ਆਏ ਮਹਿਮਾਨ ਨੂੰ ਕੀ ਦੱਸਾਂਗੇ ਕੇ ਇਹ ਵੀ ਸਾਡੇ ਦੇਸ ਦੇ ਬਾਸ਼ਿੰਦੇ ਹਨ? ਨਾ ਨਾ ਨਾ।

ਨਾਲੇ26 ਜਨਵਰੀ ਦੇਖਣੀ ਤਾਂ ਸਾਡੀ ਪਹੁੰਚ ਵਿੱਚ ਹੀ ਨਹੀਂ ਕਿਉਂਕਿ ਓਸ ਦਿਨ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਥੇ ਬੈਠਣਾ ਹੁੰਦਾ ਉਥੇ ਲੱਖਾਂ ਰੁਪਏ ਦਾ ਤਾਂ ਬੁਲਟ ਪਰੂਫ ਕੇਵਿਨ ਲੱਗਾ ਹੁੰਦਾ ਜਿਥੋਂ ਉਸਨੇ ਜਨਤੰਤਰ ਨੂੰ ਸੰਬੋਧਨ ਕਰਨਾ ਹੁੰਦਾ ਤੇ ਕਹਿਣਾ ਹੁੰਦਾ ਕੇ ਤੁਸੀਂ ਮੇਰੇ ਆਪਣੇ ਹੋ ਅਸੀਂ  ਤੁਹਾਡੇ ਲਈ ਨਵੀਆਂ ਸਕੀਮਾਂ ਬਣਾ ਰਹੇ ਹਾਂ ਹੁਣ ਕੋਈ ਗਰੀਬੀ ਦੀ ਰੇਖਾ ਤੋਂ ਥੱਲੇ ਨਹੀਂ ਰਹੇਗਾ ਕਿਉਂਕਿ ਅਸੀਂ ਸਾਰੇ ਗਰੀਬ ਹੀ ਖ਼ਤਮ ਕਰ ਦੇਣੇ ਹਨ,ਜਿਦਾਂ ਜਦੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਆਇਆ ਸੀ ਉਦੋਂ ਅਸੀਂ ਸਾਰੇ ਗੁਜਰਾਤ ਦੇ ਗਰੀਬ ਝੁਗੀਆਂ ਵਾਲੇ ਸ਼ੜਕਾਂ ਨੇੜੇ ਸੌਣ ਵਾਲੇ ਕੰਧ ਬਣਾ ਕੇ ਲੁਕੋ ਦਿਤੇ ਸੀ ਓਦਾਂ ਹੀ ਹੁਣ ਬਾਕੀ ਬਚਦੇ ਮਹਿੰਗਾਈ ਨਾਲ ਮਾਰ ਦੇਵਾਂਗੇ,ਫੇਰ ਨਾ ਰਹੂਗਾ ਬਾਂਸ ਨਾ ਬਜੁਗੀ ਬੰਸਰੀ।

ਕੀ ਗੱਲ ਹੁਣ ਏਸ ਜਨ ਤੋਂ ਡਰ ਲੱਗਣ ਲੱਗ ਪਿਆ, ਓਏ ਭਲਿਓ ਮਾਣਸੋ ਇਹ ਉਹੀ ਲੋਕ ਹਨ ਜਦੋਂ ਤੁਸੀਂ ਇਹਨਾਂ ਦੇ ਘਰੀਂ ਜਾ ਕੇ ਵੋਟਾਂ ਮੰਗਣ ਵੇਲੇ ਹਰ ਕੁਝ ਦੇਣ ਨੂੰ ਤਿਆਰ ਸੀ।ਅੱਜ ਤੁਸੀਂ ਇਹ੍ਹਨਾਂ ਨੂੰ ਰਾਜੇ ਬਣ ਬਣ ਦਿਖਾਉਂਦੇ ਹੋ,ਜਰਮਨ ਦੇ ਮਾਰਕੇ ਦੀਆਂ ਕਰੋੜਾਂ ਲੱਖਾਂ ਰੁਪਈਆ ਦੀਆਂ ਮਰਸਡੀਜ, ਬੀ ਐਮ ਡਬਲਿਊ ਕਾਰਾ ਵਿੱਚ ਆਉਂਦੇ ਹੋ ਇਹ ਪੈਸਾ ਇਹ੍ਹਨਾਂ ਗਰੀਬਾਂ ਦਾ ਹੀ ਟੈਕਸ ਹੈ।ਜਿਹਨਾਂ ਉਪਰ ਤੁਸੀਂ ਤਿੰਨ ਖੇਤੀ ਦੇ ਕਾਲੇ ਕਨੂੰਨ ਥੋਪ ਕੇ ਅੱਜ ਉਹਨਾਂ ਨੂੰ ਖ਼ਤਮ ਕਰਨ ਤੁਰੇ ਹੋ ਪਰ ਜਾਦ ਰੱਖਿਓ ਏਸ ਅੰਦੋਲਨ ਵਿੱਚ 160 ਸ਼ਹੀਦ ਹੋ ਚੁਕੇ ਹਨ ਪਰ ਇਹ ਮੁਕਣੇ ਨੀ,ਤੇ ਨਾ ਹੀ ਝੁਕਣੇ ਹਨ ਕਿਤੇ ਭੁਲੇਖੇ ਵਿੱਚ ਹੀ ਨਾ ਰਹਿਓ।

ਪਹਿਲਾਂ ਤੁਸੀਂ ਗੱਲ ਕਰਨ ਲਈ ਰਾਜ਼ੀ ਨਹੀਂ ਸੀ ਹੁਣ ਤੁਸੀਂ ਇਹ੍ਹਨਾਂ ਕਾਨੂੰਨਾਂ ਨੂੰ ਦੋ ਸਾਲ ਲਈ ਹੋਲਡ ਕਰਨ ਲਈ ਵੀ ਹਾੜੇ ਕੱਢਦੇ ਹੋ।ਉਹ ਦਿਨ ਵੀ ਦੂਰ ਨਹੀਂ ਜਦੋਂ ਤੁਸੀਂ ਕਾਨੂੰਨ ਖ਼ਤਮ ਕਰਨ ਲਈ ਮਿਨਤਾਂ ਕਰੋਗੇ।ਭਾਰਤ ਲੋਕਤੰਤਰ ਦੇਸ ਹੈ ਲੋਕੀ ਜਦੋ ਚਾਹੁਣ ਰਾਜੇ ਤੋਂ ਰੰਕ ਬਣਾਉਣ ਲਈ ਇੱਕ ਮਿੰਟ ਹੀ ਲਾਉਂਦੇ ਹਨ ਸੋ ਸਮੇ ਤੋਂ ਪਹਿਲਾਂ ਕੁੱਝ ਕਰ ਲਓ ਨਹੀਂ ਤਾਂ ਉਹ ਗੱਲ ਨਾ ਹੋਵੇ ਧੋਬੀ ਦਾ ਕੁੱਤਾ ਨਾ ਘਰ ਦਾ ਨਾਂ ਘਾਟ ਦਾ।

ਆਓ ਪੂਰੇ ਭਾਰਤ ਵਾਸੀਓ ਡਾ ਭੀਮ ਰਾਓ ਅੰਬੇਡਕਰ ਦੇ ਉਸ ਅਣਮੁੱਲੇ ਸੰਵਿਧਾਨ ਦੇ ਹੱਕਾਂ ਤੇ ਪਹਿਰਾ ਦਿੰਦੇ ਹੋਏ ਗਣਤੰਤਰ ਦਿਨ ਉਪਰ ਕਿਸਾਨ ਮਜਦੂਰ ਦੀ ਇਸ ਇਤਿਹਾਸਕ ਟਰੈਕਟਰ ਰੇੱਲੀ ਵਿੱਚ ਸ਼ਾਮਿਲ ਹੋ ਕੇ ਆਪਣੇ ਹੱਕ ਉਸ ਅੜੀਅਲ ਰਾਜੇ ਤੋਂ ਖੋਈਏ ਤੇ ਦੱਸੀਏ ਕੇ ਖੇਤਾਂ ਦੇ ਪੁੱਤ ਅਜੇ ਜਿਉਂਦੇ ਹਨ ਤੇ ਸਦਾ ਜਿਉਂਦੇ ਰਹਿਣਗੇ।ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਸੰਵਿਧਾਨ ਰਚੇਤੇ ਨੂੰ।ਸੋ ਆਓ ਕਿਰਤੀ ਮਜਦੂਰ ਕਿਸਾਨ ਇਕਮੁੱਠ ਹੋ ਕੇ ਆਪਣੀ 26 ਜਨਵਰੀ ਮਨਾਈਏ ਤੇ ਆਪਣੇ ਹੱਕਾਂ ਤੇ ਡਾਕੇ ਮਾਰਨ ਵਾਲਿਆਂ ਨੂੰ ਦੂਰ ਭਜਾਈਏ।ਜੈ ਜਵਾਨ ਜੈ ਮਜਦੂਰ ਜੈ ਕਿਸਾਨ।

004915221870730

Previous articleBrazil to airlift 1,500 Covid patients from Amazonas
Next articleਲੋਕ ਗਾਇਕੀ ਦੇ ਵਿਰਸੇ ਦੀ ਵਾਰਿਸ ਅਮਿ੍ੰਤ ਕੌਰ