ਲੋਕਤੰਤਰ ਬਚਾਉਣ ਵਾਸਤੇ ਨਿਆਂਤੰਤਰ ਦਾ ਸੁਤੰਤਰ ਹੋਣਾ ਅਤਿਅੰਤ ਜਰੂਰੀ – ਸਮਤਾ ਸੈਨਿਕ ਦਲ

ਜਲੰਧਰ- ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਨਵੀਂ ਦਿੱਲੀ ਦੀ ਹਿੰਸਾ ਵਿਚ ਘੱਟੋ ਘੱਟ 42 ਵਿਅਕਤੀ ਮਾਰੇ ਗਏ ਅਤੇ 200 ਤੋਂ ਵੱਧ ਜਖਮੀ ਹੋਏ। ਬੀਜੇਪੀ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਐਮ ਪੀ ਨਰੇਸ਼ ਗੁਜਰਾਲ ਨੇ ਗ੍ਰਹਿਮੰਤਰੀ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਦਿੱਲੀ ਪੁਲਿਸ ਦੀ ਨਾਕਾਮੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਵਰਿਆਣਾ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਐਸ ਮੁਰਲੀਧਰ ਨੇ ਦਿੱਲੀ ਪੁਲਿਸ ਨੂੰ ਭਾਜਪਾ ਨੇਤਾ ਅਨੁਰਾਗ ਠਾਕੁਰ, ਪਰਵੇਸ਼ ਵਰਮਾ ਅਤੇ ਕਪਿਲ ਮਿਸ਼ਰਾ ਅਤੇ ਹੋਰਾਂ ਵਿਰੁੱਧ ਐਫਆਈਆਰ ਦਰਜ ਕਰਨ ਦੇ ਸੰਬੰਧ ਵਿੱਚ ਇੱਕ ਚੇਤੰਨ ਫ਼ੈਸਲਾ ਲੈਣ ਲਈ ਕਿਹਾ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਨਫ਼ਰਤ ਭਰੇ ਭਾਸ਼ਣ ਦਿੱਤੇ ਸਨ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਹਿੰਸਾ ਭੜਕਾਈ। ਜਸਟਿਸ ਮੁਰਲੀਧਰ ਨੇ ‘ਦੁਖ’ ਜ਼ਾਹਰ ਕਰਦਿਆਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਸੜ ਰਹੀ ਹੈ ਅਤੇ ਕੇਸ ਦਾਇਰ ਕਰਨ ਵਿੱਚ ਦੇਰੀ ‘ਤੇ ਸਵਾਲ ਉਠਾਇਆ। ਉਨ੍ਹਾਂ ਨੇ ਕੇਂਦਰ, ਰਾਜ ਸਰਕਾਰ ਅਤੇ ਦਿੱਲੀ ਪੁਲਿਸ ਦੀ ਰਾਸ਼ਟਰੀ ਰਾਜਧਾਨੀ ਵਿੱਚ ਹੋਈ ਹਿੰਸਾ ਬਾਰੇ ਖਿਚਾਈ ਵੀ ਕੀਤੀ ਸੀ।

ਜਸਵਿੰਦਰ ਵਰਿਆਣਾ ਨੇ ਦੱਸਿਆ ਕਿ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਐਫਆਈਆਰ ਉਚਿਤ ਪੜਾਅ ਤੇ ਦਰਜ ਕੀਤੀਆਂ ਜਾਣਗੀਆਂ। ਐਫਆਈਆਰ ਤਾਂ ਦਰਜ ਨਹੀਂ ਕੀਤੀਆਂ ਗਈਆਂ ਪਰ ਜਸਟਿਸ ਐਸ ਮੁਰਲੀਧਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਕਿਓਂਕਿ ਉਨ੍ਹਾਂ ਨੇ ਨਫ਼ਰਤ ਭਰੇ ਭਾਸ਼ਣਾ ਵਿਰੁੱਧ ਐਫਆਈਆਰ ਦਰਜ ਕਰਨ ਵਿੱਚ ਦਿੱਲੀ ਪੁਲਿਸ ਵੱਲੋਂ ਅਸਫਲ ਰਹਿਣ ‘ਤੇ ਆਪਣਾ ਦੁਖ ਜ਼ਾਹਰ ਕੀਤਾ ਸੀ।  ਵਰਿਆਣਾ ਨੇ ਅੱਗੇ ਕਿਹਾ ਕਿ ਜਸਟਿਸ ਐਸ ਮੁਰਲੀਧਰ ਦਿੱਲੀ ਹਾਈ ਕੋਰਟ ਦੇ ਉਹੀ ਜੱਜ ਹਨ ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਸੂਬਾਈ ਆਰਮਡ ਕਾਂਸਟੇਬੂਲਰੀ ਦੇ ਮੈਂਬਰਾਂ ਨੂੰ ਹਾਸ਼ਿਮਪੁਰਾ ਕਤਲੇਆਮ ਵਿੱਚ ਦੋਸ਼ੀ ਠਹਿਰਾਇਆ ਅਤੇ ਇਥੋਂ ਤੱਕ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਵੀ ਦੋਸ਼ੀ ਠਹਿਰਾਇਆ ਸੀ। ਵਰਿਆਣਾ ਨੇ ਕਿਹਾ ਕਿ ਆਲ ਇੰਡੀਆ ਸਮਤਾ ਸੈਨਿਕ ਦਲ ਦਿੱਲੀ ਅਤੇ ਪੂਰੇ ਦੇਸ਼ ਵਿਚ ਹੋਈ ਹਿੰਸਾ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਲੋਕਤੰਤਰ ਨੂੰ ਬਚਾਉਣ ਵਾਸਤੇ ਨਿਆਂਤੰਤਰ ਤੇ ਕਿਸੇ ਵੀ ਰਾਜਨੀਤਕ ਦਲ ਦਾ ਪ੍ਰਭਾਵ ਨਹੀਂ ਹੋਣਾ ਚਾਹੀਦਾ ਸਗੋਂ ਦੇਸ਼ ਦੇ ਭਲੇ ਅਤੇ ਤਰੱਕੀ ਲਈ ਨਿਆਂਤੰਤਰ ਦਾ ਸੁਤੰਤਰ ਹੋਣਾ ਅਤਿਅੰਤ ਜਰੂਰੀ ਹੈ। ਇਸ ਮੌਕੇ ਵਰਿੰਦਰ ਕੁਮਾਰ, ਐਡਵੋਕੇਟ ਕੁਲਦੀਪ ਭੱਟੀ, ਬਲਦੇਵ ਰਾਜ ਭਾਰਦਵਾਜ ਅਤੇ ਤਿਲਕ ਰਾਜ ਹਾਜਰ ਸਨ।

ਜਸਵਿੰਦਰ ਵਰਿਆਣਾ (ਸੂਬਾ ਪ੍ਰਧਾਨ)

Previous articleਅਮਰੀਕਾ ਨੇ ਭਾਰਤ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਕਾਂ ਦੀ ਰਾਖੀ ਲਈ ਕਿਹਾ
Next articleलोकतंत्र बचाने के लिए न्यायतंत्र का स्वतंत्र होना अत्यंत जरूरी – समता सैनिक दल