ਲੈਸਟਰ – ਜਿਥੇ ਦੇ ਇਕ ਗੁਰਦੁਆਰੇ ਚ ਸੰਗਤ ਦੇ ਚਾਰ ਲੱਖ ਪੌਂਡ ਦੀ ਲਾਗਤ ਨਾਲ ਉਸਾਰਿਆ ਵਿਆਹ ਦਾ ਹਾਲ ਧੜੇਬਾਜੀ ਚ ਲਟਕਿਆ ਹੋਇਆਂ ਹੈ

(ਸਮਾਜ ਵੀਕਲੀ)

ਧਰਮ ਦਾ ਅਸਲ ਭਾਵ ਅਰਥ ਮਾਨਵਤਾ ਦੀ ਸੇਵਾ ਹੁੰਦਾ ਹੈ, ਜਿਸ ਧਰਮ ਦੇ ਪੈਰੋਕਾਰ ਧਰਮ ਦੇ ਇਹਨਾਂ ਭਾਵ ਅਰਥਾਂ ਤੋਂ ਉੱਖੜ ਜਾਂਦੇ ਹਨ, ਉਹ ਜਿੱਥੇ ਆਪਣੇ ਗੁਰੂਆਂ ਜਾਂ ਸਿਆਣਿਆਂ ਦੀਆਂ ਸਿੱਖਿਆਵਾਂ ਤੋਂ ਬਾਗ਼ੀ ਹੋ ਜਾਂਦੇ ਹਨ, ਉੱਥੇ ਪਖੰਡੀ ਤੇ ਵਿਪਰਵਾਦੀ ਹੋਣ ਤੋਂ ਵੱਧ ਹੋਰ ਕੁੱਝ ਵੀ ਨਹੀਂ ਰਹਿ ਜਾਂਦੇ।

ਧਰਮ ਦੇ ਸਹੀ ਮਾਨਿਆ ਨੂੰ ਸਮਝਦੇ ਹੋਏ ਉਹਨਾ ਮੁਤਾਬਿਕ ਜੀਵਨ ਢਾਲਕੇ ਸਫਲ ਜੀਵਨ ਦੇ ਰਸਤੇ ‘ਤੇ ਚੱਲਣਾ ਹੁੰਦਾ ਹੈ, ਪਰ ਦੁੱਖ ਤੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਧਰਮ ਦੇ ਓਹਲੇ ਹੇਠ, ਧਰਮ ਦਾ ਸਹਾਰਾ ਲੈ ਕੇ, ਧਾਰਮਿਕ ਸਥਾਨਾਂ ਵਿੱਚ ਗੰਦੀ ਰਾਜਨੀਤੀ ਹੋ ਰਹੀ ਹੈ । ਧਰਮ ਅਸਥਾਨ ਚੌਧਰਾਂ ਚਮਕਾਉਣ ਦੇ ਡੇਰੇ ਬਣ ਚੁੱਕੇ ਹਨ ।

ਇਹ ਲਿਖਦਿਆਂ ਬਹੁਤ ਦੁੱਖ ਵੀ ਹੋ ਰਿਹਾ ਹੈ ਤੇ ਅਫ਼ਸੋਸ ਵੀ ਕਿ ਯੂ ਕੇ ਦੇ ਸ਼ਹਿਰ ਲੈਸਟਰ ਵਿੱਚ ਇੱਥੋਂ ਦਾ ਇਕ ਵੱਡਾ ਗੁਰਦੁਆਰਾ ਜੋ ਕਾਫ਼ੀ ਲੰਮੇ ਸਮੇਂ ਤੋਂ ਤੀਹਰੀ ਚੌਹਰੀ ਧੜੇਬਾਜ਼ੀ ਦਾ ਸ਼ਿਕਾਰ ਹੈ, ਉੱਥੇ ਇਸ ਧੜੇਬਾਜ਼ੀ ਤੇ ਖਹਿਬਾਜੀ ਹੇਠ ਹੀ ਸੰਗਤਾਂ ਦੇ ਲੱਖਾਂ ਰੁਪਏ ਦੇ ਦਾਨ ਦਾ ਪੂਰੀ ਤਰਾਂ ਫ਼ਲੂਜਾ ਕੀਤਾ ਜਾ ਰਿਹਾ ਹੈ ।

ਇਸ ਗੁਰਦੁਆਰੇ ਵਿੱਚ ਕੁਝ ਸਾਲ ਪਹਿਲਾ ਇੱਥੋਂ ਦੀ ਪੁਰਾਣੀ ਗੁਰਦੁਆਰਾ ਪਰਬੰਧਕ ਕਮੇਟੀ ਨੇ ਗੁਰਦੁਆਰੇ ਦੀ ਤੀਜੀ ਚੌਥੀ ਮੰਜਿਲ ਉੱਤੇ ਵਿਆਹ ਸ਼ਾਦੀਆਂ ਵਾਸਤੇ ਇਕ ਆਲੀਸ਼ਾਨ ਹਾਲ ਤਿਆਰ ਕਰਨਾ ਸ਼ੁਰੂ ਕੀਤਾ ਸੀ ਜਿਸ ਉੱਤੇ ਲਗਭਗ ਚਾਰ ਲੱਖ ਪੌਂਡ ਦਾ ਖ਼ਰਚਾ ਕਰਨ ਉਪਰੰਤ ਉਹ ਹਾਲ ਤਿਆਰ ਕਰ ਦਿੱਤਾ ਗਿਆ । ਕੌਂਸਲ ਦੇ ਸੇਫਟੀ ਅਧਿਕਾਰੀਆ ਨੇ ਫਾਇਰ ਤੇ ਸੇਫ਼ਟੀ ਦਾ ਨਿਰੀਖਣ ਕਰਨ ਸਮੇਂ ਕੁਝ ਕੁ ਹੋਰ ਸ਼ਰਤਾਂ ਲਗਾ ਦਿੱਤੀਆਂ ਜਿਹਨਾ ਵਿੱਚ ਸੰਕਟ ਸਮੇਂ ਨਿਕਾਸ ਪੌੜੀਆਂ ਨੂੰ ਵੱਡਿਆ ਕਰਨਾ, ਫ਼ਾਇਰ ਅਲਾਰਮ ਲਗਾਉਣਾ ਤੇ ਹਾਲ ਵਿਚਲੀ ਕਿਚਨ ਵਿੱਚੋਂ ਧੂੰਏਂ ਦੀ ਨਿਕਾਸੀ ਵਾਸਤੇ ਚਿਮਨੀਆਂ ਆਦਿ ਦੀ ਸਹੀ ਵਿਵਸਥਾ ਕਰਨਾ ਸ਼ਾਮਿਲ ਸੀ ।

ਜਿਸ ਵੇਲੇ ਇਹ ਨਿਰੀਖਣ ਕੀਤਾ ਗਿਆ ਉਸ ਤੋਂ ਛੇਤੀ ਬਾਦ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਆ ਗਈਆਂ ਜਿਸ ਕਾਰਨ ਹਾਲ ਦਾ ਕੰਮ ਰੋਕਣਾ ਪੈ ਗਿਆ, ਜਿਸ ਕਾਰਨ ਕਮੇਟੀ ਵੱਲੋਂ ਹਾਲ ਦਾ ਰਹਿੰਦਾ ਕੰਮ ਚੋਣਾਂ ਤੋ ਬਾਅਦ ਪੂਰਾ ਕਰਨ ਦਾ ਫੈਸਲਾ ਲਿਆ ਗਿਆ । ਗੁਰਦੁਆਰਾ ਚੋਣਾ ਹੋਈਆਂ ਤੇ ਪਰਾਣੀ ਕਮੇਟੀ ਦੀ ਬਜਾਏ ਇਕ ਨਵੇਂ ਧੜੇ ਦੀ ਕਮੇਟੀ ਬਣ ਗਈ, ਜਿਸ ਨੇ ਚਾਰਜ ਸੰਭਾਲ਼ਦਿਆਂ ਪਹਿਲਾ ਕੰਮ ਹੀ ਇਹ ਕੀਤਾ ਕਿ ਆਪਣੀ ਵਿਰੋਧੀ ਪਾਰਟੀ ਦੁਆਰਾ ਤਿਆਰ ਕੀਤੇ ਜਾ ਰਹੇ ਹਾਲ ਦਾ ਕੰਮ ਪੂਰਾ ਕਰਨ ਦੀ ਬਜਾਏ, ਉਸਦਾ ਕੰਮ ਪੂਰੀ ਤਰਾਂ ਠੱਪ ਹੀ ਨਹੀ ਬਲਕਿ ਹਾਲ ਨੂੰ ‘ਸੁਰੱਖਿਅਤ ਨਹੀਂ’ ਦਾ ਠੱਪਾ ਲਗਾ ਕੇ ਤਾਲਾ ਵੀ ਜੜ ਦਿੱਤਾ ।

ਸੰਗਤ ਦੇ ਚਾਰ ਕੁ ਲੱਖ ਪੌਂਡ ਨਾਲ ਤਿਆਰ ਹੋਣ ਵਾਲਾ ਇਹ ਹਾਲ ਜੋ ਸੰਗਤ ਦੀ ਸਹੂਲਤ ਵਾਸਤੇ ਤਿਆਰ ਕੀਤਾ ਜਾ ਰਿਹਾ ਸੀ ਤੇ ਵਰਤਿਆਂ ਜਾਣਾ ਚਾਹੀਦਾ ਸੀ, ਅੱਜ ਤੱਕ ਗੁਰਦੁਆਰੇ ਵਿਚਲੀ ਧੜੇਬੰਦੀ ਵਾਲੀ ਸਿਆਸਤ ਦਾ ਸ਼ਿਕਾਰ ਹੋ ਕੇ ਤਾਲਾਬੰਦ ਹੋ ਕੇ ਬੇਕਾਰ ਪਿਆ ਹੈ । ਪਤਾ ਲੱਗਾ ਹੈ ਕਿ ਨਵੀਂ ਪਰਬੰਧਕ ਕਮੇਟੀ ਇਸ ਹਾਲ ਨੂੰ ਲੁੜੀਂਦੀ ਸੁਰੱਖਿਆ ਸੰਬੰਧੀ ਜ਼ਰੂਰਤਾਂ ਪੂਰੀਆ ਕਰਕੇ ਖੋਲ੍ਹਣ ਦੀ ਬਜਾਏ, ਗੁਰਦੁਆਰੇ ਦੇ ਗਰਾਊਂਡ ਫਲੋਰ ‘ਤੇ ਕੋਈ ਏਨੀ ਕੁ ਲਾਗਤ ਨਾਲ ਤਿਆਰ ਹੋਣ ਵਾਲਾ ਇਕ ਹੋਰ ਨਵਾਂ ਹਾਲ ਤਿਆਰ ਕਰਨ ਦੀ ਵਿਉਂਤ ਬਣਾ ਰਹੀ ਹੈ ।
ਇੱਥੇ ਜਿਕਰਯੋਗ ਹੈ ਕਿ ਇਹਨਾਂ ਸੱਤਰਾਂ ਦੇ ਲੇਖਕ ਨੇ ਨਵੀਂ ਕਮੇਟੀ ਨੂੰ ਜਦ ਉਸ ਹਾਲ ਨੂੰ ਦੇਖਣ ਵਾਸਤੇ ਬੇਨਤੀ ਕੀਤੀ ਤਾਂ ਇਕ ਕਮੇਟੀ ਅਧਿਕਾਰੀ ਨੇ ਸੁਰੱਖਿਅਤ ਨਹੀਂ ਕਹਿ ਕੇ ਮਨ੍ਹਾ ਕਰ ਦਿੱਤਾ, ਪਰ ਜਦ ਉਸ ਦੇ ਵੀਡੀਓ ਫੁਟੇਜ, ਜੋ ਇੱਥੇ ਲੋਡ ਕੀਤੇ ਗਏ ਹਨ, ਦੇਖੇ ਤਾਂ ਪਤਾ ਲੱਗਾ ਤੇ ਹੈਰਾਨੀ ਵੀ ਹੋਈ ਕਿ ਹਾਲ ਬਣਾਉਣ ਸਮੇਂ ਪਹਿਲੀ ਕਮੇਟੀ ਨੇ ਕਾਫ਼ੀ ਮਿਹਨਤ ਕੀਤੀ ਹੈ, ਵਧੀਆ ਮਾਡਲ ਸਥਾਪਿਤ ਕੀਤੇ ਗਏ ਹਨ, ਲਾਈਟ ਅਤੇ ਸਾਊਂਡ ਦੀ ਵਿਵਸਥਾ ਕੀਤੀ ਗਈ ਹੈ, ਸੰਕਟ ਸਮੇਂ ਬਾਹਰ ਨਿਕਾਸੀ ਵਾਸਤੇ ਪੁਖ਼ਤਾ ਇੰਤਜ਼ਾਮ ਹਨ, ਫਾਇਰ ਅਲਾਰਮ ਤੇ ਐਗਜਿਟ ਦੀ ਵਿਵਸਥਾ ਆਦਿ ਕੀਤੀ ਗਈ ਹੈ ਤਾਂ ਇਹ ਸਮਝ ਤੋਂ ਬਾਹਰ ਵਾਲੀ ਗੱਲ ਲੱਗੀ ਕਿ ਨਵੀੰ ਕਮੇਟੀ ਬਣਦਿਆਂ ਸਾਰ ਹੀ ਇਕਦਮ ਕੀ ਭਾਣਾ ਵਾਪਰ ਗਿਆ ਕਿ ਹਾਲ ਦੀ ਉਸਾਰੀ ਦਾ ਕੰਮ ਇਕ ਦਮ ਰੋਕ ਦਿੱਤਾ ਗਿਆ ਤੇ ਉਹ ਹਾਲ ਅਣਸੁਰੱਖਿਅਤ ਕਰਾਰ ਦੇ ਕੇ ਤਾਲਾ ਜੜ ਦਿੱਤਾ ਗਿਆ ?

ਦਰਅਸਲ ਮਸਲਾ ਨਾ ਸਮਝੀ ਦਾ ਹੈ, ਜਿਦਬਾਦੀ ਦਾ ਹੈ, ਗੁਰੂ ਦੀ ਹਜ਼ੂਰੀ ਚ ਬੈਠ ਦੁਸ਼ਮਣੀ, ਈਰਖਾ, ਧੜੇਬਾਜੀ ਤੇ ਨਫ਼ਰਤ ਪਾਲਣ ਦਾ ਹੈ । ਪਤਾ ਲੱਗਾ ਹੈ ਕਿ ਨਵੀਂ ਕਮੇਟੀ ਇਸ ਕਰਕੇ ਹਾਲ ਦੇ ਰਹਿੰਦੇ ਕੰਮ ਨੂੰ ਪੂਰਾ ਕਰਵਾਕੇ ਖੋਹਲਣ ਦੇ ਹੱਕ ਵਿੱਚ ਨਹੀਂ ਤਾਂ ਕਿ ਇਸ ਹਾਲ ਦੀ ਉਸਾਰੀ ਦਾ ਸਿਹਰਾ ਕਿਧਰੇ ਪੁਰਾਣੀ ਕਮੇਟੀ ਦੇ ਸਿਰ ਨਾ ਬੱਝ ਜਾਵੇ । ਜੇਕਰ ਇਹ ਗੱਲ ਸੱਚੀ ਹੈ ਤਾਂ ਫੇਰ ਨਵੀਂ ਕਮੇਟੀ ਵਾਸਤੇ ਬਹੁਤ ਹੀ ਸ਼ਰਮ ਅਤੇ ਨਮੋਸ਼ੀ ਵਾਲੀ ਗੱਲ ਹੈ । ਇਹਨਾਂ ਕਮੇਟੀ ਪਰਬੰਧਕਾਂ ਤੋ ਪੁੱਛਿਆਂ ਜਾਣਾ ਚਾਹੀਹਦਾ ਕਿ ਜੇਕਰ ਸੰਗਤ ਦੇ ਪੈਸੇ ਦੀ ਬਜਾਏ ਇਹ ਪੈਸਾ ਇਹਨਾ ਨੇ ਆਪਣੀਆ ਜੇਬਾਂ ਵਿੱਚੇ ਖ਼ਰਚਿਆਂ ਹੁੰਦਾ ਤਾਂ ਫਿਰ ਵੀ ਇਸੇ ਤਰਾਂ ਖੇਹ ਖ਼ਰਾਬਾ ਕਰਦੇ ਤੇ ਲੈਸਟਰ ਦੀ ਸੰਗਤ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਸ ਤਰਾਂ ਦੀਆ ਕਮੇਟੀਆਂ ਤੇ ਉਹਨਾ ਦੇ ਅਹੁਦੇਦਾਰਾਂ ਦਾ ਕੀ ਹੱਲ ਕਰਨਾ ਚਾਹੀਦਾ ਹੈ । ਇਸ ਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗਾ ਕਿ ਮੇਰਾ ਉਦੇਸ਼ ਕਿਸੇ ਕਮੇਟੀ ਦੀ ਨਿੰਦਾ ਜਾਂ ਆਲੋਚਨਾ ਕਰਨਾ ਨਹੀਂ ਤੇ ਨਾ ਹੀ ਮੈ ਇਸ ਗੁਰਦੁਆਰੇ ਵਿਚਲੀ ਧੜੇਬੰਦੀ ਦੇ ਕਿਸੇ ਧੜੇ ਦਾ ਹਿੱਸਾ ਹਾਂ, ਗੱਲ ਸਿਰਫ ਸੰਗਤ ਦੇ ਪੈਸੇ ਦੀ ਹੈ, ਗੋਲਕ ਦੇ ਫੰਡਾਂ ਦੀ ਵਰਤੋ ਦੀ ਹੈ ਤੇ ਮੈਂ ਵੀ ਸੰਗਤ ਦਾ ਹਿੱਸਾ ਹਾਂ, ਸੱਚਾਈ ਬਾਹਰ ਲਿਆਉਣਾ ਆਪਣਾ ਫਰਜ ਸਮਝਦਾ ਹਾਂ ਤਾਂ ਕਿ ਸੰਗਤ ਨੂੰ ਪਤਾ ਲੱਗ ਸਕੇ ਕਿ ਜਿਸ ਨੂੰ ਅਸੀਂ ਗੁਰੂ ਘਰ ਕਹਿੰਦੇ ਹਾਂ, ਉਸ ਦੇ ਅੰਦਰ ਪਰਬੰਧਕ ਸੇਵਾ ਕਰਨ ਦੇ ਨਾਮ ਹੇਠ ਸੇਵਾ ਕਰਨ ਦੀ ਦੀ ਬਜਾਏ ਅਸਲ ਵਿਚ ਇਕ ਦੂਸਰੇ ਨੂੰ ਠਿੱਬੀਆਂ ਲਾਉਣ ਦੀ ਖੇਡ ਕਿਵੇ ਗੁਰੂ ਤੋ ਬੇਮੁੱਖ ਤੇ ਬੇਖੌਫ ਹੋ ਕੇ ਸ਼ਰੇਆਮ ਖੇਡ ਰਹੇ ਹਨ । ਉਹਨਾਂ ਨੂੰ ਸੰਗਤ ਦੇ ਭਲੇ ਨਾਲ ਕੋਈ ਵੀ ਵਾਹ ਵਾਸਤਾ ਨਹੀ ਸਗੋ ਉਹ ਤਾਂ ਆਪੋ ਆਪਣੀਆਂ ਚੌਧਰਾਂ ਤੇ ਆਕੜਾਂ ਦਾ ਪ੍ਰਦਰਸ਼ਨ ਕਰਨ ਵਿਚ ਮਗ੍ਹਨ ਹਨ । ਇੱਥੇ ਇਹ ਵੀ ਦੱਸਣਾ ਚਾਹੁਦਾ ਹਾਂ ਕਿ ਇਹ ਉਹ ਗੁਰਦੁਆਰਾ ਹੈ ਜਿਥੇ ਧੜੇਬੰਦੀ ਕਾਰਨ ਪਹਿਲਾਂ ਹੀ ਮੁਕੱਦਮਿਆ ਉਤੇ ਵੀ ਹਜਾਰਾਂ ਪੌਂਡਾਂ ਦਾ ਖਰਚਾ ਕੀਤਾ ਜਾ ਚੁਕਿਆ ਹੈ । ਵਾਹੇਗੁਰੂ ਇਹਨਾ ਨੂੰ ਸੁਮੱਤ ਤੇ ਸਦਬੁੱਧੀ ਬਖਸ਼ੇ ।

– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
05/06/2020

Previous articleLittle sign of progress in latest EU-UK trade talks
Next articleਸਮਾਜਿਕ ਸੰਸਥਾਵਾਂ ਨੇ ਮਿਲ ਕੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ