ਲੇਬਰ ਪਾਰਟੀ ਆਗੂ ਵੱਲੋਂ ਮੁਸਲਮਾਨਾਂ ’ਤੇ ਹਮਲਿਆਂ ਲਈ ਭਾਰਤ ਦੀ ਨਿਖੇਧੀ

ਇੰਗਲੈਂਡ ਦੀ ਸਮਾਨਾਂਤਰ (ਸ਼ੈਡੋ) ਕੈਬਨਿਟ ’ਚ ਮੰਤਰੀ ਜੋਨਾਥਨ ਐਸ਼ਵਰਥ ਨੇ ਮੁਸਲਮਾਨਾਂ ’ਤੇ ਹਮਲਿਆਂ ਲਈ ਭਾਰਤ ਦੀ ਨੁਕਤਾਚੀਨੀ ਕਰਦਿਆਂ ਬ੍ਰਿਟਿਸ਼ ਸਰਕਾਰ ਨੂੰ ਕਿਹਾ ਹੈ ਕਿ ਉਹ ਭਾਰਤ ’ਚ ‘ਚਿੰਤਾਜਨਕ ਹਾਲਾਤ’ ਨੂੰ ਘੋਖ ਕੇ ਉਥੋਂ ਦੀ ਸਰਕਾਰ ਨਾਲ ਇਹ ਮੁੱਦਾ ਉਠਾਏ। ਲੇਬਰ ਪਾਰਟੀ ਦੇ ਸੰਸਦ ਮੈਂਬਰ ਐਸ਼ਵਰਥ ਨੇ ਪਿਛਲੇ ਹਫ਼ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਜੇਰਮੀ ਹੰਟ ਨੂੰ ਪੱਤਰ ਲਿਖ ਕੇ ਕਿਹਾ ਕਿ ਉਸ ਦੇ ਹਲਕੇ ਲੈਸਟਰ ਸਾਊਥ ਦੇ ਕਈ ਲੋਕਾਂ ਨੇ ਮੁਸਲਮਾਨਾਂ ’ਤੇ ਹੋ ਰਹੇ ਹਮਲਿਆਂ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਇਸ ਮੁੱਦੇ ’ਤੇ ਢੁਕਵੇਂ ਕਦਮ ਨਹੀਂ ਉਠਾ ਰਹੀ ਹੈ। ਜ਼ਿਕਰਯੋਗ ਹੈ ਕਿ ਲੈਸਟਰ ਸਾਊਥ ਹਲਕੇ ’ਚ ਭਾਰਤੀ ਮੂਲ ਦੇ ਬਹੁਤੇ ਲੋਕ ਵਸਦੇ ਹਨ।
ਪੱਤਰ ’ਚ ਐਸ਼ਵਰਥ ਨੇ ਕਿਹਾ,‘‘ਭਾਰਤ ’ਚ ਮੁਸਲਮਾਨਾਂ ’ਤੇ ਹੋ ਰਹੇ ਹਮਲਿਆਂ ਕਾਰਨ ਹਾਲਾਤ ਚਿੰਤਾਜਨਕ ਹਨ। ਰਿਪੋਰਟਾਂ ਮੁਤਾਬਕ ਧਰਮ ਦੇ ਆਧਾਰ ’ਤੇ ਹੱਤਿਆਵਾਂ, ਹਮਲੇ, ਦੰਗੇ, ਵਿਤਕਰੇ ਅਤੇ ਭੰਨ-ਤੋੜ ਹੋ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਹੈ।’’ ਮੰਤਰੀ ਹੰਟ ਨੇ ਪੱਤਰ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਮਨੁੱਖੀ ਹੱਕਾਂ ਦਾ ਮਾਮਲਾ ਜ਼ੋਰ-ਸ਼ੋਰ ਨਾਲ ਭਾਰਤ ਕੋਲ ਉਠਾਇਆ ਹੈ ਅਤੇ ਧਰਮ ਦੇ ਆਧਾਰ ’ਤੇ ਵਿਤਕਰੇ ਦੀ ਨਿਖੇਧੀ ਕੀਤੀ ਹੈ। ਮੰਤਰੀ ਦੇ ਤਰਜਮਾਨ ਨੇ ਕਿਹਾ ਕਿ ਭਾਰਤ ’ਚ ਮੁਸਲਮਾਨਾਂ ਦੇ ਹਾਲਾਤ ਸੁਧਾਰਨ ਦੇ ਪ੍ਰਾਜੈਕਟ ਤਹਿਤ ਕੰਮ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਤਹਿਤ ਘੱਟ ਗਿਣਤੀਆਂ ਦੇ 900 ਵਿਦਿਆਰਥੀਆਂ ਨੂੰ ਛੇ ਯੂਨੀਵਰਸਿਟੀਆਂ ’ਚ ਸਿਖਲਾਈ ਦਿੱਤੀ ਗਈ ਹੈ।

Previous articleਕਾਰ ਦੇ ਦਰਵਾਜ਼ਿਆਂ ’ਚੋਂ 16 ਕਿੱਲੋ ਅਫ਼ੀਮ ਬਰਾਮਦ
Next articleਮੀਂਹ ਮਗਰੋਂ ਸਿਟੀ ਬਿਊਟੀਫੁਲ ਹੋਈ ਪਾਣੀ ਨਾਲ ‘ਫੁੱਲ’