ਲੂਕਾ ਮੌਡਰਿਚ ਨੂੰ ਬਾਲੋਨ ਡਿ’ਓਰ’ ਖ਼ਿਤਾਬ

ਕ੍ਰੋਏਸ਼ੀਆ ਅਤੇ ਰਿਆਲ ਮੈਡਰਿਡ ਦੇ ਮਿੱਡਫੀਲਡਰ ਲੂਕਾ ਮੌਡਰਿਚ ਨੇ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਓਨਲ ਮੈਸੀ ਵਰਗੇ ਸਟਾਰਾਂ ਨੂੰ ਪਛਾੜ ਕੇ ਫੀਫਾ ਦੇ ਸਾਲ 2018 ਦੇ ਸਰਵੋਤਮ ਫੁਟਬਾਲਰ ਦਾ ਪੁਰਸਕਾਰ ਜਿੱਤ ਲਿਆ ਹੈ। ਮੌਡਰਚਿ ਨੂੰ ਬਾਲੋਨ ਡਿ’ਓਰ (ਗੋਲਡਨ ਬਾਲ) ਦਾ ਇਹ ਖ਼ਿਤਾਬ ਆਪਣੇ ਦੇਸ਼ ਨੂੰ ਫੁਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਾਉਣ ਅਤੇ ਆਪਣੇ ਕਲੱਬ ਰਿਆਲ ਮੈਡਰਿਡ ਨੂੰ ਲਗਾਤਾਰ ਤੀਜੀ ਵਾਰ ਚੈਂਪੀਅਨਜ਼ ਲੀਗ ਦਾ ਖ਼ਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਕਾਰਨ ਦਿੱਤਾ ਗਿਆ। ਕ੍ਰੋਏਸ਼ੀਆ ਦਾ ਸਟਾਰ ਫੁਟਬਾਲਰ ਇਸ ਤੋਂ ਪਹਿਲਾਂ ਸਤੰਬਰ ਵਿੱਚ ਫੀਫਾ ਦੇ ਸਾਲ ਦਾ ਸਰਵੋਤਮ ਖਿਡਾਰੀ ਦਾ ਖ਼ਿਤਾਬ ਵੀ ਜਿੱਤ ਚੁੱਕਿਆ ਹੈ। ਪਿਛਲੇ ਦਸ ਸਾਲਾਂ ਤੋਂ ਇਸ ਪੁਰਸਕਾਰ ’ਤੇ ਰੋਨਾਲਡੋ ਜਾਂ ਮੈਸੀ ਦਾ ਹੀ ਕਬਜ਼ਾ ਸੀ। ਇਸ ਵਾਰ ਰੋਨਾਲਡੋ ਦੂਜੇ, ਫਰਾਂਸ ਅਤੇ ਐਟਲੈਟਿਕੋ ਮੈਡਰਿਡ ਦਾ ਸਟਰਾਈਕਰ ਅੰਤੋਇਨੋ ਗਰਿੱਜ਼ਮੈਨ ਤੀਜੇ ਸਥਾਨ ’ਤੇ ਰਹੇ। ਪੈਰਿਸ ਸੇਂਟ ਜਰਮਨ ਦਾ ਨੌਜਵਾਨ ਫਾਰਵਰਡ ਕਿਲੀਅਨ ਮਬਾਪੇ ਚੌਥੇ ਅਤੇ ਮੈਸੀ ਪੰਜਵੇਂ ਸਥਾਨ ’ਤੇ ਸਨ। ਪਹਿਲੀ ਵਾਰ ਮਹਿਲਾ ਵਰਗ ਵਿੱਚ ਵੀ ਸਰਵੋਤਮ ਫੁਟਬਾਲਰ ਦਾ ਐਲਾਨ ਕੀਤਾ ਗਿਆ। ਲਿਓਨ ਅਤੇ ਨਾਰਵੇ ਦੀ ਸਟਰਾਈਕਰ ਅਦਾ ਹੈਗਰਬਰਗ ਸਰਵੋਤਮ ਖਿਡਾਰਨ ਬਣੀ। ਇਟਲੀ ਦੇ ਫੇਬਿਓ ਕਾਨਾਵਾਰੋ ਮਗਰੋਂ ਸਭ ਤੋਂ ਵੱਡੀ ਉਮਰ ਦੇ ਜੇਤੂ ਮੌਡਰਿਚ ਨੇ 36 ਸਾਲ ਦੀ ਉਮਰ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ।

Previous articleਵਿਸ਼ਵ ਹਾਕੀ: ਚੈਂਪੀਅਨ ਆਸਟਰੇਲੀਆ ਆਖ਼ਰੀ ਅੱਠ ’ਚ
Next articleਗੁਰਦਾਸਪੁਰ ਇਲੈਵਨ ਦੀ ਟੀਮ 66 ਦੌੜਾਂ ਨਾਲ ਜੇਤੂ