ਲੁੱਟਾਂ-ਖੋਹਾਂ ਕਰਨ ਵਾਲੇ ਗਰੋਹਾਂ ਦਾ ਪਰਦਾਫਾਸ਼

ਜ਼ਿਲ੍ਹਾ ਪੁਲੀਸ ਦੇ ਮੁੱਖ ਦਫ਼ਤਰ ’ਚ ਬੁਲਾਏ ਗਏ ਪ੍ਰੈੱਸ ਕਾਨਫਰੰਸ ਦੌਰਾਨ ਫਾਜ਼ਿਲਕਾ ਦੇ ਜ਼ਿਲ੍ਹਾ ਪੁਲੀਸ ਮੁਖੀ ਡਾ. ਕੇਤਨ ਬਾਲੀਰਾਮ ਪਾਟਿਲ ਨੇ ਦਾਅਵਾ ਕੀਤਾ ਹੈ ਕਿ ਪੁਲੀਸ ਨੇ ਪੰਜ ਵਿਅਕਤੀਆਂ ਨੂੰ 15 ਚੋਰੀ ਦੇ ਮੋਟਰਸਾਈਕਲਾਂ, ਇਕ ਐਕਟਿਵਾ ਤੇ 62 ਗ੍ਰਾਮ ਸੋਨਾ, ਇਕ ਕਿਲੋ ਚਾਂਦੀ ਚੋਰੀ ਕਰਦੇ ਸਮੇਂ ਤਾਲੇ ਤੋੜਨ ਲਈ ਵਰਤੀ ਜਾਣ ਵਾਲੀ ਰਾੜ, ਇਕ ਮੋਟਰਸਈਕਲ ਪਲਸਰ ਸਣੇ ਗ੍ਰਿਫ਼ਤਾਰ ਕੀਤਾ ਹੈ। ਫੜ੍ਹੇ ਗਏ ਮੁਲਜ਼ਮਾਂ ਨਾਲ 2 ਸਹਾਇਕ ਮੁਲਜ਼ਮ ਨਾਬਾਲਕ ਹਨ ਤੇ ਉਨ੍ਹਾਂ ਖ਼ਿਲਾਫ਼ ਜੁਵੇਨਾਈਲ ਐਕਟ ਅਧੀਨ ਕੇਸ ਚਲਾਇਆ ਜਾਵੇਗਾ। ਐਸਐਸਪੀ ਫਾਜ਼ਿਲਕਾ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਕੋਲੋਂ 62 ਗ੍ਰਾਮ ਸੋਨਾ, ਇਕ ਕਿਲੋ ਚਾਂਦੀ ਜੋ ਉਨ੍ਹਾਂ ਨੇ ਫਾਜ਼ਿਲਕਾ ਦੇ ਇਕ ਸੁਨਿਆਰੇ ਸ਼੍ਰੀਰਾਮ ਜਵੈਲਰ ਦੀ ਦੁਕਾਨ ਤੋਂ ਚੋਰੀ ਕੀਤਾ ਸੀ, ਵੀ ਬਰਾਮਦ ਕੀਤੀ ਹੈ। ਇਹ ਮੁਲਜ਼ਮ 26 ਅਕਤੂਬਰ ਨੂੰ ਕੇਸ ਨੰ. 125 ਤੇ 7 ਸਤੰਬਰ ਨੂੰ ਕੇਸ ਨੰ. 101 ਅਧੀਨ ਲੋੜੀਂਦੇ ਸਨ। ਮੁੱਖ ਅਫ਼ਸਰ ਥਾਣਾ ਸਿਟੀ ਫਾਜ਼ਿਲਕਾ ਲਵਮੀਤ ਕੌਰ ਤੇ ਡੀਐਸਪੀ ਵੈਭਵ ਸਹਿਗਲ ਤੇ ਐਸਪੀਡੀ ਮੁਖਤਿਆਰ ਸਿੰਘ ਦੀ ਅਗਵਾਈ ’ਚ ਟੀਮ ਨੇ ਕਾਲੀ ਉਰਫ਼ ਕੇਵਲ ਕ੍ਰਿਸ਼ਨ ਵਾਸੀ ਚੱਕ ਅਰਨੀਵਾਲਾ ਥਾਣਾ ਜਲਾਲਾਬਾਦ, ਬੱਬੂ ਉਰਫ਼ ਬਿੰਦਰ ਵਾਸੀ ਆਨੰਦਪੁਰ ਮੁਹੱਲਾ ਫਾਜ਼ਿਲਕਾ, ਗੁਰਨਾਮ ਸਿੰਘ ਉਰਫ਼ ਗਾਮੀ ਵਾਸੀ ਟਿਵਾਨਾ ਜਲਾਲਾਬਾਦ ਦੇ ਕਬਜ਼ੇ ‘ਚੋਂ ਚੋਰੀ ਕੀਤੇ ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ ਕੀਤੇ ਹਨ। ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਹਰਦੀਪ ਸਿੰਘ ਵਾਸੀ ਟਿਵਾਨਾ, ਪੰਕਜ ਸੁਨਿਆਰਾ ਵਾਸੀ ਟਿਵਾਨਾ, ਸੋਨੂੰ ਵਾਸੀ ਕੰਨਲਾਂ ਵਾਲੇ ਝੁੱਗੇ, ਪਰਮਜੀਤ ਸਿੰਘ ਉਰਫ਼ ਪੰਮੀ ਵਾਸੀ ਝੁੱਗੇ ਜਵਾਹਰ ਸਿੰਘ ਤੇ ਰੌਣਕੀ ਉਰਫ਼ ਜਸਵੀਰ ਸਿੰਘ ਵਾਸੀ ਝੁੱਗੇ ਜਵਾਹਰ ਸਿੰਘ ਜੋ ਇਨ੍ਹਾਂ ਦੇ ਨਾਲ ਮੋਟਰਸਾਈਕਲ ਚੋਰੀਆਂ ਕਰਨ ਤੇ ਲੁੱਟਣ ‘ਚ ਸ਼ਾਮਲ ਸਨ, ਨੂੰ ਵੀ ਜਲਦੀ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕਈ ਥਾਣਿਆਂ ’ਚ ਪਹਿਲਾਂ ਵੀ ਕਈ ਕੇਸ ਦਰਜ ਹਨ। ਰੌਣਕੀ ਉਰਫ਼ ਜਸਵੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ ਜਲਾਲਾਬਾਦ ’ਚ 302, 342, 323, 324 ਅਧੀਨ ਕੇਸ ਦਰਜ ਹੈ। ਇਸ ਤੋਂ ਇਲਾਵਾ ਗੁਰਨਾਮ ਸਿੰਘ ਉਰਫ਼ ਗਾਮੀ ਖ਼ਿਲਾਫ਼ ਜਲਾਲਾਬਾਦ ਥਾਣਿਆਂ ’ਚ 9 ਕੇਸ ਦਰਜ ਹਨ। ਇਸੇ ਤਰ੍ਹਾਂ ਪਰਮਜੀਤ ਸਿੰਘ ਉਰਫ਼ ਪੰਮੀ ਖ਼ਿਲਾਫ਼ ਵੀ ਤਿੰਨ ਮੁਕੱਦਮੇ ਦਰਜ ਹਨ।

Previous articleਕਰਾਚੀ ਵਿਚ ਚੀਨੀ ਕੌਂਸੁਲੇਟ ’ਤੇ ਆਤਮਘਾਤੀ ਹਮਲਾ; ਸੱਤ ਮੌਤਾਂ
Next article550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਸਿੱਕੇ ਜਾਰੀ