ਲੁਧਿਆਣਾ ਵਿੱਚ ਕਾਂਗਰਸੀ ਆਗੂ ਦੀ ਹੱਤਿਆ

ਸ਼ਹਿਰ ਦੇ ਪੈਵੇਲੀਅਨ ਸ਼ਾਪਿੰਗ ਮਾਲ ਦੀ ਚੌਥੀ ਮੰਜ਼ਿਲ ’ਤੇ ਸਥਿਤ ਇਕ ਰੈਸਟੋਰੈਂਟ ਵਿੱਚ ਕਾਂਗਗਸੀ ਆਗੂ ਪਰਮਿੰਦਰ ਸਿੰਘ ਪੱਪੂ ਦੀ ਜਨਮ ਦਿਨ ਪਾਰਟੀ ਵਿੱਚ ਗੋਲੀ ਚੱਲ ਗਈ। ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਇੱਕ ਨੌਜਵਾਨ ਨੇ ਪਰਮਿੰਦਰ ਸਿੰਘ ਪੱਪੂ ਦੇ ਦੋਸਤ ਕਾਂਗਰਸੀ ਆਗੂ ਮਨਜੀਤ ਸਿੰਘ ’ਤੇ ਗੋਲੀ ਚਲਾ ਦਿੱਤੀ। ਮੁਲਜ਼ਮ ਨੇ ਇੱਕ ਨਹੀਂ ਬਲਕਿ ਆਪਣੇ ਲਾਇਸੈਂਸੀ ਪਿਸਤੌਲ ਨਾਲ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ ਇੱਕ ਗੋਲੀ ਮਨਜੀਤ ਨੂੰ ਲੱਗੀ। ਇਸ ਦੌਰਾਨ ਵਿੱਚ-ਬਚਾਅ ਕਰਨ ਆਏ ਦਿੱਲੀ ਵਾਸੀ ਸੁਮਿਤ ਸੈਣੀ ਦੀ ਲੱਤ ’ਤੇ ਵੀ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਿਆ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਪੁਲੀਸ ਕਮਿਸ਼ਨਰ ਦੀ ਕੋਠੀ ਇਸ ਸ਼ਾਪਿੰਗ ਮਾਲ ਦੇ ਬਿਲਕੁਲ ਨਾਲ ਲੱਗਦੀ ਹੈ ਅਤੇ ਹੋਰ ਪ੍ਰਮੁੱਖ ਪੁਲੀਸ ਅਧਿਕਾਰੀਆਂ ਦੀ ਕਲੋਨੀ ਵੀ ਉੱਥੇ ਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਉੱਥੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ ਉੱਤੇ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੇ ਜਾਂਚ ਤੋਂ ਬਾਅਦ ਮਨਜੀਤ ਸਿੰਘ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।

ਪੁਲੀਸ ਨੇ ਇਸ ਮਾਮਲੇ ’ਚ ਮਨਜੀਤ ਦੀ ਪਤਨੀ ਰਣਦੀਪ ਕੌਰ ਦੀ ਸ਼ਿਕਾਇਤ ’ਤੇ ਪਿੰਡ ਸਾਹਿਬਆਣਾ ਦੇ ਵਸਨੀਕ ਜਸਵਿੰਦਰ ਸਿੰਘ ਉਰਫ਼ ਬਿੰਦੀ ਤੇ ਬੁਲਾਰਾ ਵਾਸੀ ਜਗਦੀਪ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਬਿੰਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਜਗਦੀਪ ਹਾਲੇ ਫ਼ਰਾਰ ਹੈ। ਜਮਾਲਪੁਰ ਵਾਸੀ ਕਾਂਗਰਸੀ ਨੇਤਾ ਪਰਮਿੰਦਰ ਸਿੰਘ ਪੱਪੂ ਦਾ ਜਨਮ ਦਿਨ ਸੀ। ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਪੱਪੂ ਨੇ ਆਪਣੇ ਕੁਝ ਖ਼ਾਸ ਦੋਸਤਾਂ ਲਈ ਪੈਵੇਲੀਅਨ ਸ਼ਾਪਿੰਗ ਮਾਲ ਦੀ ਚੌਥੀ ਮੰਜ਼ਿਲ ਉੱਤੇ ਸਥਿਤ ਇਕ ਰੈਸਟੋਰੈਂਟ ’ਚ ਪਾਰਟੀ ਰੱਖੀ ਸੀ। ਇਸ ਪਾਰਟੀ ’ਚ ਬਿੰਦੀ ਪਹਿਲਾਂ ਤੋਂ ਮੌਜੂਦ ਸੀ। ਪੱਪੂ ਦਾ ਦੋਸਤ ਕਾਂਗਰਸੀ ਆਗੂ ਮਨਜੀਤ ਸਿੰਘ ਆਪਣੀ ਪਤਨੀ ਨਾਲ ਪਾਰਟੀ ’ਚ ਪਹੁੰਚਿਆ। ਸਾਰੇ ਪਾਰਟੀ ਦਾ ਜਸ਼ਨ ਮਨਾ ਰਹੇ ਸਨ। ਇਸੇ ਦੌਰਾਨ ਮਨਜੀਤ ਤੇ ਬਿੰਦੀ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਬਿੰਦੀ ਵੱਲੋਂ ਜਗਦੀਪ ਅਤੇ ਇੱਕ ਹੋਰ ਨੌਜਵਾਨ ਵੀ ਮਨਜੀਤ ਨਾਲ ਬਹਿਸਣ ਲੱਗੇ। ਚਾਰਾਂ ਵਿੱਚ ਹੱਥੋਪਾਈ ਸ਼ੁਰੂ ਹੋ ਗਈ। ਇਸੇ ਦੌਰਾਨ ਬਿੰਦੀ ਨੇ ਆਪਣੇ 32 ਬੋਰ ਦੇ ਪਿਸਤੌਲ ਨਾਲ ਪੰਜ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ’ਚੋਂ ਇੱਕ ਗੋਲੀ ਮਨਜੀਤ ਦੇ ਲੱਗ ਗਈ। ਇਸ ਦੌਰਾਨ ਜਦੋਂ ਪੱਪੂ ਦਾ ਦੋਸਤ ਸੁਮਿਤ ਸੈਣੀ ਬਚਾਅ ਕਰਨ ਲੱਗਿਆ ਤਾਂ ਇੱਕ ਗੋਲੀ ਉਸ ਦੀ ਲੱਤ ’ਤੇ ਵੀ ਲੱਗ ਗਈ। ਗੋਲੀਆਂ ਚੱਲਦੇ ਹੀ ਭਗਦੜ ਮੱਚ ਗਈ। ਇਸੇ ਦੌਰਾਨ ਬਿੰਦੀ ਗੋਲੀਆਂ ਉੱਥੋਂ ਫ਼ਰਾਰ ਹੋ ਗਿਆ। ਮਨਜੀਤ ਨੂੰ ਜ਼ਖ਼ਮੀ ਹਾਲਤ ਵਿੱਚ ਡੀਐੱਮਸੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਸੁਮਿਤ ਸੀਐੱਮਸੀ ਹਸਪਤਾਲ ’ਚ ਦਾਖਲ ਹੈ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Previous articleSecurity beefed up along the LoC over Pak’s aggressive stance
Next articleਪਾਕਿ ਨੂੰ ਦੋ ਜਵਾਨਾਂ ਦੀਆਂ ਲਾਸ਼ਾਂ ਲੈਣ ਲਈ ਦਿਖਾਉਣਾ ਪਿਆ ਸਫ਼ੈਦ ਝੰਡਾ