ਲੁਧਿਆਣਾ ਜੇਲ੍ਹ ਕਾਂਡ ਦੀ ਮੈਜਿਸਟਰੇਟੀ ਜਾਂਚ ਸ਼ੁਰੂ

ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਸਬੰਧੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਸਮੇਤ ਦੂਜੀਆਂ ਗਠਿਤ ਕੀਤੀਆਂ ਵਿਸ਼ੇਸ਼ ਜਾਂਚ ਟੀਮਾਂ ਨੇ ਅੱਜ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਅਗਰਵਾਲ ਨੇ ਅੱਜ ਲੁਧਿਆਣਾ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਜੇਲ੍ਹ ਹਿੰਸਾ ਦੇ ਵੱਖ ਵੱਖ ਪੱਖਾਂ ਬਾਰੇ ਜਾਂਚ ਪੜਤਾਲ ਕੀਤੀ। ਉਹ 6 ਘੰਟੇ ਤੋਂ ਵੱਧ ਸਮਾਂ ਜੇਲ੍ਹ ਅੰਦਰ ਰਹੇ ਅਤੇ ਉਨ੍ਹਾਂ ਬਰੀਕੀ ਨਾਲ ਸਾਰੇ ਪੱਖਾਂ ਤੋਂ ਵੇਰਵੇ ਹਾਸਲ ਕੀਤੇ। ਉਨ੍ਹਾਂ ਜੇਲ੍ਹ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਦੇ ਬਿਆਨ ਕਲਮਬੱਧ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਜੇਲ੍ਹ ਅੰਦਰ ਮੁਲਾਕਾਤੀ ਸਥਾਨ ਦਾ ਦੌਰਾ ਕੀਤਾ ਅਤੇ ਮੁਲਾਕਾਤੀਆਂ ਦੇ ਵੇਰਵੇ ਦਾ ਸਾਰਾ ਰਿਕਾਰਡ ਕਬਜ਼ੇ ਵਿੱਚ ਲਿਆ। ਉਨ੍ਹਾਂ ਜੇਲ੍ਹ ’ਚ ਉਨ੍ਹਾਂ ਥਾਵਾਂ ਦਾ ਵੀ ਦੌਰਾ ਕੀਤਾ, ਜਿੱਥੋਂ ਜੇਲ੍ਹ ਦੇ ਕੈਦੀ ਫ਼ਰਾਰ ਹੋ ਗਏ ਸਨ। ਸ੍ਰੀ ਅਗਰਵਾਲ ਨੇ ਕੇਂਦਰੀ ਜੇਲ੍ਹ ਦੇ ਰਿਕਾਰਡ ਦੀ ਵੀ ਚੈਕਿੰਗ ਕੀਤੀ ਅਤੇ ਜੇਲ੍ਹ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲਈ। ਉਨ੍ਹਾਂ ਉਹ ਥਾਂ ਵੀ ਵੇਖੀ ਜਿੱਥੇ ਗੋਲੀਆਂ ਚੱਲੀਆਂ ਸਨ। ਇਸ ਦੌਰਾਨ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਡੀਸੀਪੀ ਅਸ਼ਵਨੀ ਕਪੂਰ ਦੀ ਅਗਵਾਈ ਹੇਠ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ ਨੇ ਵੀ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਅਤੇ ਉਸ ਦਿਨ ਵਾਪਰੀਆਂ ਹਿੰਸਕ ਘਟਨਾਵਾਂ ਸਬੰਧੀ ਵੇਰਵੇ ਇਕੱਤਰ ਕੀਤੇ। ਜਾਂਚ ਟੀਮ ਵਿੱਚ ਏਡੀਸੀਪੀ ਅਜਿੰਦਰ ਸਿੰਘ, ਏਸੀਪੀ ਦਵਿੰਦਰ ਚੌਧਰੀ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਭੱਟੀ ਵੀ ਸ਼ਾਮਲ ਹਨ। ਦੂਜੇ ਪਾਸੇ ਜੁਡੀਸ਼ਲ ਮਜਿਸਟ੍ਰੇਟ ਹੁਸਨਜੀਤ ਸਿੰਘ ਬਾਜਵਾ ਵੱਲੋਂ ਵੀ ਕੈਦੀ ਅਜੀਤ ਸਿੰਘ ਬਾਬਾ ਦੀ ਮੌਤ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੁਡੀਸ਼ਲ ਮੈਜਿਸਟਰੇਟ ਸ੍ਰੀ ਬਾਜਵਾ ਨੇ ਵਾਪਰੀਆਂ ਹਿੰਸਕ ਘਟਨਾਵਾਂ ਦੌਰਾਨ ਪੁਲੀਸ ਗੋਲੀ ਨਾਲ ਮਰੇ ਅਜੀਤ ਸਿੰਘ ਬਾਬਾ ਦੀ ਮੌਤ ਸਬੰਧੀ ਤੱਥ ਇਕੱਤਰ ਕੀਤੇ ਹਨ। ਪੁਲੀਸ ਕਮਿਸ਼ਨਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਵੱਲੋਂ ਏਸੀਪੀ ਸੰਦੀਪ ਵਡੇਰਾ ਉੱਪਰ ਕੀਤੇ ਗਏ ਹਮਲੇ ਦੇ ਸਬੰਧ ਵਿੱਚ ਮੁਲਜ਼ਮਾਂ ਦੀ ਸ਼ਨਾਖ਼ਤ ਕਰਨ ਲਈ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲਈ ਗਈ ਹੈ। ਪੁਲੀਸ ਵੱਲੋਂ ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 307, 353, 186, 148 ਅਤੇ 149 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।

Previous articleਸਿਵਲ ਲਾਈਨ ਕਲੱਬ ਦੀ ਚੋਣ: ਪੁਲੀਸ ਛਾਉਣੀ ਬਣਿਆ ਰਿਹਾ ਕਲੱਬ
Next articleਅਮਰੀਕੀ ਸਿੱਖਾਂ ਨੇ ਕਮਲਾ ਹੈਰਿਸ ਨੂੰ ਮੁਆਫ਼ੀ ਮੰਗਣ ਲਈ ਕਿਹਾ