ਲੁਧਿਆਣਾ ’ਚ ਠੰਢ ਨੇ 45 ਸਾਲਾਂ ਦਾ ਰਿਕਾਰਡ ਤੋੜਿਆ

ਪਹਾੜਾਂ ’ਤੇ ਹੋ ਰਹੀ ਬਰਫ਼ਬਾਰੀ ਦੇ ਚੱਲਦੇ ਮੈਦਾਨੀ ਇਲਾਕਿਆਂ ’ਚ ਠੰਢ ਦਾ ਕਹਿਰ ਵੱਧ ਗਿਆ ਹੈ। ਲੁਧਿਆਣਾ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਠੰਢ ਨੇ ਆਪਣੇ 45 ਸਾਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮੰਗਲਵਾਰ ਨੂੰ ਲੁਧਿਆਣਾ ਸ਼ਹਿਰ ਦਾ ਜ਼ਿਆਦਾਤਰ ਤਾਪਮਾਨ 14.2 ਡਿਗਰੀ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਾਲ 1974 ’ਚ ਇੰਨਾ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਠੰਢ ਦਾ ਕਹਿਰ ਜਾਰੀ ਰਹੇਗਾ। ਇਸ ਨਾਲ ਘੱਟੋ-ਘੱਟ ਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਇਸੇ ਤਰ੍ਹਾਂ ਥੱਲੇ ਆਵੇਗਾ। ਪੀਏਯੂ ਮੌਸਮ ਵਿਭਾਗ ਦੀ ਡਾ. ਪ੍ਰਭਜੀਤ ਕੌਰ ਨੇ ਦੱਸਿਆ ਕਿ ਸਾਲ 2019 ’ਚ 16 ਦਸੰਬਰ ਨੂੰ ਜ਼ਿਆਦਾਤਰ ਤਾਪਮਾਨ 12.4 ਡਿਗਰੀ ਅਤੇ 17 ਦਸੰਬਰ ਨੂੰ 14.2 ਡਿਗਰੀ ਦਰਜ ਕੀਤਾ ਗਿਆ ਸੀ। ਸਾਲ 1973 ’ਚ 16 ਦਸੰਬਰ ਨੂੰ ਜ਼ਿਆਦਾਤਰ ਤਾਪਮਾਨ 10.8 ਡਿਗਰੀ ਤੇ 17 ਦਸੰਬਰ ਨੂੰ 13.5 ਡਿਗਰੀ ਰਿਹਾ ਸੀ। ਇਸੇ ਤਰ੍ਹਾਂ ਸਾਲ 1974 ਨੂੰ 18.0 ਡਿਗਰੀ ਅਤੇ 17 ਦਸੰਬਰ ਨੂੰ 14.5 ਡਿਗਰੀ ਰਿਹਾ ਸੀ। ਇਸੇ ਤਰ੍ਹਾਂ ਦੋ ਦਿਨਾਂ ’ਚ ਲਗਭਗ 45 ਸਾਲ ਦਾ ਰਿਕਾਰਡ ਟੁੱਟਿਆ ਹੈ। ਹੁਣ 18 ਦਸੰਬਰ ਨੂੰ ਜ਼ਿਆਦਾਤਰ ਤਾਪਮਾਨ 14.4 ਡਿਗਰੀ ਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ ਹੈ। ਡਾ. ਪ੍ਰਭਜੀਤ ਕੌਰ ਅਨੁਸਾਰ ਆਉਣ ਵਾਲੇ ਦਿਨਾਂ ’ਚ ਠੰਢ ਵਧੇਗੀ। ਹੁਣ ਪੰਜਾਬ ’ਚ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ ਪਰ ਠੰਡ ਦਾ ਕਹਿਰ ਜਾਰੀ ਰਹੇਗਾ। ਉਧਰ, ਸਨਅਤੀ ਸ਼ਹਿਰ ਵਿੱਚ ਵੱਧੀ ਸ਼ੀਤ ਲਹਿਰ ਦਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ। ਕੰਬਣੀ ਛੇੜਨ ਵਾਲੀ ਠੰਢ ਵਿੱਚ ਬਜ਼ੁਰਗ ਬੱਚੇ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ। ਬਾਹਰੀ ਇਲਾਕਿਆਂ ਵਿੱਚ ਠੰਢ ਦੇ ਨਾਲ-ਨਾਲ ਧੁੰਦ ਵੀ ਪੈ ਰਹੀ ਹੈ, ਜਿਸ ਕਾਰਨ ਸੜਕੀ ਤੇ ਰੇਲਵੇ ਦੋਵੇਂ ਰਸਤਿਆਂ ’ਤੇ ਚੱਲਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ’ਤੇ ਚੱਲਣ ਵਾਲੇ ਵਾਹਨਾਂ ਦੀ ਸਪੀਡ ਨੂੰ ਬਰੇਕਾਂ ਲੱਗੀਆਂ ਰਹੀਆਂ ਤੇ ਨਾਲ ਹੀ ਧੁੰਦ ਕਾਰਨ ਲੁਧਿਆਣਾ ਤੋਂ ਲੰਘਣ ਵਾਲੀਆਂ ਕਈ ਰੇਲ ਗੱਡੀਆਂ ਰੱਦ ਰਹੀਆਂ ਤੇ ਦਰਜਨਾਂ ਰੇਲ ਗੱਡੀਆਂ ਘੰਟਿਆਂ ਲੇਟ ਚੱਲੀਆਂ।

Previous articleਹਥਿਆਰ ਦਿਖਾ ਕੇ ਸਾਬਕਾ ਫ਼ੌਜੀ ਕੋਲੋਂ ਕਾਰ ਖੋਹੀ
Next articleਕੰਟਰੋਲ ਰੇਖਾ ਦੇ ਨਾਲ ਹਾਲਾਤ ਕਦੇ ਵੀ ਵਿਗੜ ਸਕਦੇ ਨੇ: ਫ਼ੌਜ ਮੁਖੀ