ਲੁਧਿਆਣਾ ’ਚ ਕਰੋਨਾ ਨਾਲ ਦੋ ਮੌਤਾਂ

ਆਰਪੀਐੱਫ ਦੇ 34 ਮੁਲਾਜ਼ਮਾਂ ਦੀ ਗਿਣਤੀ ਕੇਂਦਰੀ ਕੋਟੇ ਵਿੱਚ ਹੋਣ ਮਗਰੋਂ ਪੰਜਾਬ ’ਚ ਕੁੱਲ ਕੇਸ ਘਟ ਕੇ 1932 ਹੋਏ

ਚੰਡੀਗੜ੍ਹ (ਸਮਾਜਵੀਕਲੀ) : ਪੰਜਾਬ ਵਿੱਚ ਕਰੋਨਾ ਪਾਜ਼ੇਟਿਵ ਨਵੇਂ ਮਰੀਜ਼ਾਂ ਦੀ ਗਿਣਤੀ ਘਟਣ ਕਾਰਨ ਜਿੱਥੇ ਇੱਕ ਪਾਸੇ ਪਿਛਲੇ ਤਿੰਨ ਦਿਨਾਂ ਤੋਂ ਮਾਮੂਲੀ ਰਾਹਤ ਮਹਿਸੂਸ ਕੀਤੀ ਜਾ ਰਹੀ ਸੀ, ਉਥੇ ਅੱਜ ਲੁਧਿਆਣਾ ’ਚ ਕਰੋਨਾਵਾਇਰਸ ਮਹਾਮਾਰੀ ਅੱਗੇ ਦੋ ਵਿਅਕਤੀ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਜ਼ਿਲ੍ਹੇ ਵਿੱਚ ਹੁਣ ਤੱਕ ਸਭ ਤੋਂ ਵੱਧ 8 ਮੌਤਾਂ ਹੋ ਚੁੱਕੀਆਂ ਹਨ।

ਪੰਜਾਬ ਵਿੱਚ ਹੁਣ ਤਕ 1932 ਵਿਅਕਤੀ ਕਰੋਨਾ ਦੀ ਮਾਰ ਹੇਠ ਆ ਚੁੱਕੇ ਹਨ ਤੇ ਮੌਤਾਂ ਦਾ ਅੰਕੜਾ 34 ਤੱਕ ਪਹੁੰਚ ਗਿਆ ਹੈ। ਮਰਨ ਵਾਲਿਆਂ ਵਿੱਚ ਛੇ ਮਹੀਨਿਆਂ ਦੀ ਇਕ ਬੱਚੀ ਵੀ ਸ਼ਾਮਲ ਹੈ। ਸਿਹਤ ਵਿਭਾਗ ਨੇ ਲੰਘੇ ਕੱਲ੍ਹ ਪਾਜ਼ੇਟਿਵ ਕੇਸਾਂ ਦਾ ਅੰਕੜਾ 1935 ਦੱਸਿਆ ਸੀ।

ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਧਿਆਣਾ ’ਚ ਰੇਲਵੇ ਪੁਲੀਸ ਦੇ 34 ਮੁਲਾਜ਼ਮਾਂ ਵਿੱਚ ਕਰੋਨਾ ਦੇ ਲੱਛਣ ਹੋਣ ਦੀ ਪੁਸ਼ਟੀ ਹੋਈ ਸੀ, ਪਰ ਇਹ ਮਾਮਲੇ ਪੰਜਾਬ ਦੀ ਥਾਂ ਕੇਂਦਰ ਸਰਕਾਰ ਦੇ ਅੰਕੜਿਆਂ ਵਿੱਚ ਸ਼ਾਮਲ ਕਰ ਦਿੱਤੇ ਗਏ ਹਨ। ਮਹਾਮਾਰੀ ਦੇ ਦੌਰ ਦੌਰਾਨ ਰਾਹਤ ਵਾਲੀ ਖ਼ਬਰ ਹੈ ਕਿ ਅੱਜ ਤੱਕ 508 ਵਿਅਕਤੀਆਂ ਨੇ ਕਰੋਨਾਂ ’ਤੇ ਫਤਿਹ ਹਾਸਲ ਕਰ ਲਈ ਹੈ। ਮੋਗਾ ਵਿੱਚ ਵੱਡੀ ਗਿਣਤੀ ਮਰੀਜ਼ਾਂ ਦੇ ਠੀਕ ਹੋਣ ਮਗਰੋਂ ਜ਼ੇਰੇ ਇਲਾਜ ਵਿਅਕਤੀਆਂ ਦੀ ਗਿਣਤੀ 11 ਹੀ ਰਹਿ ਗਈ ਹੈ।

ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 15 ਨਵੇਂ ਕੇਸ ਰਿਪੋਰਟ ਹੋਏ ਹਨ। ਲੁਧਿਆਣਾ ’ਚ ਤਿੰਨ, ਬਠਿੰਡਾ, ਰੋਪੜ ਤੇ ਫ਼ਤਿਹਗੜ੍ਹ ਸਾਹਿਬ ਵਿੱਚ 1-1, ਫਾਜ਼ਿਲਕਾ ਵਿੱਚ 3 ਅਤੇ ਫਰੀਦਕੋਟ ਵਿੱਚ 6 ਮਰੀਜ਼ ਸਾਹਮਣੇ ਆਏ ਹਨ। ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿੱਚ 297, ਜਲੰਧਰ ਵਿੱਚ 205, ਤਰਨਤਾਰਨ ਵਿੱਚ 158, ਲੁਧਿਆਣਾ ਵਿੱਚ 154, ਗੁਰਦਾਸਪੁਰ ਵਿੱਚ 122, ਨਵਾਂਸ਼ਹਿਰ ਵਿੱਚ 103, ਮੁਹਾਲੀ ਵਿੱਚ 102 ਅਤੇ ਪਟਿਆਲਾ ਵਿੱਚ ਪੀੜਤ ਵਿਅਕਤੀਆਂ ਦੀ ਗਿਣਤੀ 100 ਤੱਕ ਪਹੁੰਚੀ ਹੋਈ ਹੈ।

Previous articleਗੁਰਦਾਸ ਸਿੰਘ ਬਾਦਲ ਨਹੀਂ ਰਹੇ
Next articleਸ਼ਰਾਬ ਫੈਕਟਰੀ ਮਾਮਲਾ: ਤਿੰਨ ਮੈਂਬਰੀ ਜਾਂਚ ਕਮੇਟੀ ਕਾਇਮ