” ਲਿਫ਼ਟ ” 

ਅਸਿ. ਪ੍ਰੋ. ਗੁਰਮੀਤ ਸਿੰਘ

(ਸਮਾਜ ਵੀਕਲੀ)

ਮੁੱਖ ਮੰਤਰੀ ਸਾਹਿਬ ਦੇ ਸ਼ਹਿਰ ਵਿੱਚ ਜ਼ਿਮਨੀ ਚੋਣ ਪ੍ਰਚਾਰ ਲਈ ਆਉਣ ਕਰਕੇ ਚੋਣ ਡਿਉਟੀ ਕਾਰਨ ਦਫ਼ਤਰੀ ਕੰਮਕਾਜ ਕਰਕੇ ਅੱਜ ਬੀਰਾ ਬਹੁਤ ਲੇਟ ਹੋ ਗਿਆ ਸੀ ।
ਬੀਰਾ ਇੱਕ ਮਿਹਨਤੀ ਤੇ ਨੇਕ ਇਨਸਾਨ ਜੋ ਸ਼ਹਿਰ ਨੂੰ ਡੀ.ਸੀ ਦਫਤਰ ਵਿੱਚ ਬਾਬੂ ਹੈ, ਕਿਸੇ ਵੀ ਕੰਮ ਨੂੰ ਕੱਲ ਤੇ ਨਹੀਂ ਛੱਡਦਾ।
                   ਉਹ ਆਪਣੇ ਸਕੂਟਰ ਤੇ ਸ਼ਹਿਰ ਤੋਂ ਬਾਹਰ ਪਿੰਡ ਵਾਲੇ ਰੋਡ ਮੁੜਿਆ ਹੀ ਸੀ ਕਿ ਇੱਕ ਵਿਅਕਤੀ ਨੇ ਉਸ ਨੂੰ ਲਿਫ਼ਟ ਲੈਣ ਲਈ ਹੱਥ ਦਿੱਤਾ। ਬੀਰੇ ਨੇ ਸਕੂਟਰ ਉਸ ਅਨਜਾਣ ਵਿਅਕਤੀ ਕੋਲ ਜਾ ਰੋਕ ਲਿਆ ਅਤੇ ਉਸ ਦੀ ਮਿੰਨਤ ਤਰਾਲੇ ਦੇ ਦਰਦ ਭਰੇ ਬੋਲਾਂ ਨੇ  ਉਸ ਨੂੰ ਲਿਫ਼ਟ ਦੇਣ ਲਈ ਮਜਬੂਰ ਕਰ ਦਿੱਤਾ। ਹਾਲੇ ਥੋੜੀ ਦੂਰ ਹੀ ਗਿਆ  ਕਿ ਉਸ ਅਨਜਾਣ ਮੁਸਾਫ਼ਿਰ ਸੁੰਨਸਾਣ ਰਸਤੇ ਦਾ ਫਾਇਦਾ ਉਠਾਉਂਦੇ ਹੋਏ  ਬੀਰੇ ਦੇ ਕੰਨ ਤੇ ਪਿਸਤੌਲ ਲਗਾਕੇ ਸਕੂਟਰ ਰੋਕਣ ਲਈ ਕਿਹਾ। ਬੀਰਾ ਮੌਤ ਨੂੰ ਨੇੜੇ ਦੇਖਦਿਆਂ ਡਰ ਗਿਆ ਤੇ ਸਕੂਟਰ ਰੋਕ ਦਿੱਤਾ । ਉਸ ਅਨਜਾਣ ਮੁਸਾਫ਼ਿਰ ਨੇ ਉਸ ਤੋਂ ਪੈਸਾ ਅਤੇ ਮੋਬਾਇਲ ਆਦਿ ਲੁੱਟ ਲਿਆ ਤੇ  ਸਕੂਟਰ ਵੀ ਲੈ ਗਿਆ। ਬੀਰੇ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਜ਼ੋ ਜਾਨ ਬਚ ਗਈ ਅਤੇ ਅੱਗੇ ਤੋਂ ਕਿਸੇ ਨੂੰ ਵੀ ਕਦੇ ਵੀ ਲਿਫ਼ਟ ਨਾ ਦੇਣਾ ਸੋਚ ਲਿਆ।
          ਕੁੱਝ ਦਿਨਾਂ ਬਾਅਦ ਬੀਰੇ ਨੂੰ ਪੁਲਿਸ ਦੀ ਸਹਾਇਤਾ ਨਾਲ ਸਕੂਟਰ  ਮਿਲ ਗਿਆ। ਹੁਣ ਬੀਰਾ ਪਿੰਡੋਂ ਦਫ਼ਤਰ ਤੇ ਦਫ਼ਤਰੋਂ ਪਿੰਡ ਆਉਂਦੇ ਜਾਂਦੇਂ ਤੋਂ ਜੇਕਰ ਕੋਈ ਲਿਫ਼ਟ ਮੰਗ ਵੀ ਲੈਂਦਾ ਤਾਂ ਉਹ ਮਨਾਂ ਕਰ ਦਿੰਦਾ।
“ਦੁੱਧ ਦਾ ਮੱਚਿਆ ਲੱਸੀ ਵੀ ਫੂਕਾਂ  ਮਾਰ ਮਾਰ ਪੀਂਦਾ ” ਵਾਲੀ ਕਹਾਵਤ ਬਿਲਕੁਲ ਸਹੀ ਢੁਕਦੀ ਹੈ।
                 ਇੱਕ ਦਿਨ ਦਫ਼ਤਰ ਤੋਂ ਵਾਪਸ  ਆਉਂਦਿਆਂ ਉਹ ਬੱੱਤਿਆਂ ਵਾਲੇ ਚੌਂਕ ਚ ਰੁੱਕਿਆ ਕਿ ਅਚਾਨਕ ਇੱਕ ਨੌਜਵਾਨ ਉਸ ਕੋਲ ਆਇਆ ਤੇ ਪੁੱਛਣ ਲੱਗਾ ਕਿ ਅੰਕਲ ਤੁਸੀਂ  ਵੱਡੀ ਨਹਿਰ ਵਾਲੇ ਰੋਡ ਜਾਣਾ ਹੈ …? ਬੀਰੇ ਦੇ ਮਨ ਚ ਆਇਆ ਕਿਤੇ ਇਹ ਲਿਫ਼ਟ ਹੀ ਨਾ ਮੰਗ ਲਵੇ ਤਾਂ ਉਸ ਨੇ ਨਾਂਹ ਵਿੱਚ ਜਵਾਬ ਦੇ ਦਿੱਤਾ। ਨੌਜਵਾਨ ਬੋਲਿਆ ਕਿ ਮੇਰੇ ਪਿੰਡ ਵਾਲੀ ਆਖਰੀ ਬੱਸ ਲੰਘ ਗਈ, ਮੇਰਾ ਪਿੰਡ ਜਾਣਾ ਬਹੁਤ ਜ਼ਰੂਰੀ ਹੈ। ਬੀਰੇ ਦਾ ਜਵਾਬ ਸੁਣ ਉਹ ਕਿਸੇ ਹੋਰ ਵਿਅਕਤੀ ਨੂੰ ਪੁੱਛਣ ਲੱਗਾ। ਇੰਨੇ ਨੂੰ ਹਰੀ ਬੱਤੀ ਹੋ ਗਈ, ਪਰ ਲਿਫ਼ਟ ਵਾਲੀ ਗੱਲ ਬੀਰੇ ਦੇ ਜ਼ਹਿਨ ਵਿਚ ਚਲਦੀ ਰਹੀ ਜਦ ਤੱਕ ਉਹ ਘਰ ਨਾ ਆ ਗਿਆ।
                     ਕੁੱਝ ਦਿਨਾਂ ਬਾਅਦ ਬੀਰੇ ਨੂੰ ਪਤਾ ਲੱਗਿਆ ਕਿ ਉਸ ਦਾ ਮਿੱਤਰ ਹਰਬੰਸ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਬੀਰਾ ਆਪਣੇ ਦਫਤਰ ਵਾਲੇ ਸਾਥੀਆਂ ਨਾਲ ਹਰਬੰਸ ਸਿੰਘ ਦੇ ਘਰ ਦੁੱਖ ਸਾਂਝਾ ਕਰਨ ਗਿਆ। ਹਰਬੰਸ ਦੀ ਪਤਨੀ ਨੇ ਦੱਸਿਆ ਕਿ  ਉਹ ਅਚਾਨਕ ਬਿਮਾਰ ਹੋ ਗਏ ਤੇ ਬੇਟਾ ਘਰ ਨਾ ਹੋਣ ਕਰਕੇ, ਸਮੇਂ ਸਿਰ ਉਹਨਾਂ ਨੂੰ ਹਸਪਤਾਲ ਨਾ ਪਹੁੰਚ ਸਕੇ ਜੇ ਉਹ ਸਮੇਂ ਨਾਲ ਘਰ ਆ ਜਾਂਦਾਂ ਤਾਂ ਸ਼ਾਇਦ ਉਹਨਾਂ  ਬਚ ਜਾਣਾ ਸੀ ।
              ਬੀਰਾ ਤੇ ਉਸ ਦਿਨ ਸਾਥੀ ਹਰਬੰਸ ਦੇ ਘਰੋਂ ਜਦੋਂ ਬਾਹਰ ਨਿਕਲੇ ਤਾਂ ਬੀਰੇ ਦੀ  ਨਜ਼ਰ ਉਹੀ ਨੌਜਵਾਨ ਤੇ ਪਈ ਜੋ ਨੌਜਵਾਨ ਬੱਤੀਆਂ ਵਾਲੇ ਚੌਂਕ ਚ ਲਿਫ਼ਟ ਮੰਗ ਰਿਹਾ ਸੀ। ਉਹ ਨੌਜਵਾਨ ਫੌਨ ਤੇ ਕਿਸੇ ਨੂੰ ਕਿਹ ਰਿਹਾ ਸੀ ਕਿ ਉਸ ਦਿਨ ਕਿਸੇ ਨੇ ਜੇ ਮੈਨੂੰ ਸ਼ਹਿਰ ਤੋਂ ਲਿਫ਼ਟ ਦਿੱਤੀ ਹੁੰਦੀ ਤਾਂ ਮੈਂ  ਅੱਜ ਇਸ ਲੁੱਟ ਤੋਂ ਬਚ ਜਾਂਦਾ ।
ਬੀਰੇ ਨੇ ਉਸ ਨੌਜਵਾਨ ਦੀ ਇਹ ਗੱਲ ਸੁਣ ਅੱਜ ਫਿਰ ਆਪਣੇ ਆਪ ਨੂੰ ਲਿਫ਼ਟ ਦਿੱਤੇ ਬਿਨਾਂ ਲੁੱਟਿਆ ਜਾ ਮਹਿਸੂਸ ਕੀਤਾ ।
              ਅੱਜ ਦੇ ਇਸ ਕੱਲਯੁੱਗ ਸਮੇਂ ਹਰ ਪਾਸੇ ਲੁੱਟ-ਖੋਹ, ਮਾਰ-ਧਾੜ, ਧੋਖਾਧੜੀ ਅਤੇ ਬੇਈਮਾਨੀਆਂ ਭਰੇ ਮਹੌਲ ਵਿੱਚ ਇਮਾਨਦਾਰ ਵਿਅਕਤੀ ਹੀ ਲੁੱਟ ਦਾ ਸ਼ਿਕਾਰ ਬਣਦਾ ਹੈ। ਬੀਰਾ ਹੁਣ ਇਸ ਦੁਚਿੱਤੀ ਵਿੱਚ ਸੀ ਕਿ  ਲਿਫ਼ਟ ਦੇਣਾ ਗ਼ਲਤ ਸੀ ਜਾਂ ਨਾ ਦੇਣਾ ।

-ਅਸਿ. ਪ੍ਰੋ. ਗੁਰਮੀਤ ਸਿੰਘ

ਸਰਕਾਰੀ ਕਾਲਜ ਮਾਲੇਰਕੋਟਲਾ
+91 94175 45100
Previous articleNational Education Policy 2020: A Fall into the Abyss of Neo-colonization
Next articleਦੁਸਹਿਰੇ ਵਾਲੇ ਦਿਨ ਇਨ੍ਹਾਂ ਨੂੰ ਵੀ ਅਗਨ ਭੇਟ