ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਵਖ਼ਤ ਪਾਇਆ

ਚੰਡੀਗੜ੍ਹ  (ਸਮਾਜਵੀਕਲੀ) – ਪੰਜਾਬ ਵਿੱਚ ਇਸ ਵਾਰੀ ਅਪਰੈਲ ਮਹੀਨੇ ਹੋਈ ਰਿਕਾਰਡ ਬਾਰਿਸ਼ ਨੇ ਕਿਸਾਨਾਂ ਨੂੰ ਵਖਤ ਪਾਈ ਰੱਖਿਆ ਹੈ। ਸੂਬੇ ਦੇ ਕਈ ਹਿੱਸਿਆਂ ਖਾਸ ਕਰ ਕੰਢੀ ਖੇਤਰ ਅਤੇ ਪਟਿਆਲਾ ਜ਼ਿਲ੍ਹੇ ਸਮੇਤ ਚੰਡੀਗੜ੍ਹ ਦੇ ਆਸ-ਪਾਸ ਦੇ ਖੇਤਰਾਂ ਵਿੱਚ ਮੀਂਹ ਪੈਣ ਦੀਆਂ ਰਿਪੋਰਟਾਂ ਹਨ।

ਮੌਸਮ ਵਿਭਾਗ ਦੇ ਖੇਤਰੀ ਦਫ਼ਤਰ ਮੁਤਾਬਕ ਸੂਬੇ ਦੇ ਕਈ ਖੇਤਰਾਂ ਵਿੱਚ 52 ਮਿਲੀਮੀਟਰ ਤੱਕ ਵੀ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਪਹਿਲਾਂ ਇਸ ਵਾਰੀ ਵੈਸਟਰਨ ਡਿਸਟਰਬੈਂਸ ਲਗਾਤਾਰ ਬਣਿਆ ਰਹਿਣ ਕਾਰਨ ਮੀਂਹ ਮੌਸਮ ਨੂੰ ਵਿਗਾੜ ਰਿਹਾ ਹੈ। ਜ਼ਿਆਦਾ ਬਾਰਿਸ਼ ਤੇ ਗੜੇਮਾਰੀ ਕਾਰਨ ਤਾਪਮਾਨ ਵੀ ਸਥਿਰ ਨਹੀਂ ਚੱਲ ਰਿਹਾ।

ਤਾਪਮਾਨ ਵਿੱਚ ਗਿਰਾਵਟ ਕਣਕ ਦੀ ਖਰੀਦ ’ਚ ਵੱਡੇ ਅੜਿੱਕੇ ਖੜ੍ਹੇ ਕਰ ਰਹੀ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰੀ ਮੀਂਹ ਨੇ ਮਾਲਵਾ ਖਿੱਤੇ ਦੇ ਜ਼ਿਲ੍ਹਿਆਂ ਬਠਿੰਡਾ, ਫਾਜ਼ਿਲਕਾ, ਮੋਗਾ, ਬਰਨਾਲਾ, ਸੰਗਰੂਰ, ਮਾਨਸਾ, ਪਟਿਆਲਾ, ਲੁਧਿਆਣਾ ’ਚ ਕਣਕ ਦੀ ਅਗੇਤੀ ਫਸਲ ਨੂੰ ਖ਼ਰਾਬ ਕੀਤਾ। ਇਸੇ ਤਰ੍ਹਾਂ ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਵੀ ਪੱਛਮੀ ਗੜਬੜ ਤੋਂ ਬਚੇ ਨਹੀਂ।

ਮਾਝੇ ਦੇ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਵੀ 40 ਮਿਲੀਮੀਟਰ ਤੱਕ ਮੀਂਹ ਪੈਣ ਦੀਆ ਰਿਪੋਰਟਾਂ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਫ਼ਰਵਰੀ ਅਤੇ ਮਾਰਚ ਮਹੀਨੇ ਲਗਾਤਾਰ ਪਏ ਮੀਂਹ ਕਾਰਨ ਪਹਿਲਾਂ ਹੀ ਕਣਕ ਦੇ ਝਾੜ ’ਤੇ ਅਸਰ ਪਿਆ ਹੈ। ਰੋਪੜ, ਨਵਾਂਸ਼ਹਿਰ ਤੇ ਮਾਲਵੇ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਦਾ ਝਾੜ ਵੀਹ ਫੀਸਦੀ ਤੱਕ ਘੱਟ ਆਉਣ ਦੀਆਂ ਮੁੱਢਲੀਆਂ ਰਿਪੋਰਟਾਂ ਮਿਲ ਰਹੀਆਂ ਹਨ।

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਤੇ ਆਸ-ਪਾਸ ਦੇ ਖੇਤਰਾਂ ’ਚ ਅਪਰੈਲ ਮਹੀਨੇ ਦੌਰਾਨ ਹੁਣ ਤੱਕ 61.8 ਮਿਲੀਮੀਟਰ ਤੱਕ ਮੀਂਹ ਪਿਆ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 33.5 ਮਿਲੀਮੀਟਰ ਲੁਧਿਆਣਾ ’ਚ 20 ਮਿਲੀਮੀਟਰ, ਪਟਿਆਲਾ ’ਚ 52 ਮਿਲੀਮੀਟਰ, ਹੁਸ਼ਿਆਰਪੁਰ ’ਚ 20 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤਾ ਗਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਈ ਮਹੀਨੇ ਵੀ ਜੇਕਰ ਬੇਮੌਸਮੇ ਮੀਂਹ ਦਾ ਪੈਣਾ ਜਾਰੀ ਰਿਹਾ ਤਾਂ ਅੰਗੂਰਾਂ ਦੇ ਬਾਗ਼ਾਂ ਅਤੇ ਖ਼ਰਬੂਜ਼ਿਆਂ ਦੀ ਫਸਲ ’ਤੇ ਵੀ ਮਾੜਾ ਅਸਰ ਪਵੇਗਾ।

Previous articleਐੱੱਨਐੱਚਐੱਮ ਮੁਲਾਜ਼ਮਾਂ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵੱਲੋਂ ਰੋਸ ਮੁਜ਼ਾਹਰੇ
Next articleਚੀਨ ਖ਼ਿਲਾਫ਼ ‘ਨਫ਼ਰਤ’ ਨੂੰ ਆਰਥਿਕ ਮੌਕੇ ਵਿੱਚ ਬਦਲ ਸਕਦੈ ਭਾਰਤ: ਗਡਕਰੀ