ਰੱਸਲ ਦੇ ਹਰਫਨਮੌਲਾ ਪ੍ਰਦਰਸ਼ਨ ਨਾਲ ਕੇਕੇਆਰ ਨੇ ਪੰਜਾਬ ਨੂੰ ਹਰਾਇਆ

ਆਂਦਰੇ ਰੱਸਲ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ ਦੇ ਇਥੇ ਬੁੱਧਵਾਰ ਨੂੰ ਖੇਡੇ ਗਏ ਮੈਚ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਟੀਮ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਜਿੱਤ ਲਈ 219 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਪੰਜਾਬ ਦੀ ਟੀਮ ਚਾਰ ਵਿਕਟਾਂ ਗੁਆ ਕੇ 190 ਦੌੜਾਂ ਹੀ ਬਣਾ ਸਕੀ। ਕਿੰਗਜ਼ ਇਲੈਵਨ ਪੰਜਾਬ ਵੱਲੋਂ ਡੇਵਿਡ ਮਿਲਰ ਨੇ ਨਾਬਾਦ 59 ਅਤੇ ਮਨਦੀਪ ਸਿੰਘ ਨੇ ਨਾਬਾਦ 33 ਦੌੜਾਂ ਬਣਾਈਆਂ। ਕ੍ਰਿਸ ਗੇਲ ਨੇ 20 ਅਤੇ ਮਯੰਕ ਅਗਰਵਾਲ ਨੇ 58 ਦੌੜਾਂ ਦਾ ਯੋਗਦਾਨ ਦਿੱਤਾ। ਆਂਦਰੇ ਰੱਸਲ ਨੇ ਜੀਵਨਦਾਨ ਦਾ ਪੂਰਾ ਫ਼ਾਇਦਾ ਉਠਾਉਂਦਿਆਂ 17 ਗੇਂਦਾਂ ਵਿੱਚ 48 ਦੌੜਾਂ ਬਣਾਈਆਂ, ਜਿਸ ਵਿੱਚ ਪੰਜ ਛੱਕੇ ਅਤੇ ਤਿੰਨ ਚੌਕੇ ਸ਼ਾਮਲ ਸਨ। ਇਸ ਤੋਂ ਇਲਾਵਾ ਉਸ ਨੇ ਪੰਜਾਬ ਟੀਮ ਦੇ ਦੋ ਖਿਡਾਰੀਆਂ ਨੂੰ ਆਊਟ ਵੀ ਕੀਤਾ। ਕੋਲਕਾਤਾ ਟੀਮ ਵੱਲੋਂ ਨਿਤੀਸ਼ ਰਾਣਾ ਅਤੇ ਰੌਬਿਨ ਉਥੱਪਾ ਨੇ ਨੀਮ ਸੈਂਕੜੇ ਜੜੇ। ਉਨ੍ਹਾਂ ਚਾਰ ਵਿਕਟਾਂ ’ਤੇ 218 ਦੌੜਾਂ ਬਣਾਈਆਂ। ਰੱਸਲ ਨੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਵੀ 19 ਗੇਂਦਾਂ ਵਿੱਚ 49 ਦੌੜਾਂ ਬਣਾਈਆਂ ਸਨ। ਉਹ ਮੁਹੰਮਦ ਸ਼ਮੀ ਦੀ ਗੇਂਦ ’ਤੇ ਬੋਲਡ ਹੋਇਆ, ਜੋ ਨੋਬਾਲ ਸੀ ਕਿਉਂਕਿ ਪੰਜਾਬ ਦੇ ਤਿੰਨ ਹੀ ਫੀਲਡਰ 30 ਗਜ ਦੇ ਦਾਇਰੇ ਦੇ ਅੰਦਰ ਸਨ, ਜਦਕਿ ਘੱਟ ਤੋਂ ਘੱਟ ਚਾਰ ਹੋਣੇ ਚਾਹੀਦੇ ਹਨ। ਪੰਜਾਬ ਦੇ ਕਪਤਾਨ ਆਰ ਅਸ਼ਵਿਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਕੇਕੇਆਰ ਦੇ ਸਲਾਮੀ ਬੱਲੇਬਾਜ਼ ਸੁਨੀਲ ਨਾਰਾਇਣ ਨੇ ਨੌਂ ਗੇਂਦਾਂ ਵਿੱਚ 24 ਦੌੜਾਂ ਬਣਾ ਕੇ ਉਸ ਦੇ ਫ਼ੈਸਲੇ ਨੂੰ ਗ਼ਲਤ ਸਾਬਿਤ ਕੀਤਾ। ਇਸ ਮਗਰੋਂ ਰਾਣਾ ਨੇ ਲਗਾਤਾਰ ਦੂਜਾ ਨੀਮ ਸੈਂਕੜਾ ਮਾਰਿਆ। ਉਸ ਨੇ ਤੀਜੇ ਨੰਬਰ ’ਤੇ ਖੇਡਦਿਆਂ 34 ਗੇਂਦਾਂ ਵਿੱਚ 67 ਦੌੜਾਂ ਬਣਾਈਆਂ। ਇਸੇ ਤਰ੍ਹਾਂ ਰੌਬਿਨ ਉਥੱਪਾ 50 ਗੇਂਦਾਂ ਵਿੱਚ ਦੋ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ 67 ਦੌੜਾਂ ਬਣਾ ਕੇ ਨਾਬਾਦ ਰਿਹਾ। ਨਾਰਾਇਣ ਨੂੰ ਦੱਖਣੀ ਅਫਰੀਕਾ ਦੇ ਹਾਰਡਜ਼ ਵਿਲਜ਼ੋਨ ਨੇ ਆਊਟ ਕੀਤਾ।

Previous articleਆਗੁਤ ਨੇ ਜੋਕੋਵਿਚ ਨੂੰ ਮਿਆਮੀ ਓਪਨ ’ਚੋਂ ਬਾਹਰ ਕੀਤਾ
Next articleਮਨੂ-ਸੌਰਭ ਦੀ ਜੋੜੀ ਨੇ ਵਿਸ਼ਵ ਰਿਕਾਰਡ ਨਾਲ ਸੋਨਾ ਫੁੰਡਿਆ