ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਡੀਆਰਡੀਓ ਨੇ ਮੁਲਕ ਨੂੰ ਕਟਿੰਗ ਐੱਜ ਤਕਨੀਕ ਵਿੱਚ ਸਮਰੱਥ ਬਣਾਇਆ ਹੈ। ਰੱਖਿਆ ਮੰਤਰੀ ਇਥੇ ਡੀਆਰਡੀਓ ਦੇ ਡਾਇਰੈਕਟਰਾਂ ਦੀ ਦੋ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ। ਇਸ ਦੌਰਾਨ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਭਾਰਤੀ ਥਲ ਸੈਨਾ ਵਿੱਚ ਦੇਸੀ ਤਕਨਾਲੋਜੀ ਦੀ ਸ਼ਮੂਲੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਗਲੀ ਜੰਗ ਦੇਸ਼ ਵਿੱਚ ਹੀ ਬਣੇ ਹਥਿਆਰਾਂ ਨਾਲ ਲੜੇਗਾ ਤੇ ਇਸ ਜੰਗ ਵਿੱਚ ਫ਼ਤਿਹ ਵੀ ਹਾਸਲ ਕਰੇਗਾ। ਇਸ ਮੌਕੇ ਮੰਚ ’ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ.ਭਦੌਰੀਆ, ਚੀਫ ਐਡਮਿਰਲ ਕਰਮਬੀਰ ਸਿੰਘ ਤੇ ਡੀਆਰਡੀਓ ਮੁਖੀ ਜੀ.ਸਤੀਸ਼ ਰੈੱਡੀ ਵੀ ਮੌਜੂਦ ਸਨ। ਜਨਰਲ ਰਾਵਤ ਨੇ ਕਿਹਾ ਕਿ ਹਥਿਆਰਾਂ ਤੇ ਹੋਰਨਾਂ ਢੰਗ ਤਰੀਕਿਆਂ ਨੂੰ ਵਿਕਸਤ ਕਰਨ ਮੌਕੇ ‘ਜੰਗ ਦੀਆਂ ਭਵਿੱਖੀ ਲੋੜਾਂ’ ਨੂੰ ਜ਼ਰੂਰ ਜ਼ਹਿਨ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ, ‘ਜੇਕਰ ਅਸੀਂ ਭਵਿੱਖੀ ਜੰਗਾਂ ਦੇ ਖਾਕੇ ਨੂੰ ਵੇਖੀਏ ਤਾਂ ਇਹ ਜ਼ਰੂਰੀ ਨਹੀਂ ਕਿ ਇਹ ਮਹਿਜ਼ ਰਵਾਇਤੀ ਜੰਗਾਂ ਤਕ ਸੀਮਤ ਹੋਵੇ। ਸਾਨੂੰ ਹੁਣ ਸਾਈਬਰਸਪੇਸ, ਪੁਲਾੜ, ਲੇਜ਼ਰ, ਇਲੈਕਟ੍ਰੋਨਿਕ ਜੰਗ ਤੇ ਰੋਬੋਟਿਕਸ… ਤੇ ਬਣਾਉਟੀ ਮਸ਼ੀਨੀ ਬੁੱਧੀ ਜਿਹੇ ਖੇਤਰਾਂ ਵੱਲ ਵੇਖਣ ਦੀ ਲੋੜ ਹੈ। ਜੇਕਰ ਅਸੀਂ ਇਨ੍ਹਾਂ ਬਾਰੇ ਅੱਜ ਤੋਂ ਸੋਚਣਾ ਸ਼ੁਰੂ ਨਾ ਕੀਤਾ ਤਾਂ ਫਿਰ ਬਹੁਤ ਦੇਰ ਹੋ ਜਾਏਗੀ।’ ਜਨਰਲ ਰਾਵਤ ਨੇ ਇਸ ਮੌਕੇ ਡੀਆਰਡੀਓ ਵੱਲੋਂ ਪਿਛਲੇ ਕੁਝ ਦਹਾਕਿਆਂ ਦੌਰਾਨ ਕੀਤੀਆਂ ਉਪਲੱਬਧੀਆਂ ਲਈ ਸੰਗਠਨ ਦੀ ਤਾਰੀਫ਼ ਕੀਤੀ।

Previous articleਈਡੀ ਨੂੰ ਚਿਦੰਬਰਮ ਤੋਂ ਪੁੱਛ-ਪੜਤਾਲ ਲਈ ਹਰੀ ਝੰਡੀ
Next articleਜ਼ਿਮਨੀ ਚੋਣ: ਛੋਟੇ ਕੈਪਟਨ ਦੇ ਹੱਕ ’ਚ ਨਿੱਤਰੇ ਵੱਡੇ ‘ਕਪਤਾਨ’