ਰੰਧਾਵਾ ਨੇ ਤੜਕਸਾਰ ਰੋਪੜ ਜੇਲ੍ਹ ‘ਚ ਮਾਰਿਆ ਛਾਪਾ , ਹੈੱਡ ਵਾਰਡਨ ਤੇ ਵਾਰਡਨ ਮੁਅੱਤਲ

ਰੂਪਨਗਰ : ਸੋਮਵਾਰ ਸਵੇਰੇ ਕਰੀਬ ਸੱਤ ਵਜੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ਿਲ੍ਹਾ ਰੂਪਨਗਰ ਵਿਖੇ ਅਚਾਨਕ ਛਾਪਾ ਮਾਰਿਆ । ਇਸ ਦੌਰਾਨ ਜੇਲ੍ਹ ਵਿਚ ਤਾਇਨਾਤ ਹੈੱਡ ਵਾਰਡਨ ਤੇ ਵਾਰਡਨ ਕੋਲੋਂ ਮੋਬਾਈਲ ਫੋਨ ਬਰਾਮਦ ਕੀਤੇ। ਮਿਲੀ ਜਾਣਕਾਰੀ ਅਨੁਸਾਰ ਹੈੱਡ ਵਾਰਡਨ ਪ੍ਰਗਟ ਸਿੰਘ ਜੇਲ੍ਹ ਦੀ ਡਿਓਡੀ ‘ਚ ਤਾਇਨਾਤ ਸੀ ਤੇ ਵਾਰਡਨ ਸੁਖਵਿੰਦਰਪਾਲ ਸਿੰਘ ਕੰਟਰੋਲ ਰੂਮ ‘ਚ ਡਿਊਟੀ ‘ਤੇ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੋਹਨ ਲਾਲ ਡਿਪਟੀ ਸੁਪਰਡੈਂਟ ਜੇਲ੍ਹ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਸੀ ਕਿ ਕੋਈ ਵੀ ਮੁਲਾਜ਼ਮ ਡਿਊਟੀ ‘ਤੇ ਮੋਬਾਈਲ ਫੋਨ ਨਹੀਂ ਲੈ ਕੇ ਜਾਵੇਗਾ ਪਰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮਾਰੇ ਛਾਪੇ ਦੌਰਾਨ ਹੈੱਡ ਵਾਰਡਨ ਪ੍ਰਗਟ ਸਿੰਘ ਪਾਸੋਂ ਜੇਲ੍ਹ ਦੀ ਮੁੱਖ ਡਿਓਢੀ ‘ਚੋਂ ਤੇ ਕੰਟਰੋਲ ਰੂਮ ਵਿਚ ਤਾਇਨਾਤ ਵਾਰਡਨ ਸੁਖਵਿੰਦਰ ਪਾਲ ਸਿੰਘ ਤੋਂ ਮੋਬਾਈਲ ਫੋਨ ਬਰਾਮਦ ਹੋਏ। ਇਸ ‘ਤੇ ਕਾਰਵਾਈ ਕਰਦਿਆਂ ਦੋਵੇਂ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰੋਪੜ ਜੇਲ੍ਹ ਵਿਚ ਅਚਾਨਕ ਮਾਰੇ ਛਾਪੇ ਦੌਰਾਨ ਜੇਲ੍ਹ ਮੁਲਾਜ਼ਮਾਂ ਕੋਲੋਂ ਹੀ ਮੋਬਾਈਲ ਫੋਨ ਬਰਾਮਦ ਹੋਣ ਨਾਲ ਜੇਲ੍ਹ ਦਾ ਪ੍ਰਬੰਧ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਜੇਲ੍ਹ ਵਿਚ ਬੰਦੀਆਂ ਤੇ ਕੈਦੀਆਂ ਤਕ ਵੀ ਮੋਬਾਈਲ ਫੋਨ ਪਹੁੰਚਾਇਆ ਜਾ ਸਕਦਾ ਹੈ ਤੇ ਉਹ ਆਰਾਮ ਨਾਲ ਬਾਹਰ ਗੱਲਬਾਤ ਕਰ ਸਕਦੇ ਹਨ।

Previous articleਨਸ਼ਾ ਛੁਡਾਊ ਕੇਂਦਰ ‘ਚ ਇੱਕ ਦਰਜਨ ਵਿਅਕਤੀਆਂ ‘ਤੇ ਜਾਨਲੇਵਾ ਹਮਲਾ
Next articleਪਤੀ ਹੀ ਨਿਕਲਿਆ ਕਾਤਲ, ਹਮਲੇ ਦਾ ਰਚਿਆ ਡਰਾਮਾ