ਰੋਜ਼ੇ ਵਾਰਸ਼ / ਟੱਪੇ

ਰੋਜ਼ੇ ਵਾਰਸ਼ ਹੋਈ ਜਾਵੇ,
ਕਿੱਦਾਂ ਖੇਤਾਂ ‘ਚ ਫਸਲ ਬੀਜਾਂ
ਕਿਸਾਨ ਬੈਠਾ ਇਹੋ ਸੋਚੀ ਜਾਵੇ।

ਹੁਣ ਨਲਕਾ ਨਾ ਕਿਤੇ ਦਿਸਦਾ,
ਅੱਜ ਦੇ ਮਨੁੱਖ ਦੇ ਕੰਮਾਂ ਨਾਲ
ਪਾਣੀ ਖਤਮ ਹੋਣ ਨੂੰ ਫਿਰਦਾ।

ਪਾਣੀ ਪ੍ਰਦੂਸ਼ਿਤ ਹੋਇਆ ਨਦੀਆਂ ਦਾ,
ਜਿਸ ਨੇ ਇਸ ਨੂੰ ਪੀ ਲਿਆ
ਭਰੋਸਾ ਨਹੀਂ ਹੈ ਉਸ ਦੇ ਸਾਹਵਾਂ ਦਾ।

ਪੱਕੀ ਸੜਕ ਹੈ ਕੱਚੀ ਵਰਗੀ,
ਜਿਹੜਾ ਇਕ ਵਾਰੀ ਇਸ ਤੇ ਤੁਰ ਲਏ
ਉਦ੍ਹੇ ਸੱਟ ਜ਼ਰੂਰ ਲੱਗਦੀ।

ਅਹੁ ਸਾਮ੍ਹਣੇ ਮੰਦਿਰ ਚਮਕੇ ਪਿਆ,
ਕਿਸੇ ਘਰ ਬੈਠੇ ਧਿਆਇਆ ਰੱਬ
ਕਿਸੇ ਉੱਥੇ ਜਾ ਕੇ ਉਸ ਦਾ ਨਾਂ ਲਿਆ।

ਵਿਹੜੇ ਵਿੱਚ ਤੁਲਸੀ ਦਾ ਬੂਟਾ ਏ,
ਉਸ ਦਾ ਕੋਈ ਨਾ ਯਕੀਨ ਕਰੇ
ਜਿਹੜਾ ਬੰਦਾ ਹੁੰਦਾ ਝੂਠਾ ਏ।

ਕਮੀਜ਼ ਹੈਂਗਰ ਵਿੱਚ ਪਾਈ ਹੋਈ,
ਜਿਸ ਵਿੱਚ ਸਦਾ ਲੜਾਈ ਰਹਿੰਦੀ
ਉਸ ਘਰ ਵਰਗਾ ਨਾ ਨਰਕ ਕੋਈ।

ਰੁੱਖ ਟੁੱਟ ਗਏ ਨੇ ਨ੍ਹੇਰੀ ਨਾਲ,
ਉਹ ਸਾਰਾ ਦਿਨ ਊਂਘਦੇ ਰਹਿੰਦੇ
ਜਿਹੜੇ ਸਵੇਰੇ ਉੱਠਦੇ ਦੇਰੀ ਨਾਲ।

ਮੇਜ਼ ਤੇ ਟੱਪਿਆਂ ਦੀ ਕਿਤਾਬ ਪਈ,
ਜਿਹੜਾ ਇਸ ਨੂੰ ਪੜ੍ਹ ਕੇ ਦੇਖੂ
ਇਦ੍ਹੇ ‘ਚੋਂ ਉਹ ਲੱਭੂ ਚੰਗੀਆਂ ਗੱਲਾਂ ਕਈ।

ਸਟੋਰ ਸਾਮਾਨ ਨਾਲ ਭਰਿਆ ਪਿਆ,
ਉਦੋਂ ਸਾਰੇ ਦੁੱਖ ਦੂਰ ਹੋ ਗਏ
ਜਦੋਂ ਸੱਚੇ ਦਿਲੋਂ ਨਾਂ ਤੇਰਾ ਲਿਆ।

– ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਤਿਆਗ ਮੱਲ ਤੋਂ ਗੁਰੂ ਤੇਗ ਬਹਾਦਰ ….
Next articleਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਠੀਕ ਹੋਏ ਵਿਅਕਤੀਆਂ ਨਾਲ ਕੀਤੀ ਗੱਲਬਾਤ