ਰੋਹ ਦਾ ਸੇਕ: ਵ੍ਹਾਈਟ ਹਾਊਸ ਦੇ ਬੰਕਰ ’ਚ ਲੁਕੇ ਰਾਸ਼ਟਰਪਤੀ ਟਰੰਪ

ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ;
40 ਸ਼ਹਿਰਾਂ ’ਚ ਕਰਫਿਊ ਲਾਇਆ; ਹਜ਼ਾਰਾਂ ਲੋਕ ਗ੍ਰਿਫ਼ਤਾਰ

ਵਾਸ਼ਿੰਗਟਨ/ਹਿਊਸਟਨ: ਸਿਆਹਫਾਮ ਜੌਰਜ ਫਲਾਇਡ ਦੀ ਮੌਤ ਮਗਰੋਂ ਭੜਕੀ ਹਿੰਸਾ ’ਚ ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ’ਚ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ 40 ਸ਼ਹਿਰਾਂ ’ਚ ਕਰਫਿਊ ਲਾਇਆ ਗਿਆ ਹੈ। ਨਿਊਯਾਰਕ ’ਚ ਲੋਕਾਂ ਦੇ ਵਿਰੋਧ ਕਾਰਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੀ ਵ੍ਹਾਈਟ ਹਾਊਸ ਦੇ ਬੰਕਰ ’ਚ ਪਨਾਹ ਲੈਣੀ ਪਈ ਹੈ। ਵੱਖਰੀ ਜਾਣਕਾਰੀ ਅਨੁਸਾਰ ਜੌਰਜ ਫਲਾਇਡ ਦੀਆਂ ਅੰਤਿਮ ਰਸਮਾਂ ਉਸ ਦੇ ਘਰੇਲੂ ਸ਼ਹਿਰ ਹਿਊਸਟਨ ’ਚ ਕੀਤੀਆਂ ਜਾਣਗੀਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਹਜ਼ਾਰਾਂ ਮੁਜ਼ਾਹਰਾਕਾਰੀ ਵ੍ਹਾਈਟ ਹਾਊਸ ਦੇ ਬਾਹਰ ਇਕੱਠੇ ਹੋ ਗਏ ਤੇ ਉਨ੍ਹਾਂ ਰਾਸ਼ਟਰਪਤੀ ਟਰੰਪ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੀਐੱਨਐੱਨ ਅਨੁਸਾਰ ਇਸ ਦੌਰਾਨ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਤੇ ਪੁੱਤਰ ਬੈਰੋਨ ਨਾਲ ਥੋੜ੍ਹੀ ਦੇਰ ਲਈ ਵ੍ਹਾਈਟ ਹਾਊਸ ਦੇ ਬੰਕਰ ’ਚ ਲਿਜਾਣਾ ਪਿਆ। ਰਾਸ਼ਟਰਪਤੀ ਨੇ ਬੀਤੇ ਦਿਨ ਮੀਡੀਆ ਸੰਮੇਲਨ ਨਹੀਂ ਕੀਤਾ ਪਰ ਟਵਿੱਟਰ ’ਤੇ ਇਸ ਹਿੰਸਾ ਨੂੰ ਭੜਕਾਉਣ ਲਈ ਮੀਡੀਆ ਨੂੰ ਜ਼ਿੰਮੇਵਾਰ ਦੱਸਿਆ।

ਇਸ ਹਿੰਸਾ ਨੂੰ ਪਿਛਲੇ ਕੁਝ ਦਹਾਕਿਆਂ ਅੰਦਰ ਅਮਰੀਕਾ ’ਚ ਸਭ ਤੋਂ ਭਿਅੰਕਰ ਖਾਨਾਜੰਗੀ ਦੱਸਿਆ ਜਾ ਰਿਹਾ ਹੈ ਜਿਸ ਨੇ ਤਕਰੀਬਨ 140 ਸ਼ਹਿਰਾਂ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲਾਸ ਏਂਜਲਸ, ਸ਼ਿਕਾਗੋ, ਨਿਊਯਾਰਕ, ਹਿਊਸਟਨ, ਫਿਲੇਡਾਲਫੀਆ, ਬਰਮਿੰਘਮ, ਬੋਸਟਨ ਤੇ ਵਾਸ਼ਿੰਗਟਨ ਡੀਸੀ ’ਚ ਵੱਡੇ ਪੱਧਰ ’ਤੇ ਹਿੰਸਾ ਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਹਨ। ਮੁਜ਼ਾਹਰਾਕਾਰੀਆਂ ਨੇ ਕਈ ਥਾਵਾਂ ’ਤੇ ਪੁਲੀਸ ਦੇ ਵਾਹਨਾਂ ਸਮੇਤ ਹੋਰ ਕਈ ਗੱਡੀਆਂ ਵੀ ਸਾੜ ਦਿੱਤੀਆਂ।

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਹੁਣ ਤੱਕ ਵੱਖ ਵੱਖ ਥਾਵਾਂ ’ਤੇ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪੁਲੀਸ ਨੇ ਦੋ ਦਰਜਨ ਸ਼ਹਿਰਾਂ ’ਚ 2564 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਬਕਾ ਉੱਪ ਰਾਸ਼ਟਰਪਤੀ ਜੋਅ ਬਿਡੇਨ ਨੇ ਡੈਲਾਵੇਅਰ ’ਚ ਮੁਜ਼ਾਹਰੇ ਵਾਲੀ ਥਾਂ ਦਾ ਦੌਰਾ ਵੀ ਕੀਤਾ ਹੈ।

Previous articleਵਿਕਾਸ ਦੇ ਮਾਨਵੀ ਪੱਖਾਂ ਵੱਲ ਧਿਆਨ ਦੇਵੇ ਦੁਨੀਆ: ਮੋਦੀ
Next articleਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ