ਰੋਹਿੰਗੀਆ ਖ਼ਿਲਾਫ਼ ਕਾਰਵਾਈ ਦਾ ਮੰਤਵ ‘ਨਸਲਕੁਸ਼ੀ’ ਨਹੀਂ ਸੀ: ਸੂ ਕੀ

ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ’ਚ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਨੇ ਮਿਆਂਮਾਰ ’ਚ ਰੋਹਿੰਗੀਆ ਮੁਸਲਮਾਨਾਂ ਖ਼ਿਲਾਫ਼ ਫ਼ੌਜੀ ਕਾਰਵਾਈ ਦਾ ਬਚਾਅ ਕਰਦਿਆਂ ਇਸ ਪਿੱਛੇ ‘ਨਸਲਕੁਸ਼ੀ ਦੇ ਮੰਤਵ’ ਤੋਂ ਇਨਕਾਰ ਕੀਤਾ ਹੈ। ਆਪਣਾ ਪੱਖ ਰੱਖਦਿਆਂ ਮਿਆਂਮਾਰ ਦੀ ਆਗੂ ਨੇ ਸਵੀਕਾਰ ਕੀਤਾ ਕਿ ਸ਼ਾਇਦ ਫ਼ੌਜ ਨੇ ‘ਤਾਕਤ ਦੀ ਵਰਤੋਂ ਹੱਦੋਂ ਵੱਧ ਕੀਤੀ ਹੋਵੇ’ ਪਰ ਇਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਇਹ ਘੱਟਗਿਣਤੀ ਫ਼ਿਰਕੇ ਨੂੰ ਮੁਕਾਉਣ ਦੀ ਸਾਜ਼ਿਸ਼ ਸੀ। ਇਸ ਮਾਮਲੇ ’ਚ ਅਫ਼ਰੀਕੀ ਮੁਲਕ ਗਾਂਬੀਆ ਨੇ ਮਿਆਂਮਾਰ ਨੂੰ ਅਦਾਲਤ ’ਚ ਜਵਾਬ ਦੇਣ ਲਈ ਖੜ੍ਹਾ ਕੀਤਾ ਹੈ। 2017 ਵਿਚ ਮਿਆਂਮਾਰ ਨੇ ਫ਼ੌਜੀ ਕਾਰਵਾਈ ਕਰਦਿਆਂ ਹਜ਼ਾਰਾਂ ਰੋਹਿੰਗੀਆ ਮੁਸਲਮਾਨਾਂ ਨੂੰ ਹਲਾਕ ਕਰ ਦਿੱਤਾ ਸੀ ਤੇ ਕਰੀਬ 7,40,000 ਬੰਗਲਾਦੇਸ਼ ਵੱਲ ਭੱਜਣ ਲਈ ਮਜਬੂਰ ਹੋ ਗਏ ਸਨ। ਸਾਨ ਸੂ ਕੀ ਮਿਆਂਮਾਰ ਦੀ ਫ਼ੌਜੀ ਕੰਟਰੋਲ ਵਾਲੀ ਸਰਕਾਰ ਨਾਲ ਮੱਥਾ ਲਾਉਣ ਲਈ ਜਾਣੀ ਜਾਂਦੀ ਰਹੀ ਹੈ। ਸੂ ਕੀ ਨੇ ਕਿਹਾ ਕਿ ਗਾਂਬੀਆ ਨੇ ਅਦਾਲਤ ਅੱਗੇ ਮਿਆਂਮਾਰ ਦੇ ਰਖ਼ਾਈਨ ਰਾਜ ਦੀ ਸਥਿਤੀ ਬਾਰੇ ਗਲਤ ਤੱਥ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਫ਼ੌਜੀ ਕਾਰਵਾਈ ਰੋਹਿੰਗੀਆ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਦੇ ਜਵਾਬ ਵਿਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇ ਤਾਕਤ ਦੀ ਜ਼ਿਆਦਾ ਵਰਤੋਂ ਹੋਈ ਵੀ ਹੈ ਤਾਂ ਇਸ ਦਾ ਕਾਰਨ ਬਾਗ਼ੀਆਂ ਤੇ ਨਾਗਰਿਕਾਂ ਵਿਚਾਲੇ ਫ਼ਰਕ ਅਸਪੱਸ਼ਟ ਹੋਣਾ ਹੋ ਸਕਦਾ ਹੈ।

Previous articleDreams of crores of deprived come true with passage of CAB: Shah
Next articleਅਮਰੀਕਾ ਨੇ 2018 ’ਚ 10 ਹਜ਼ਾਰ ਭਾਰਤੀਆਂ ਨੂੰ ਹਿਰਾਸਤ ’ਚ ਲਿਆ