ਰੈੱਡ ਜ਼ੋਨ ਵਿੱਚ ਹੀ ਰਹੇਗਾ ਚੰਡੀਗੜ੍ਹ

ਚੰਡੀਗੜ੍ਹ  (ਸਮਾਜਵੀਕਲੀ)  – ਸ਼ਹਿਰ ਵਿੱਚ ਨੋਵਲ ਕਰੋਨਾ ਵਾਇਰਸ (ਕੋਵਿਡ-19) ਪੀੜਤ ਮਰੀਜ਼ਾਂ ਦਾ ਗ੍ਰਾਫ਼ ਅੱਜ ਉਸ ਸਮੇਂ ਹੋਰ ਉੱਚਾ ਹੋ ਗਿਆ ਜਦੋਂ 11 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ। ਇਨ੍ਹਾਂ ਨਵੇਂ ਮਰੀਜ਼ਾਂ ਵਿੱਚੋਂ ਇਕ ਮਰੀਜ਼ ਸੈਕਟਰ-32 ਹਸਪਤਾਲ ਦਾ ਸਟਾਫ਼ ਮੈਂਬਰ, ਦੋ ਮਰੀਜ਼ ਸੈਕਟਰ 52 ਤੋਂ, ਦੋ ਮਰੀਜ਼ ਸੈਕਟਰ-30 ਤੋਂ ਅਤੇ 6 ਮਰੀਜ਼ ਬਾਪੂ ਧਾਮ ਕਲੋਨੀ ਦੇ ਵਸਨੀਕ ਹਨ।

ਇਸ ਤਰ੍ਹਾਂ ਸਿਟੀ ਬਿਊਟੀਫੁੱਲ ਵਿੱਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 79 ਤੱਕ ਪਹੁੰਚ ਗਿਆ ਹੈ। ਇਸੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਅੱਜ ਟਵੀਟ ਕਰਕੇ ਦੱਸਿਆ ਕਿ ਕੇਂਦਰ ਸਰਕਾਰ ਦੀ ਕੋਵਿਡ ਨੀਤੀ ਅਨੁਸਾਰ ਚੰਡੀਗੜ੍ਹ ਫਿਲਹਾਲ ਰੈੱਡ ਜ਼ੋਨ ਵਿੱਚ ਹੀ ਰਹੇਗਾ।

ਯੂਟੀ ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਆਏ ਨਵੇਂ ਮਰੀਜ਼ਾਂ ਵਿੱਚ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਦਾ ਸਟਾਫ਼ ਮੈਂਬਰ ਸ਼ਾਮਲ ਹੈ ਜੋ ਕਿ ਹਸਪਤਾਲ ਵਿੱਚ ਹੀ ਡਿਊਟੀ ਦੌਰਾਨ ਵਾਇਰਸ ਤੋਂ ਪੀੜਤ ਹੋ ਗਿਆ ਸੀ। ਸੈਕਟਰ-52 ਤੋਂ ਆਏ ਦੋ ਮਰੀਜ਼ਾਂ ਵਿੱਚੋਂ ਇਕ ਮਰੀਜ਼ 39 ਸਾਲਾਂ ਦੀ ਔਰਤ ਹੈ ਅਤੇ ਦੂਜਾ ਮਰੀਜ਼ 14 ਸਾਲਾਂ ਦਾ ਬੱਚਾ ਹੈ।

ਸੈਕਟਰ-30 ਵਿੱਚੋਂ ਵੀ ਮਾਂ-ਬੇਟੀ ਵਾਇਰਸ ਪੀੜਤ ਪਾਏ ਗਏ ਹਨ। ਔਰਤ ਦੀ ਉਮਰ 30 ਸਾਲ ਹੈ ਅਤੇ ਬੇਟੀ ਦੀ ਉਮਰ 10 ਸਾਲ ਹੈ। ਇਸ ਔਰਤ ਨੂੰ ਆਪਣੇ ਪਤੀ ਤੋਂ ਇਨਫ਼ੈਕਸ਼ਨ ਹੋਣ ਦਾ ਸਮਾਚਾਰ ਮਿਲਿਆ ਹੈ। ਬਾਪੂਧਾਮ ਕਲੋਨੀ ਵਿੱਚੋਂ ਅੱਜ ਕੁੱਲ 6 ਮਰੀਜ਼ ਨਵੇਂ ਪਾਏ ਗਏ ਹਨ।

ਇਨ੍ਹਾਂ ਮਰੀਜ਼ਾਂ ਤੋਂ ਇਲਾਵਾ ਬਾਪੂਧਾਮ ਕਲੋਨੀ ਵਿੱਚੋਂ ਪੰਜ ਹੋਰ ਵਿਅਕਤੀਆਂ ਦੀਆਂ ਵੀ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ ਪਰ ਸਿਹਤ ਵਿਭਾਗ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਪ੍ਰਕਾਰ ਸ਼ਹਿਰ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 79 ਹੋ ਗਈ ਹੈ।

Previous articleਰੇਡੀਓ ’ਤੇ ਆਪਣੀਆਂ ਕਹਾਣੀਆਂ ਸੁਣਾਉਣਗੇ ਰਸਕਿਨ ਬੌਂਡ
Next articleSC protects Bhushan from arrest for Ramayana, Mahabharata tweets