ਰੇਹੜੀ-ਫੜ੍ਹੀਆਂ ਵਾਲਿਆਂ ਦਾ ਸਾਮਾਨ ਜ਼ਬਤ

ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਨੇ ਅੱਜ ਤੜਕੇ ਸਰਕਾਰੀ ਜ਼ਮੀਨ ’ਤੇ ਰੱਖੇ ਸਾਮਾਨ ਨੂੰ ਜ਼ਬਤ ਕਰਕੇ ਚਲਾਨ ਕੱਟੇ। ਐਨਫੋਰਸਮੈਂਟ ਦਸਤੇ ਨੇ ਇਹ ਕਾਰਵਾਈ ਸੈਕਟਰ-19 ਦੀ ਮਾਰਕੀਟ ਵਿੱਚ ਕੀਤੀ। ਇਸ ਕਾਰਵਾਈ ਬਾਰੇ ਜਿਵੇਂ ਹੀ ਫੜ੍ਹੀ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਇਕੱਠੇ ਹੋ ਗਏ ਤੇ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਨ ਲੱਗ ਪਏ। ਨਿਗਮ ਨਾਲ ਹਾਜ਼ਰ ਪੁਲੀਸ ਕਰਮਚਾਰੀ ਹਾਜ਼ਰ ਸਨ ਜਿਸ ਕਾਰਨ ਰੇਹੜੀ-ਫੜ੍ਹੀਆਂ ਵਾਲਿਆਂ ਦੀ ਇੱਕ ਨਾ ਚੱਲੀ ਅਤੇ ਨਿਗਮ ਨੇ ਆਪਣੀ ਕਾਰਵਾਈ ਜਾਰੀ ਰੱਖੀ। ਨਿਗਮ ਦਸਤੇ ਨੇ ਇਸ ਦੌਰਾਨ 40 ਕਾਬਜ਼ਕਾਰਾਂ ਦੇ ਚਲਾਨ ਕੱਟ ਕੇ ਸਰਕਾਰੀ ਜ਼ਮੀਨ ’ਤੇ ਰੱਖਿਆ ਸਾਮਾਨ ਜਿਵੇਂ ਮੇਜ਼ ਤੇ ਕੁਰਸੀਆਂ, ਫੋਲਡਿੰਗ ਮੰਜੇ, ਬੈਂਚ ਆਦਿ ਨੂੰ ਚਾਰ ਟਰੱਕਾਂ ਵਿੱਚ ਭਰ ਕੇ ਜ਼ਬਤ ਕਰ ਲਿਆ। ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਦੇ ਇੰਸਪੈਕਟਰ ਸੁਨੀਲ ਦੱਤ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਰਨ ਦੇ ਆਦੇਸ਼ਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੇਹੜੀ-ਫੜ੍ਹੀਆਂ ਵਾਲੇ ਦਿਨ ਵਿੱਚ ਫੜ੍ਹੀਆਂ ਲਗਾਉਣ ਤੋਂ ਬਾਅਦ ਰਾਤ ਨੂੰ ਸਾਮਾਨ ਫੋਲਡਿੰਗ ਮੰਜਿਆਂ ਜਾਂ ਬੈਂਚਾਂ ’ਤੇ ਬੰਨ੍ਹ ਕੇ ਛੱਡ ਜਾਂਦੇ ਹਨ ਅਤੇ ਸਵੇਰ ਵੇਲੇ ਮੁੜ ਤੋਂ ਫੜ੍ਹੀਆਂ ਲਗਾ ਲੈਂਦੇ ਹਨ। ਨਿਗਮ ਕਮਿਸ਼ਨਰ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਾਮਾਨ ਜ਼ਬਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਡਿਫਾਲਟਰਾਂ ਤੋਂ ਦੋ ਦੋ ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ ਅਤੇ ਚੇਤਾਵਨੀ ਦੇ ਕੇ ਸਾਮਾਨ ਛੱਡਿਆ ਜਾਵੇਗਾ। ਰੇਹੜੀ ਫੜ੍ਹੀਆਂ ਵਾਲਿਆਂ ਨੇ ਵੈਂਡਰ ਐਕਟ ਨੂੰ ਲੈ ਕੇ ਕੋਰਟ ਵਲੋਂ ਫੜ੍ਹੀ ਵਾਲਿਆਂ ਦੇ ਚਲਾਨ ਕੱਟਣ ’ਤੇ ਲਗਾਈ ਰੋਕ ਦੇ ਆਰਡਰ ਵੀ ਦਿਖਾਏ। ਨਿਗਮ ਦਸਤੇ ਨੇ ਉਨ੍ਹਾਂ ਨੂੰ ਦੱਸਿਆ ਕਿ ਫੜ੍ਹੀ ਲਗਾਉਣ ਤੋਂ ਬਾਅਦ ਰਾਤ ਨੂੰ ਇਥੇ ਸਮਾਨ ਛੱਡ ਕੇ ਜਾਣਾ ਗੈਰਕਾਨੂੰਨੀ ਹੈ। ਨਿਗਮ ਇੰਸਪੈਕਟਰ ਸੁਨੀਲ ਦੱਤ ਨੇ ਦੱਸਿਆ ਕਿ ਅਜਿਹੀ ਕਾਰਵਾਈ ਪੂਰੇ ਸ਼ਹਿਰ ਵਿੱਚ ਕੀਤੀ ਜਾਵੇਗੀ ਅਤੇ ਫੜ੍ਹੀ ਲਗਾਉਣ ਤੋਂ ਬਾਅਦ ਰਾਤ ਵੇਲੇ ਸਾਮਾਨ ਛੱਡ ਕੇ ਜਾਣ ਵਾਲਿਆਂ ਦਾ ਸਾਮਾਨ ਜ਼ਬਤ ਕੀਤਾ ਜਾਵੇਗਾ।

Previous articleਹਜੂਮੀ ਹੱਤਿਆਵਾਂ ਖ਼ਿਲਾਫ਼ ਕੌਮੀ ਪੱਧਰ ’ਤੇ ਸਖ਼ਤ ਕਾਨੂੰਨ ਬਣੇ: ਮਾਇਆਵਤੀ
Next articleਪ੍ਰਾਈਵੇਟ ਹਸਪਤਾਲ ਦੇ ਡਾਕਟਰ ਦੀ ਲਾਸ਼ ਕਾਰ ’ਚੋਂ ਮਿਲੀ