ਰੇਲਵੇ ਓਵਰਬ੍ਰਿਜ ਦਾ ਉਦਘਾਟਨ ਅੱਜ, ਕੰਮ ਅਜੇ ਵੀ ਅਧੂਰਾ

ਲੰਮੇ ਇੰਤਜ਼ਾਰ ਮਗਰੋਂ ਬਰਨਾਲਾ-ਮੋਗਾ ਹਾਈਵੇਅ ‘ਤੇ ਬਣ ਰਿਹਾ ਓਵਰਬ੍ਰਿਜ ਆਵਾਜਾਈ ਲਈ ਤਿਆਰ ਹੈ। ਪ੍ਰਸ਼ਾਸਨ ਵੱਲੋਂ ਭਲਕੇ ਇਸ ਪੁਲ ਦੇ ਉਦਘਾਟਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਹਾਲਾਂਕਿ ਇਸ ਪੁਲ ਦਾ ਰਸਮੀ ਉਦਘਾਟਨ ਭਲਕੇ ਹੋ ਰਿਹਾ ਹੈ ਪਰ ਅਜੇ ਵੀ ਇਸ ਦਾ ਕਾਫ਼ੀ ਕੰਮ ਮੁਕੰਮਲ ਨਹੀਂ ਹੋਇਆ ਹੈ। ਖ਼ਾਸ ਤੌਰ ‘ਤੇ ਪੁਲ ਦੇ ਦੋਵੇਂ ਪਾਸੇ ਦੀਆਂ ਸਰਵਿਸ ਸੜਕਾਂ ਦਾ ਕੰਮ ਅਜੇ ਅਧੂਰਾ ਹੀ ਹੈ। ਪੁਲ ਦੇ ਆਲੇ ਦੁਆਲੇ ਸੰਘਣੀ ਆਬਾਦੀ ਹੋਣ ਕਾਰਨ ਆਵਾਜਾਈ ਦੇ ਕੋਈ ਸੰਕੇਤਕ ਚਿੰਨ੍ਹ ਵੀ ਨਹੀਂ ਬਣਾਏ ਗਏ ਹਨ। ਬ੍ਰਹਮਪੁਤਰਾ ਇਨਫਰਾਸਟਕਚਰ ਕੰਪਨੀ ਵੱਲੋਂ 53 ਕਰੋੜ ਦੀ ਲਾਗਤ ਨਾਲ ਪਿਛਲੇ ਢਾਈ ਸਾਲਾਂ ਤੋਂ ਬਣਾਏ ਜਾ ਰਹੇ ਇਸ ਫਲਾਈਓਵਰ ਬ੍ਰਿਜ ਦੀ ਕੁੱਲ ਲੰਬਾਈ 1191.50 ਮੀਟਰ, ਦੋਵੇਂ ਪਾਸਿਆਂ ‘ਤੇ ਬਨਣ ਵਾਲੀਆਂ ਸਰਵਿਸ ਰੋਡ ਦੀ ਲੰਬਾਈ 2758.48 ਮੀਟਰ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਈਆਂ ਗਈਆਂ ਡਰੇਨਾਂ ਦੀ ਕੁੱਲ ਲੰਬਾਈ 2758.48 ਮੀਟਰ ਹੈ।
ਕੰਪਨੀ ਨੂੰ ਇਸ ਫਲਾਈਓਵਰ ਬ੍ਰਿਜ ਦਾ ਠੇਕਾ 15 ਨਵੰਬਰ 2016 ਨੂੰ ਮਿਲਿਆ ਸੀ। ਸਰਕਾਰੀ ਨਿਯਮਾਂ ਅਨੁਸਾਰ ਇਸ ਓਵਰਬ੍ਰਿਜ ਨੂੰ 15 ਮਈ 2018 ਤੱਕ ਚਾਲੂ ਹੋ ਜਾਣਾ ਚਾਹੀਦਾ ਸੀ ਪਰ ਇਸ ਮਿਆਦ ਵਿਚ ਕਈ ਵਾਰ ਵਾਧਾ ਕਰਨਾ ਪਿਆ। ਪੁਲ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਹਾਲੇ ਤਕ ਕਚਹਿਰੀ ਚੌਕ ਰੁਕਣ ਵਾਲੀਆਂ ਬੱਸਾਂ ਦਾ ਕੋਈ ਹੱਲ ਨਹੀਂ ਕੱਢਿਆ ਹੈ। ਮਾਨਸਾ ਅਤੇ ਪਟਿਆਲਾ ਜਾਣ ਵਾਲੀਆਂ ਬੱਸਾ ਦਾ ਸਟਾਪ ਵੀ ਨਿਸ਼ਚਿਤ ਨਹੀਂ ਕੀਤਾ ਗਿਆ ਹੈ। ਹਰ ਰੋਜ਼ ਕਚਹਿਰੀਆਂ ਅਤੇ ਮਿਨੀ ਸਕੱਤਰੇਤ ਆਉਣ ਵਾਲੇ ਲੋਕਾਂ ਨੂੰ ਵੀ ਆਵਾਜਾਈ ਦੀ ਪ੍ਰੇਸ਼ਾਨੀ ਝੱਲਣੀ ਪਵੇਗੀ। ਨੈਸ਼ਨਲ ਹਾਈਵੇਅ ਦੇ ਐੱਸਡੀਓ ਪ੍ਰਤੀਕ ਸਿੰਗਲਾ ਨੇ ਕਿਹਾ ਕਿ ਓਵਰਬ੍ਰਿਜ ਭਲਕੇ ਚਾਲੂ ਕੀਤਾ ਜਾ ਰਿਹਾ ਹੈ ਅਤੇ ਬਾਕੀ ਰਹਿੰਦੇ ਕੰਮ ਨੂੰ ਵੀ ਜਲਦ ਮੁਕੰਮਲ ਕਰ ਲਿਆ ਜਾਵੇਗਾ।

Previous articleਇਨਸਾਫ ਲੈਣ ਲਈ ਟਾਵਰ ’ਤੇ ਚੜ੍ਹਿਆ ਸਾਬਕਾ ਸਰਪੰਚ
Next articleUK Army probes ‘Jeremy Corbyn target practice’ video