ਰੇਲਵੇ ਅਤੇ ਪੰਜਾਬ ਸਰਕਾਰ ਵਿਰੁੱਧ ਸੜਕਾਂ ’ਤੇ ਉਤਰੇ ਲੋਕ

ਪਿੰਡ ਕੋਟਲਾ ਗੁੱਜਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਪ੍ਰਧਾਨ ਭਾਈ ਕੁਲਵੰਤ ਸਿੰਘ ਕੋਟਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਰੇਲਵੇ ਵਿਭਾਗ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ। ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਤੋਂ ਵਾਇਆ ਫਤਿਹਗੜ੍ਹ ਚੂੜੀਆਂ- ਅੰਮ੍ਰਿਤਸਰ ਰੇਲ ਲਾਈਨ ‘ਤੇ ਪਿੰਡ ਕੋਟਲਾ ਗੁੱਜਰਾਂ ਨੇੜੇ ਅੰਡਰਪਾਸ ਬਣਨ ’ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਰੇਲਵੇ ਵਿਭਾਗ ਦੀ ਮਦਦ ਨਾਲ 5 ਕਰੋੜ ਰੁਪਏ ਦੀ ਲਾਗਤ ਅੰਡਰਪਾਸ ਬਣਾ ਰਹੀ ਹੈ, ਜਿਸ ਕਾਰਨ ਇਸ ਸੜਕ ਉਪਰੋਂ ਨਾ ਤਾਂ ਟਰੱਕ ਜਾ ਸਕਦੇ ਹਨ ਅਤੇ ਨਾ ਹੀ ਕੰਬਾਈਨ ਗੁਜ਼ਰ ਸਕਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਕੱਟਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਬੋਰ ਕਰ ਕੇ ਗੰਦਾ ਪਾਣੀ ਹੇਠਾਂ ਸੁੱਟਦੀ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਗੰਭੀਰ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਹ ਪੁਲ ਬਣਾਉਣ ਲਈ 5 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਹੈ ਜੋ ਜ਼ਿਆਦਾ ਹੈ, ਜਦੋਂ ਕਿ ਜੇ ਇਹ ਪੁਲ ਰੇਲ ਲਾਈਨਾਂ ਦੇ ਉਪਰੋਂ ਦੀ ਬਣਾਇਆ ਜਾਂਦਾ ਹੈ ਤਾਂ ਲਾਗਤ ਘੱਟ ਆਏਗੀ। ਇਸ ਤਰ੍ਹਾਂ ਸਰਕਾਰ ਦਾ ਵੱਡਾ ਘਪਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੁੱਲ ਬਣਨ ਕਾਰਨ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪੁੱਜੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੁਲ ਦਾ ਫਾਇਦਾ ਹੋਣ ਦੀ ਥਾਂ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਥੇ ਸੁਰੱਖਿਆ ਗਾਰਡ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਕੋਈ ਹਾਦਸਾ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਫਿਰ ਵੀ ਇਹ ਕੰਮ ਕਰਨ ਲਈ ਬਜਿੱਦ ਹੁੰਦੀ ਹੈ ਤਾਂ ਸੰਘਰਸ਼ ਵਿੱਢਿਆ ਜਾਵੇਗਾ।

Previous articleਬਾਂਸਲ ਅਤੇ ਕਿਰਨ ਤੋਂ ਕਾਰਗੁਜ਼ਾਰੀ ਦਾ ਹਿਸਾਬ ਮੰਗਾਂਗੇ: ਧਵਨ
Next articleਡੁੱਬਦੀ ਬੇੜੀ ਬਚਾਉਣ ਲਈ ਕਾਂਗਰਸ ਲੈ ਰਹੀ ਹੈ ਮਨਮੋਹਨ ਸਿੰਘ ਦਾ ਸਹਾਰਾ: ਮਜੀਠੀਆ