ਰੂਸ ਦੀ ਕਰੋਨਾ ਵੈਕਸੀਨ ਬਣਨ ਸਾਰ ਸ਼ੱਕ ਦੇ ਦਾਇਰੇ ’ਚ ਆਈ

ਮਾਸਕੋ (ਸਮਾਜ ਵੀਕਲੀ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਐਲਾਨ ਕੀਤਾ ਕਿ ਰੂਸ ਨੇ ਕੋਵਿਡ -19 ਖਿਲਾਫ਼ ਪਹਿਲੀ ਵੈਕਸੀਨ ‘ਸਪੂਤਨਿਕ V’ ਤਿਆਰ ਕਰ ਲਈ ਹੈ ਜੋ ਕਰੋਨਾਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਤੋਂ ਇਲਾਵਾ ਇਸ ਮਹਾਮਾਰੀ ਖ਼ਿਲਾਫ਼ ਮਜ਼ਬੂਤ ਰੋਗ ਪ੍ਰਤੀਰੋਧੀ ਸਮਰੱਥਾ ਤਿਆਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਧੀ ਨੂੰ ਪਹਿਲਾਂ ਹੀ ਇਹ ਵੈਕਸੀਨ ਦਿੱਤੀ ਜਾ ਚੁੱਕੀ ਹੈ। ਸ੍ਰੀ ਪੂਤਿਨ ਨੇ ਇਹ ਦਾਅਵਾ ਇੱਕ ਸਰਕਾਰੀ ਮੀਟਿੰਗ ਦੌਰਾਨ ਕੀਤਾ ਅਤੇ ਇਸ ਨੂੰ ‘ਵਿਸ਼ਵ ਲਈ ਇੱਕ ਬਹੁਤ ਮਹੱਤਵਪੂਰਨ ਕਦਮ’ ਦੱਸਿਆ।

ਇਸ ਦੌਰਾਨ ਇਸ ਗੱਲ ’ਤੇ ਵੀ  ਬਹਿਸ ਛਿੜ ਪਈ ਹੈ ਕਿ ਜਿੰਨੀ ਤੇਜ਼ੀ ਨਾਲ ਕਰੋਨਾਵਾਇਰਸ ਨਾਲ ਨਜਿੱਠਣ  ਲਈ ਦਵਾਈ ‘ਸਪੂਤਨਿਕ V’ ਬਣਾਈ ਗਈ ਹੈ, ਉਸ ਨੇ ਕਈ ਮੋਹਰੀ ਕੰਪਨੀਆਂ ਆਕਸਫੋਰਡ  ਸਟਰਾਜੈਂਸਾ, ਮੌਡੇਰਨਾ ਤੇ ਪਫਿਜ਼ਰ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਸ ਗੱਲ ’ਤੇ ਵੀ  ਬਹਿਸ ਹੋ ਰਹੀ ਹੈ ਕਿ ਸਰਕਾਰ ਨੇ ਨਿਯਮ ਤਾਕ ’ਤੇ ਰੱਖ ਦਿੱਤੇ ਹਨ ਤੇ ਇਹ ਲੋਕਾਂ ਦੀ ਜਾਨ  ਨੂੰ ਖ਼ਤਰੇ ’ਚ ਪਾ ਸਕਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਵੈਕਸੀਨ ਦੇ ਟਰਾਇਲ ’ਚ ਕਈ ਸਾਲ ਲੱਗ ਜਾਂਦੇ ਹਨ ਤੇ ਸਰਕਾਰ ਨੇ ਦੋ ਮਹੀਨਿਆਂ ’ਚ ਹੀ ਸਾਰੀ ਪ੍ਰਕਿਰਿਆ ਪੂਰੀ ਕਰ ਦਿੱਤੀ ਹੈ। ਦੂਜੇ ਪਾਸੇ, ਰੂਸ ਦਾ ਦਾਅਵਾ ਹੈ ਕਿ ਇਹ ਸਭ ਇਸ ਲਈ ਜਲਦੀ ਸੰਭਵ ਹੋ ਸਕਿਆ ਕਿਉਂਕਿ ਇਸਦੇ ਕੋਵਿਡ-19 ਉਮੀਦਵਾਰ ਨੇ ‘ਮਿਡਲ ਈਸਟ ਰੈਸਪੀਰੇਟਰੀ ਡਿਸੀਜ਼’ (ਐੱਮਈਆਰਐੱਸ) ਦੀ ਟੈਸਟਿੰਗ (ਜੋ ਇੱਕ ਕਰੋਨਾਵਾਇਰਸ ਕਿਸਮ ਤੋਂ ਹੀ ਪੈਦਾ ਹੋਈ ਸੀ) ਵਿੱਚ ਵੀ ਹਿੱਸਾ ਲਿਆ ਸੀ ਤੇ ਜਿਸ ਬਾਰੇ ਪਹਿਲਾਂ ਹੀ ਕਾਫ਼ੀ ਟੈਸਟਿੰਗ ਹੋ ਚੁੱਕੀ ਹੈ।

ਅੱਜ ਸ੍ਰੀ ਪੂਤਿਨ ਨੇ  ਕਰੋਨਾਵਾਇਰਸ ਖ਼ਿਲਾਫ਼ ਇਹ ਵੈਕਸੀਨ ਤਿਆਰ ਕਰਨ ’ਚ ਲੱਗੇ ਸਾਰੇ ਵਿਅਕਤੀਆਂ ਦਾ ਧੰਨਵਾਦ  ਕਰਦਿਆਂ ਆਸ ਪ੍ਰਗਟਾਈ  ਕਿ ਰੂਸ ਜਲਦੀ ਹੀ ਇਸ ਵੈਕਸੀਨ ਦਾ ਵੱਡੇ ਪੱਧਰ ’ਤੇ ਉਤਪਾਦਨ ਕਰਨ  ਯੋਗ ਹੋਵੇਗਾ। ਇਸ ਦੌਰਾਨ ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇ ਦੱਸਿਆ ਕਿ ਇਹ  ਵੈਕਸੀਨ ਗਮਾਲੀਆ ਰਿਸਰਚ ਇੰਸਟੀਚਿਊਟ ਤੇ ਰੂਸ ਦੇ ਰੱਖਿਆ ਮੰਤਰਾਲੇ ਨੇ ਇਕੱਠਿਆਂ ਬਣਾਈ  ਹੈ। ਇਸ ਵੈਕਸੀਨ ’ਚ ਦੋ ਵੱਖ-ਵੱਖਰੇ ਇੰਜੈਕਸ਼ਨ ਸ਼ਾਮਲ ਹਨ, ਜੋ ਇਸ ਵਾਇਰਸ ਖ਼ਿਲਾਫ਼ ਲੜਨ  ਲਈ ਲੰਮੇ ਸਮੇਂ ਤੱਕ ਰੋਗ ਪ੍ਰਤੀਰੋਧੀ ਸਮਰੱਥਾ ਵਧਾਉਂਦੇ ਹਨ।

Previous articleHizbul terror module busted in Kashmir
Next articleਧੀਆਂ ਨੂੰ ਪਿਤਾ ਦੀ ਜਾਇਦਾਦ ’ਚ ਬਰਾਬਰ ਦਾ ਹੱਕ