ਰੁਲ਼ਦੂ ਬੱਕਰੀਆਂ ਵਾਲ਼ਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਉਹਨੂੰ ਆਖਿਆ ਪੰਜਾਬ ਸਿੰਘ ਨੇ ,
ਸੂਹੇ ਰੰਗ ਦੇ ਗੁਲਾਬ ਸਿੰਘ ਨੇ  ,
ਆਖਾ ਓਸ ਦਾ ਪੁਗਾਉਂਣ ਚੱਲਿਆ ,
ਖੇਤੀਬਾੜੀ ਦੇ ਕਾਨੂੰਨਾਂ ਵਾਸਤੇ  ।
ਜਿੰਦ ਰੁਲ਼ਦੂ ਲੁਟਾਉਂਣ ਚੱਲਿਆ  ,
ਖੇਤੀਬਾੜੀ ਦੇ ਕਾਨੂੰਨਾਂ ਵਾਸਤੇ  ।
ਚੰਗਿਆਂ ਦਿਨਾਂ ਦੇ ਜਿਹਨਾਂ ਸੁਪਨੇ ਵਿਖਾਏ ਸੀ।
ਭੋਲ਼ੇ ਭਾਲ਼ੇ ਲੋਕ ਗੱਲਾਂ ਵਿੱਚ ਉਲਝਾਏ ਸੀ  ।
ਵਾਅਦੇ ਯਾਦ ਉਹ ਕਰਾਉਂਣ ਚੱਲਿਆ ,
ਖੇਤੀਬਾੜੀ ਦੇ ਕਾਨੂੰਨਾਂ ਵਾਸਤੇ  ।
ਕਹਿੰਦੇ ਥੋਡੀ ਆਮਦਨ ਦੁੱਗਣੀ ਕਰਾਵਾਂਗੇ ।
ਠੇਕੇ ‘ਤੇ ਜ਼ਮੀਨਾਂ ਸਾਡੇ ਯਾਰਾਂ ਨੂੰ ਦਵਾਵਾਂਗੇ ।
ਖਹਿੜਾ ਉਹਨਾਂ ਤੋਂ ਛੁਡਾਉਂਣ ਚੱਲਿਆ ,
ਖੇਤੀਬਾੜੀ ਦੇ ਕਾਨੂੰਨਾਂ ਵਾਸਤੇ  ।
ਲਗਦਾ ਏ ਹਾਕਮ ਰਜਾਈ ਲੈ ਕੇ ਸੌਂ ਗਿਆ ।
ਮੁੜ੍ਕਾ ਵਹਾਉਂਦਿਆਂ ਨੂੰ ਡੇਢ ਮੀਨਾ੍ ਹੋ ਗਿਆ ।
ਰੱਤ ਆਪਣੀ ਵਹਾਉਂਣ ਚੱਲਿਆ  ,
ਖੇਤੀਬਾੜੀ ਦੇ ਕਾਨੂੰਨਾਂ ਵਾਸਤੇ  ।
ਡੁੱਬਿਆ ਕਿਸਾਨ ਬਾਕੀ ਸਾਰੇ ਡੁੱਬ ਜਾਣਗੇ ।
ਧਰਤੀ ਤੇ ਅੰਬਰਾਂ ਦੇ ਤਾਰੇ ਡੁੱਬ ਜਾਣਗੇ ।
ਮਾਂ ਤੇ ਬਾਪ ਨੂੰ ਬਚਾਉਂਣ ਚੱਲਿਆ ,
ਖੇਤੀਬਾੜੀ ਦੇ ਕਾਨੂੰਨਾਂ ਵਾਸਤੇ  ।
ਸਾਡੇ ਲਈ ਉਹ ਸਿੱਖਿਆ ਦਿਮਾਗੀ ਅਤੇ ਦਿਲੀ ਏ।
ਬੰਦਾ ਸਿੰਘ ਕੋਲ਼ੋਂ ਜਿਹੜੀ ਵਿਰਸੇ ‘ਚ ਮਿਲੀ ਏ  ।
ਇੱਟ ਇੱਟ ਨਾ ਵਜਾਉਂਣ ਚੱਲਿਆ ,
ਖੇਤੀਬਾੜੀ ਦੇ ਕਾਨੂੰਨਾਂ ਵਾਸਤੇ  ।
ਸਾਡਿਆਂ ਬਜ਼ੁਰਗ਼ਾਂ ਬਣਾਈ ਸਾਡੀ ਸ਼ਾਨ ਸੀ ।
ਦਸਵੇਂ ਗੁਰਾਂ ਨੇ ਬਖ਼ਸ਼ੀ ਜੋ ਕਿਰਪਾਨ ਸੀ  ।
ਓਹੀ ਤੇਗ ਲਿਸ਼ਕਾਉਂਣ ਚੱਲਿਆ  ,
ਖੇਤੀਬਾੜੀ ਦੇ ਕਾਨੂੰਨਾਂ ਵਾਸਤੇ  ।
ਆਪਣਿਆਂ ਲੋਕਾਂ ਨਾਲ਼ ਪਾਈ ਹੈ ਪੀ੍ਤ ਜੋ ।
ਰੰਚਣਾਂ ਵਾਲ਼ੇ ਨੇ ਲਿਖੇ ਖ਼ੂਨ ਨਾਲ਼ ਗੀਤ ਜੋ ।
ਉਹਨਾਂ ਗੀਤਾਂ ਨੂੰ ਹੈ ਗਾਉਂਣ ਚੱਲਿਆ,
ਖੇਤੀਬਾੜੀ ਦੇ ਕਾਨੂੰਨਾਂ ਵਾਸਤੇ  ।
ਜਿੰਦ ਰੁਲ਼ਦੂ ਲੁਟਾਉਂਣ ਚੱਲਿਆ  ,
ਖੇਤੀਬਾੜੀ ਦੇ ਕਾਨੂੰਨਾਂ ਵਾਸਤੇ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
            ਪੰਜਾਬ 9478408898
Previous articleਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਰੇਲ ਕੋਚ ਫੈਕਟਰੀ ਦਾ ਦੌਰਾ
Next articleਅਫ਼ਸੋਸ