ਰਿਚਰਡ ਨਿਕਸਨ ਦੀ ਭਾਰਤੀਆਂ ਖ਼ਿਲਾਫ਼ ਨਫ਼ਰਤ ਖੁੱਲ੍ਹ ਕੇ ਸਾਹਮਣੇ ਆਈ

ਨਿਊ ਯਾਰਕ (ਸਮਾਜ ਵੀਕਲੀ) : ਵਾਈਟ ਹਾਊਸ ਦੀ ਹਾਲ ਹੀ ਵਿਚ ਜਨਤਕ ਹੋਈ ਟੇਪ ਰਿਕਾਰਡਿੰਗ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਭਾਰਤੀਆਂ ਬਾਰੇ ਅਪਮਾਨਜਨਕ ਢੰਗ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਟੇਪ ਵਿਚ ਨਿਕਸਨ ਤੇ ਉਸ ਦੇ ਕੌਮੀ ਸੁਰੱਖਿਆ ਸਲਾਹਕਾਰ ਹੈਨਰੀ ਕਿਸਿੰਜਰ ਦੀ ਕੱਟੜਵਾਦੀ ਪਹੁੰਚ ਵੀ ਝਲਕਦੀ ਹੈ। ਇਸ ਨੇ ਨਿਕਸਨ ਦੇ ਕਾਰਜਕਾਲ ਦੌਰਾਨ ਅਮਰੀਕਾ ਦੀ ਭਾਰਤ ਅਤੇ ਦੱਖਣੀ ਏਸ਼ੀਆ ਬਾਰੇ ਨੀਤੀ ਨੂੰ ਪ੍ਰਭਾਵਿਤ ਕੀਤਾ। ‘ਨਿਊ ਯਾਰਕ ਟਾਈਮਜ਼’ ਲਈ ਪ੍ਰਿੰਸਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਗੈਰੀ ਬਾਸ ਨੇ ਇਕ ਲੇਖ ਲਿਖਿਆ ਹੈ।

ਜਿਸ ਵਿਚ ਉਨ੍ਹਾਂ ਵਾਈਟ ਹਾਊਸ ਦੀਆਂ ਟੇਪਾਂ ਦਾ ਜ਼ਿਕਰ ਕੀਤਾ ਹੈ। ਗੈਰੀ ਨੇ ਲਿਖਿਆ ਹੈ ਕਿ ਜਿੱਥੇ ਅਮਰੀਕੀ ਨਸਲਵਾਦ ਤੇ ਸੱਤਾ ਜਿਹੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ, ਉੱਥੇ ਇਹ ਟੇਪ ਦਰਸਾਉਂਦੀ ਹੈ ਕਿ ਕਿਵੇਂ ਨਿਕਸਨ ਦੀ ਭਾਰਤੀਆਂ ਪ੍ਰਤੀ ਨਫ਼ਰਤ ਨੇ ਅਮਰੀਕੀ ਨੀਤੀਆਂ ਨੂੰ ਪ੍ਰਭਾਵਿਤ ਕੀਤਾ। ਇਹ ਲੇਖ ‘ਦਿ ਟੈਰੀਬਲ ਕੌਸਟ ਆਫ਼ ਪ੍ਰੈਜ਼ੀਡੈਂਸ਼ੀਅਲ ਰੇਸਿਜ਼ਮ’ ਦੇ ਸਿਰਲੇਖ ਹੇਠ ਛਪਿਆ ਹੈ। ਨਿਕਸਨ ਰਿਪਬਲਿਕਨ ਸਨ ਤੇ ਅਮਰੀਕਾ ਦੇ 37ਵੇਂ (1969-74) ਰਾਸ਼ਟਰਪਤੀ ਸਨ।

ਟੇਪ ਵਿਚ ਨਿਕਸਨ, ਕਿਸਿੰਜਰ ਤੇ ਚੀਫ਼ ਆਫ਼ ਸਟਾਫ਼ ਐਚ.ਆਰ. ਹਾਲਡੇਮਨ ਦੀ ਓਵਲ ਆਫ਼ਿਸ ਵਿਚ ਹੋਈ ਗੱਲਬਾਤ ਹੈ। ਨਿਕਸਨ ‘ਜ਼ਹਿਰੀਲੇ ਰੌਂਅ ’ਚ ਭਾਰਤੀ ਔਰਤਾਂ ਤੇ ਭਾਰਤੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਰਹੇ ਹਨ।’ ਟੇਪ 4 ਨਵੰਬਰ, 1971 ਦੀ ਹੈ ਤੇ ਉਸ ਵੇਲੇ ਇੰਦਰਾ ਗਾਂਧੀ ਅਮਰੀਕਾ ਦੇ ਦੌਰੇ ਉਤੇ ਸਨ। ਨਿਕਸਨ ਤੇ ਕਿਸਿੰਜਰ ਕੋਲ ਪਾਕਿਸਤਾਨ ਦੀ ਹਮਾਇਤ ਕਰਨ ਦਾ ਕਾਰਨ ਇਹ ਸੀ ਕਿ ਉਹ ਚੀਨ ਖ਼ਿਲਾਫ਼ ਅਮਰੀਕਾ ਦੀ ਮਦਦ ਕਰ ਰਿਹਾ ਸੀ।

Previous articleਨਵੀਆਂ 80 ਵਿਸ਼ੇਸ਼ ਰੇਲ ਗੱਡੀਆਂ 12 ਤੋਂ ਚੱਲਣਗੀਆਂ
Next articleBJD MP in trouble after actress wife levels domestic violence charge