ਰਾਹੁਲ ਗਾਂਧੀ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗੇ: ਟੰਡਨ

ਚੰਡੀਗੜ੍ਹ- ਜੰਗੀ ਜਹਾਜ਼ ਰਾਫ਼ਾਲ ਦੇ ਸੌਦੇ ’ਤੇ ਸੁਪਰੀਮ ਕੋਰਟ ਵੱਲੋਂ ਰੀਵਿਊ ਪਟੀਸ਼ਨ ਨੂੰ ਖਾਰਜ ਕਰਨ ਦੇ ਬਾਵਜੂਦ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਝੂਠੀ ਬਿਆਨਬਾਜ਼ੀ ਕਰਕੇ ਇਸ ਮੁੱਦੇ ਉੱਤੇ ਸੌੜੀ ਰਾਜਨੀਤੀ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੰਜੇ ਟੰਡਨ ਨੇ ਅੱਜ ਸੈਕਟਰ 8-18-7-19 ਦੇ ਚੌਰਾਹੇ ਉੱਤੇ ਭਾਜਪਾ ਵੱਲੋਂ ਕਾਂਗਰਸ ਪਾਰਟੀ ਅਤੇ ਉਸ ਦੇ ਆਗੂ ਰਾਹੁਲ ਗਾਂਧੀ ਖਿਲਾਫ਼ ‘ਝੂਠ ਦਾ ਪਰਦਾਫਾਸ਼’ ਸਿਰਲੇਖ ਤਹਿਤ ਧਰਨਾ ਦਿੱਤੇ ਜਾਣ ਦੌਰਾਨ ਕੀਤਾ। ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਕਾਂਗਰਸ ਅਤੇ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸ੍ਰੀ ਟੰਡਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਰਾਫੇਲ ਮੁੱਦੇ ’ਤੇ ਕੀਤੀ ਝੂਠੀ ਬਿਆਨਬਾਜ਼ੀ ਲਈ ਦੇਸ਼ ਦੀ ਜਨਤਾ ਕੋਲੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਖ਼ੁਦ ਜ਼ਮਾਨਤ ’ਤੇ ਹੋਵੇ, ਉਸ ਵੱਲੋਂ ਇਮਾਨਦਾਰ ਪ੍ਰਧਾਨ ਮੰਤਰੀ ਖਿਲਾਫ਼ ਇਲਜ਼ਾਮ ਲਗਾਉਣੇ ਉਸ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਰਾਫ਼ਾਲ ਸੌਦੇ ਵਰਗੇ ਗੰਭੀਰ ਮਾਮਲੇ ’ਤੇ ਬੋਲਣ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਸੋਚਣਾ ਚਾਹੀਦਾ ਸੀ ਕਿ ਦੇਸ਼ ਦੀ ਫੌਜੀ ਤਾਕਤ ਵਧਾਉਣ ਲਈ ਉੱਚ ਤਕਨੀਕ ਵਾਲਾ ਇਹ ਜਹਾਜ਼ ਕਿੰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਜਹਾਜ਼ ਦੇ ਸੌਦੇ ਦੀ ਡੀਲ ਤਾਂ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਰੱਖਿਆ ਮੰਤਰੀ ਐਂਟਨੀ ਦੇ ਕਾਰਜਕਾਲ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਮੌਕੇ ਰਘੁਬੀਰ ਲਾਲ ਅਰੋੜਾ, ਰਾਮਬੀਰ ਭੱਟੀ, ਸੈਕਟਰੀ ਚੰਦਰ ਸ਼ੇਖਰ ਅਤੇ ਪ੍ਰੇਮ ਕੌਸ਼ਿਕ, ਕੌਂਸਲਰ ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਹੀਰਾ ਨੇਗੀ, ਰਵੀਕਾਂਤ ਸ਼ਰਮਾ, ਦੇਵੇਸ਼ ਮੌਦਗਿਲ, ਅਮਿਤ ਰਾਣਾ, ਰਾਜੇਂਦਰ ਕੌਰ ਰੱਤੂ, ਨਰੇਸ਼ ਅਰੋੜਾ, ਕ੍ਰਿਸ਼ਨ ਕੁਮਾਰ ਨੇ ਵੀ ਰਾਫ਼ ਵਿਚਾਰ ਪੇਸ਼ ਕੀਤੇ।

Previous articleਰਾਫ਼ਾਲ: ਰਾਹੁਲ ਤੋਂ ਮੁਆਫ਼ੀ ਮੰਗਵਾਉਣ ਲਈ ਭਾਜਪਾ ਵੱਲੋਂ ਮੁਜ਼ਾਹਰੇ
Next articleਕੇਂਦਰ ਦੀਆਂ ਯੋਜਨਾਵਾਂ ਨਾਲ ਗ਼ਰੀਬਾਂ ਨੂੰ ਲਾਭ ਮਿਲਿਆ: ਮਲਿਕ