ਰਾਮਗੜ੍ਹੀਆ ਮਿਸਲ ਦੇ ਬਾਨੀ : ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ

(ਸਮਾਜ ਵੀਕਲੀ)

5 ਮਈ, ਜਨਮ ਦਿਨ ‘ਤੇ ਵਿਸ਼ੇਸ਼

ਡਾ. ਚਰਨਜੀਤ ਸਿੰਘ ਗੁਮਟਾਲਾ, 9417533060

 

ਜਦ ਅਸੀਂ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਪਿਛੋਕੜ ਬਾਰੇ ਝਾਤ ਪਾਉਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਿਵਾਰ ਹੀ ਗੁਰੂ ਘਰ ਨੂੰ ਸਮਰਪਿਤ ਸੀ। ਇਨ੍ਹਾਂ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ। ਉਹ ਪਹਿਲਾਂ ਗੁਰੂ ਜੀ ਦੀ ਫ਼ੌਜ ਵਿੱਚ ਇੱਕ ਜੁਝਾਰੂ ਸਿਪਾਹੀ ਦੇ ਰੂਪ ਵਿੱਚ ਲੜਦਾ ਰਿਹਾ ਅਤੇ ਫਿਰ ਬੰਦਾ ਸਿੰਘ ਬਹਾਦਰ ਦੀ ਫ਼ੌੌਜ ਵਿੱਚ ਜਾ ਮਿਲਿਆ ਅਤੇ ਅੰਤ ਵਿੱਚ ਬੰਦਾ ਸਿੰਘ ਬਹਾਦਰ ਦੀ ਬਜਵਾੜੇ ਦੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ।

ਹਰਦਾਸ ਸਿੰਘ ਦਾ ਆਪਣੇ ਪੁੱਤਰ ਗਿਆਨੀ ਭਗਵਾਨ ਸਿੰਘ ਉਪਰ ਡੂੰਘਾ ਪ੍ਰਭਾਵ ਸੀ। ਉਹ ਆਪਣੇ ਸਮਿਆਂ ਸਮੇਂ ਮੰਨਿਆ ਹੋਇਆ ਧਾਰਮਿਕ ਪ੍ਰਚਾਰਕ ਸੀ। ਅਬਦੁੱਸ ਸਮਦ ਦੀ 1727 ਈ. ਵਿੱਚ ਮੌਤ ਤੋਂ ਬਾਅਦ ਉਸ ਦਾ ਪੁੱਤਰ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਉ ਤੋਂ ਕਿਤੇ ਵੱਧ ਜ਼ਾਲਮ ਸੀ। ਉਸ ਸਮੇਂ ਗਿਆਨੀ ਭਗਵਾਨ ਸਿੰਘ ਵਰਗਿਆਂ ਦਾ ਜਿਊਣਾ ਬਹੁਤ ਮੁਸ਼ਕਲ ਸੀ। ਇਨ੍ਹਾਂ ਸਮਿਆਂ ਵਿੱਚ ਹੀ ਉਸ ਦੇ ਪਿਤਾ ਭਾਈ ਹਰਨਾਮ ਸਿੰਘ ਆਪਣੀ ਜੱਦੀ ਪਿੰਡ ਸੁਰ ਸਿੰਘ ਛੱਡ ਕੇ ਲਾਹੌਰ ਦੇ ਪੂਰਬ ਦੇ ਪਾਸੇ ਬਾਰਾਂ ਮੀਲਾਂ ਦੀ ਵਿੱਥ ਈਚੋ ਗਿੱਲ ਪਿੰਡ ਆ ਗਏ। ਭਾਈ ਹਰਦਾਸ ਸਿੰਘ ਗੁਰੂ ਗੋਬਿੰਦ ਸਿੰਘ ਦੀ ਫੌਜ ਲਈ ਸ਼ਸਤਰ ਬਣਾਉਂਦੇ ਰਹੇ ਤੇ ਹੋਰ ਸੇਵਾ ਵੀ ਕਰਦੇ ਰਹੇ।

                   ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ

ਗਿਆਨੀ ਭਗਵਾਨ ਸਿੰਘ ਦੇ ਘਰ ਪੰਜ ਪੁੱਤਰ ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਪੈਦਾ ਹੋਏ। ਇਨ੍ਹਾਂ ਵਿੱਚੋਂ ਜੱਸਾ ਸਿੰਘ ਸਭ ਤੋਂ ਵੱਡਾ ਸੀ ਤੇ ਉਸ ਦਾ ਜਨਮ 5 ਮਈ 1723 ਈ. ਵਿੱਚ ਹੋਇਆ। ਘਰ ਵਿੱਚ ਹੀ ਉਨ੍ਹਾਂ ਨੇ ਆਪਣੇ ਪਿਤਾ ਪਾਸੋਂ ਗੁਰਮੁੱਖੀ ਸਿੱਖੀ, ਜਿਸ ਕਰਕੇ ਉਹ ਛੇਤੀ ਹੀ ਨਿਤਨੇਮ ਦਾ ਪਾਠ ਕਰਨਾ ਸਿੱਖ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਯੋਗ ਹੋ ਗਿਆ। ਉਨ੍ਹਾਂ ਨੇ ਸ. ਗੁਰਦਿਆਲ ਸਿੰਘ ਪੰਜਵੜ, ਹੱਥੋਂ ਪਾਹੁਲ ਲਈ ਸੀ।ਜੱਸਾ ਸਿੰਘ ਦੀ ਸ਼ਾਦੀ ਸ੍ਰੀ ਮਤੀ ਗੁਰਦਿਆਲ ਕੌਰ ਨਾਲ ਹੋਈ, ਜਿਸ ਤੋਂ ਉਸ ਦੇ ਘਰ ਦੋ ਪੁੱਤਰਾਂ ਜੋਧ ਸਿੰਘ ਤੇ ਵੀਰ ਸਿੰਘ ਨੇ ਜਨਮ ਲਿਆ।

ਨਾਦਰ ਸ਼ਾਹ ਤੇ ਜ਼ਕਰੀਆ ਖ਼ਾਨ ਦੀਆਂ ਫੌਜਾਂ ਦਾ ਟਾਕਰਾ 1738 ਈ. ਵਿੱਚ ਵਜ਼ੀਰਾਬਾਦ (ਜ਼ਿਲ੍ਹਾ ਗੁਜਰਾਂਵਾਲਾ ਪਾਕਿਸਤਾਨ) ਦੇ ਨੇੜੇ ਹੋਇਆ। ਇਸ ਲੜਾਈ ਵਿੱਚ ਭਗਵਾਨ ਸਿੰਘ ਤੇ ਜੱਸਾ ਸਿੰਘ ਨੇ ਬੜੀ ਬਹਾਦਰੀ ਵਿਖਾਈ, ਜਿਸ ਦਾ ਜ਼ਕਰੀਆ ਖ਼ਾਂ ਉੱਤੇ ਬੜਾ ਪ੍ਰਭਾਵ ਪਿਆ। ਅੰਤ ਵਿੱਚ ਗਿਆਨੀ ਭਗਵਾਨ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਜ਼ਕਰੀਆ ਖਾਂ ਨੇ ਭਾਈ ਭਗਵਾਨ ਦੇ ਪਰਿਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਪਿੰਡ-ਵੱਲਾ, ਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੱਬਾ ਦੀ ਜਾਗੀਰ ਦੇ ਦਿੱਤੀ ਅਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ ਦੇ ਦਿੱਤੀ। ਜਾਗੀਰ ਵਿੱਚੋਂ ਵੱਲਾ ਪਿੰਡ ਜੱਸਾ ਸਿੰਘ ਦੇ ਹਿੱਸੇ ਆਇਆ। ਇਸ ਪਿੰਡ ਵਿੱਚ ਰਹਿੰਦਿਆਂ ਉਸ ਦੀ ਜਲੰਧਰ ਦੁਆਬੇ ਦੇ ਫ਼ੌੌਜਦਾਰ ਅਦੀਨਾ ਬੇਗ ਨਾਲ ਹੱਦਾਂ ਦੀ ਵੰਡ ਨੂੰ ਲੈ ਕੇ ਨੌਰੰਗਾਬਾਦ ਦੇ ਸਥਾਨ ‘ਤੇ ਲੜਾਈ ਹੋਈ ਜੋ ਕਿ ਵੱਲੇ ਦੀ ਲੜਾਈ ਕਰਕੇ ਮਸ਼ਹੂਰ ਹੈ।

1747 ਈ. ਵਿਸਾਖੀ ਦੇ ਪੁਰਬ ਉੱਤੇ ਅੰਮ੍ਰਿਤਸਰ ਵਿੱਚ ਬੜਾ ਭਾਰੀ ਇਕੱਠ ਹੋਇਆ, ਜਿਸ ਵਿੱਚ ਸਰਬ ਸੰਮਤੀ ਨਾਲ ਆਪਣੇ ਕਿਲ੍ਹੇ ਉਸਾਰਨ ਦਾ ਫੈਸਲਾ ਕੀਤਾ ਗਿਆ।ਂ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ‘ਤੇ ‘ਰਾਮ ਰਾਉਣੀ’ ਕਿਲ੍ਹਾ ਉਸਾਰਨ ਦਾ ਗੁਰਮਤਾ ਪਾਸ ਹੋ ਗਿਆ। ਇਸ ਦੀ ਉਸਾਰੀ ਜਲਦੀ ਕੀਤੀ ਗਈ ਤੇ ਜੱਸਾ ਸਿੰਘ ਨੂੰ ਇਸ ਦਾ ਕਿਲ੍ਹੇਦਾਰ ਥਾਪਿਆ ਗਿਆ। ਬਾਦ ਵਿਚ ਇਸ ਦਾ ਨਾਂ ਰਾਮਗੜ੍ਹ ਰਖਿਆ ਗਿਆ ਤੇ ਉਸ ਨੂੰ ‘ਰਾਮਗੜ੍ਹੀਏ’ ਦੀ ਪਦਵੀ ਨਾਲ ਨਿਵਾਜਿਆ ਗਿਆ ਤੇ ਉਸ ਦੁਆਰਾ ਕਾਇਮ ਕੀਤੀ ਗਈ ਮਿਸਲ ‘ਰਾਮਗੜ੍ਹੀਆ ਮਿਸਲ’ ਦੇ ਨਾਂ ਨਾਲ ਮਸ਼ਹੂਰ ਹੋਈ।

ਰਾਮਗੜ੍ਹ ਦਾ ਕਿਲ੍ਹਾ ਜੋ ਅਠਾਰਵੀਂ ਸਦੀ ਵਿੱਚ ਸਿੱਖਾਂ ਦੀ ਸ਼ਾਨ ਤੇ ਸ਼ਕਤੀ ਦਾ ਪ੍ਰਤੀਕ ਬਣ ਚੁੱਕਾ ਸੀ । ਮੁਗਲਾਂ ਤੇ ਪਠਾਣਾਂ ਨੇ ਇਸ ਕਿਲ੍ਹੇ ਨੂੰ ਧਰਤੀ ਨਾਲ ਕਈ ਵੇਰ ਮਿਲਾਇਆ ਪ੍ਰੰਤੂ ਹਰ ਵਾਰੀ ਜੱਸਾ ਸਿੰਘ ਨੇ ਪੂਰਨ ਲਗਨ ਤੇ ਪਿਆਰ ਨਾਲ ਇਸ ਦੀ ਮੁੜ ਉਸਾਰੀ ਕੀਤੀ ਅਤੇ ਇਸ ਦੇ ਨਾਂ ਅਤੇ ਹੋਂਦ ਨੂੰ ਕਾਇਮ ਰੱਖਣ ਦਾ ਮਾਣ ਉਸੇ ਨੂੰ ਮਿਲਦਾ ਰਿਹਾ।ਤੈਮੂਰ ਨੇ ਵੀ 1757ਈ. ਨੂੰ ਨਾ ਕੇਵਲ ਕਿਲ੍ਹਾ ਢਾਹਿਆ, ਸਗੋਂ ਹਰਿਮੰਦਰ ਸਾਹਿਬ ਢੁਆ ਦਿੱਤਾ ਤੇ ਸਰੋਵਰ ਮਿੱਟੀ ਨਾਲ ਪੂਰ ਦਿੱਤਾ। ਜੱਸਾ ਸਿੰਘ ਨੇ ਮੁੜ ਕਿਲ੍ਹਾ ਉਸਾਰਿਆ ਤੇ ਕਿਲ੍ਹੇ ਦੇ ਨਜ਼ਦੀਕ ਇੱਕ ਬਸਤੀ ‘ਕਟੜਾ ਰਾਮਗੜ੍ਹੀਆ’ ਉਸਾਰੀ ।

ਵੱਡੇ ਘਲੂਘਾਰੇ ਤੋਂ ਪਿੱਛੋਂ ਸਿੱਖਾਂ ਨੇ ਵੱਡੀ ਲੜਾਈ ਦੀ ਤਿਆਰੀ ਕੀਤੀ। 17 ਅਕਤੂਬਰ 1762 ਨੂੰ ਅਬਦਾਲੀ ਅਜੇ ਲਾਹੌਰ ਵਿੱਚ ਸੀ ਕਿ ਲਗਭਗ 60 ਹਜ਼ਾਰ ਸਿੱਖ ਅੰਮ੍ਰਿਤਸਰ ਇਕੱਠੇ ਹੋਏ ਤੇ ਅਬਦਾਲੀ ਨਾਲ ਟੱਕਰ ਲੈਣ ਦਾ ਪ੍ਰਣ ਕੀਤਾ। ਅਬਦਾਲੀ ਨੂੰ ਖ਼ਬਰ ਮਿਲਦਿਆਂ ਉਸ ਨੇ ਹਮਲਾ ਕਰ ਦਿੱਤਾ। ਸਵੇਰ ਤੋਂ ਸ਼ਾਮ ਤੀਕ ਜ਼ਬਰਦਸਤ ਲੜਾਈ ਹੋਈ ਜਿਸ ਵਿੱਚ ਅਬਦਾਲੀ ਨੂੰ ਹਾਰ ਹੋਈ ਤੇ ਉਹ ਰਾਤ ਦੇ ਹਨੇਰੇ ਵਿੱਚ ਜਾਨ ਬਚਾ ਕੇ ਨੱਸ ਗਿਆ। ਉਹ ਦਸੰਬਰ 1762 ਈ. ਵਿੱਚ ਅਫ਼ਗਾਨਿਸਤਾਨ ਵਿਖੇ ਗੜਬੜ ਹੋਣ ਕਰਕੇ ਕਾਬਲ ਵਾਪਸ ਚਲਾ ਗਿਆ।

ਜੱਸਾ ਸਿੰਘ ਰਾਮਗੜ੍ਹੀਆ ਨੇ 1767 ਤੋਂ ਪਿੱਛੋਂ ਕਈ ਇਲਾਕਿਆਂ ‘ਤੇ ਕਬਜ਼ਾ ਕੀਤਾ। ਸਭ ਤੋਂ ਪਹਿਲਾਂ ਬਟਾਲਾ, ਕਲਾਨੌਰ, ਦੀਨਾਨਗਰ, ਸ੍ਰੀ ਹਰਿਗੋਬਿੰਦਪੁਰ, ਸ਼ਾਹਪੁਰ ਕੰਢੀ, ਕਾਦੀਆਂ ਅਤੇ ਘੁੰਮਣ ‘ਤੇ ਕਬਜ਼ਾ ਕੀਤਾ। ਇਹ ਇਲਾਕਾ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਉਪਜਾਊ ਸੀ ਇਸ ਨੂੰ ਰਿਆੜਕੀ ਕਰਕੇ ਸੱਦਿਆ ਜਾਂਦਾ ਸੀ। ਇਨ੍ਹਾਂ ਇਲਾਕਿਆਂ ਤੋਂ ਉਸ ਨੂੰ ਛੇ ਤੋਂ ਲੈ ਕੇ ਦੱਸ ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਹੁੰਦੀ ਸੀ। ਇਸ ਤੋਂ ਪਿੱਛੋਂ ਉਸ ਨੇ ਮੌਜੂਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਲੱਗਦੇ ਇਲਾਕਿਆਂ ਵੱਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਛੇਤੀ ਹੀ ਮਨੀਵਾਲ, ਉੜਮੜ ਟਾਂਡਾ, ਸਰਹੀ, ਮੰਗੇਵਾਲ, ਮਿਆਣੀ, ਦੀਪਾਲਪੁਰ, ਰੋਹਿਲ ਤੇ ਸ਼ਰੀਫ਼ ਜੰਗ ਆਦਿ ਇਲਾਕੇ ਆਪਣੇ ਅਧੀਨ ਕਰ ਲਏ। ਇਹ ਇਲਾਕੇ ਆਉਣ ਨਾਲ ਉਸ ਦੀ ਆਮਦਨ ਦਸ ਲੱਖ ਰੁਪਏ ਸਲਾਨਾ ਤੋਂ ਵੱਧ ਗਈ।

ਕਾਂਗੜਾ ਤੇ ਹੋਰ ਪਹਾੜੀ ਰਾਜਿਆਂ ਨੇ ਜੱਸਾ ਸਿੰਘ ਰਾਮਗੜ੍ਹੀਆਂ ਦੀ ਈਨ ਮੰਨ ਕੇ ਸਾਲਾਨਾ ਕਰ ਦੇਣਾ ਪ੍ਰਵਾਨ ਕਰ ਲਿਆ। ਜਸਵਾਂ, ਦੀਪਾਲਪੁਰ, ਅਨਾਰਪੁਰ, ਹਰੀਪੁਰ, ਦਾਤਾਰਪੁਰ ਤੇ ਜੇਠੋਵਾਲ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਆਪਣੇ ਅਧੀਨ ਕਰ ਲਈਆਂ। ਇਨ੍ਹਾਂ ਤੋਂ ਦੋ ਲੱਖ ਰੁਪਏ ਸਾਲਾਨਾ ਕਰ ਆਉਂਦਾ ਸੀ।ਇਨ੍ਹਾਂ ਜਿੱਤਾਂ ਨਾਲ ਉਸ ਦੇ ਰਾਜ ਦੀਆਂ ਹੱਦਾਂ ਦੂਰ ਦੂਰ ਤੀਕ ਵਧ ਗਈਆਂ।ਬਿਆਸ ਅਤੇ ਰਾਵੀ ਦੇ ਵਿਚਕਾਰ ਦਾ ਸਾਰਾ ਇਲਾਕਾ ਅਤੇ ਜਲੰਧਰ ਦੁਆਬੇ ਦਾ ਮੈਦਾਨੀ ਇਲਾਕਾ ਉਸ ਦੇ ਰਾਜ ਵਿਚ ਸ਼ਾਮਲ ਸੀ ।ਉਸ ਨੇ ਸੋਚ ਵਿਚਾਰ ਕਰਕੇ ਸ੍ਰੀ ਹਰਿਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾਇਆ ਜੋ ਕਿ ਜਿੱਤੇ ਇਲਾਕਿਆਂ ਦੇ ਐਨ ਵਿਚਕਾਰ ਸੀ ।ਪਹਿਲਾਂ ਰਾਮਗੜ੍ਹ ਰਾਜਧਾਨੀ ਸੀ।

ਪਹਾੜੀ ਰਿਆਸਤਾਂ ਰਿਆੜਕੀ ਅਤੇ ਦੁਆਬ ਦੀ ਜਿੱਤ ਨੇ ਜੱਸਾ ਸਿੰਘ ਦਾ ਤੇਜ ਪ੍ਰਤਾਪ ਸਿਖਰਾਂ ‘ਤੇ ਪਹੁੰਚਾ ਦਿੱਤਾ। ਪਰ ਪਿੱਛੋਂ ਐਸੇ ਹਾਲਾਤ ਪੈਦਾ ਹੋ ਗਏ ਕਿ ਮਿਸਲਾਂ ਵਿੱਚ ਆਪਸੀ ਗ੍ਰਹਿ ਯੁੱਧ ਸ਼ੁਰੂ ਹੋ ਗਏ।ਪਠਾਨਕੋਟ ਨੂੰ ਲੈ ਕੇ ਇਨ੍ਹਾਂ ਵਿੱਚ ਅਣਬਣ ਹੋ ਗਈ। ਭੰਗੀਆਂ ਨੇ ਪਠਾਨਕੋਟ ਉੱਤੇ ਧਾਵਾਂ ਬੋਲ ਦਿੱਤਾ । ਤਵੀ ਨਦੀ ਦੇ ਨੇੜੇ ਬੜੀ ਭਾਰੀ ਲੜਾਈ ਹੋਈ। ਭੰਗੀ, ਰਾਮਗੜ੍ਹੀਏ. ਰਣਜੀਤ ਦਿਓ ਤੇ ਪੀਰ ਮੁਹੰਮਦ ਚੱਠਾ ਇੱਕ ਪਾਸੇ ਕੰਨ੍ਹਈਏ, ਆਹਲੂਵਾਲੀਏ ਤੇ ਸ਼ੁਕਰਚੱਕੀਏ ਦੂਜੇ ਪਾਸੇ। ਅਖ਼ੀਰ ਭੰਗੀਆਂ ਦੀ ਹਾਰ ਹੋਈ। ਇਸਦਾ ਸਭ ਤੋਂ ਮਾੜਾ ਸਿੱਟਾ ਇਹ ਨਿਕਲਿਆ ਕਿ ਆਹਲੂਵਾਲੀਏ ਤੇ ਸ਼ੁਕਰਚਕੀਏ, ਜੱਸਾ ਸਿੰਘ ਦੇ ਪੱਕੇ ਦੁਸ਼ਮਣ ਬਣ ਗਏ। ਆਪਣੀ ਸ਼ਾਨ ਨੂੰ ਘੱਟਦੇ ਵੇਖ ਕੇ ਜੱਸਾ ਸਿੰਘ ਨੇ ਕਪੂਰਥਲਾ ਦੇ ਰਾਇ ਨੂੰ ਚੁੱਕਿਆ ਕਿ ਉਹ ਆਹਲੂਵਾਲੀਏ ਨੂੰ ਕਰ ਦੇਣ ਤੋਂ ਇਨਕਾਰ ਕਰ ਦੇਵੇ ਪਰ ਜੱਸਾ ਸਿੰਘ ਦੀ ਇਹ ਚਾਲ ਸਫ਼ਲ ਨਾ ਹੋ ਸਕੀ ਕਿਉਂਕਿ ਆਹਲੂਵਾਲੀਏ ਨੇ ਆਪਣੀ 30 ਹਜ਼ਾਰ ਫ਼ੌਜ ਨਾਲ ਕਪੂਰਥਲੇ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਅਧੀਨ ਕਰ ਲਿਆ।

ਜੱਸਾ ਸਿੰਘ ਆਹਲੂਵਾਲੀਆ ਅਜਿਹੇ ਮੌਕੇ ਦੀ ਭਾਲ ਵਿੱਚ ਸੀ ਕਿ ਉਹ ਰਾਮਗੜ੍ਹੀਆ ਪਾਸੋਂ ਇਸਦਾ ਬਦਲਾ ਲਵੇ। 1775 ਈ. ਵਿੱਚ ਬਿਆਸ ਦੇ ਕੰਢੇ ਜ਼ਹੂਰੇ ਪਿੰਡ ਵਿੱਚ ਇੱਕ ਛੋਟੀ ਜਿਹੀ ਮੁਠਭੇੜ ਹੋਈ ਜਿਸ ਵਿੱਚ ਜੱਸਾ ਸਿੰਘ ਰਾਮਗੜ੍ਹੀਆ, ਆਹਲੂਵਾਲੀਏ ਦੀ ਗੋਲੀ ਨਾਲ ਫੱਟੜ ਹੋ ਗਿਆ ਤੇ ਇਹ ਇਲਾਕਾ ਰਾਮਗੜ੍ਹੀਆ ਦੇ ਹੱਥੋਂ ਨਿਕਲ ਗਿਆ।

ਇੱਕ ਵਾਰੀ ਜੱਸਾ ਸਿੰਘ ਆਹਲੂਵਾਲੀਆ ਸ਼ਿਕਾਰ ਖੇਡਦਾ ਨੰਗਲ ਪਿੰਡ ਨੇੜੇ ਆ ਨਿਕਲਿਆ। ਜੱਸਾ ਸਿੰਘ ਰਾਮਗੜ੍ਹੀਏ ਦੇ ਭਰਾ ਮਾਲੀ ਸਿੰਘ ਨੇ ਆਹਲੂਵਾਲੀਏ ‘ਤੇ ਹਮਲਾ ਕਰਕੇ ਉਸ ਨੂੰ ਫੱਟੜ ਕਰਕੇ ਕੈਦ ਕਰ ਲਿਆ ਤੇ ਉਸ ਨੂੰ ਸ੍ਰੀ ਹਰਿਗੋਬਿੰਦਪੁਰ ਲੈ ਗਿਆ। ਇਸ ਘਟਨਾ ਨਾਲ ਸਾਰੇ ਸਰਦਾਰ ਰਾਮਗੜ੍ਹੀਏ ਦੇ ਵਿਰੁੱਧ ਹੋ ਗਏ। ਇਸ ਖਿਚੋਤਾਣ ਵਿੱਚ ਰਾਮਗੜ੍ਹੀਆ ਤੇ ਸ਼ੁਕਰਚਕੀਆ ਵਿੱਚ ਲੜਾਈ ਹੋ ਗਈ ਤੇ ਜੱਸਾ ਸਿੰਘ ਨੇ ਚੜ੍ਹਤ ਸਿੰਘ ਨੂੰ ਹਾਰ ਦਿੱਤੀ ਤੇ ਉਸ ਦੀਆਂ ਬੰਦੂਕਾਂ ਤੇ ਹੋਰ ਬਹੁਤ ਸਾਰਾ ਜੰਗੀ ਸਮਾਨ ਕਾਬੂ ਕਰ ਲਿਆ।

1776 ਈ. ਵਿੱਚ ਰਾਮਗੜ੍ਹੀਏ ਸਰਦਾਰ ਨੂੰ ਖ਼ਤਮ ਕਰਨ ਲਈ ਆਹਲੂਵਾਲੀਏ ਨੇ ਬਾਕੀ ਦੇ ਸਰਦਾਰਾਂ ਪਾਸੋਂ ਮਦਦ ਮੰਗੀ। ਚੜ੍ਹਤ ਸਿੰਘ ਸ਼ੁਕਰਚੱਕੀਏ ਤੇ ਜੈ ਸਿੰਘ ਕੰਨ੍ਹਈਏ ਤੋਂ ਇਲਾਵਾ ਭੰਗੀ ਸਰਦਾਰ ਵੀ ਆਹਲੂਵਾਲੀਆ ਦੀ ਮਦਦ ਲਈ ਆ ਗਏ। ਇਨ੍ਹਾਂ ਚੋਹਾਂ ਮਿਸਲਾਂ ਦੀਆਂ ਸਾਂਝੀਆਂ ਫੌਜਾਂ ਨੇ ਸ੍ਰੀ ਹਰਿਗੋਬਿੰਦਪੁਰ ‘ਤੇ ਹਮਲਾ ਕੀਤਾ। ਰਾਮਗੜ੍ਹੀਆ ਦੀ ਪੇਸ਼ ਨਾ ਗਈ ਤੇ ਉਸ ਨੇ ਸ਼ਹਿਰ ਖਾਲੀ ਕਰ ਦਿੱਤਾ। ਇਸ ਤੋਂ ਪਿੱਛੋਂ ਉਨ੍ਹਾਂ ਬਟਾਲੇ ‘ਤੇ ਕਬਜ਼ਾ ਕੀਤਾ। ਇਸ ਪਿੱਛੋਂ ਕਲਾਨੌਰ ਉੱਤੇ ਧਾਵਾ ਬੋਲਿਆ। ਇਸ ਲੜਾਈ ਵਿੱਚ ਜੱਸਾ ਸਿੰਘ ਦਾ ਛੋਟਾ ਭਰਾ ਤਾਰਾ ਸਿੰਘ ਮਾਰਿਆ ਗਿਆ ਤੇ ਇਸ ਦਾ ਕਬਜ਼ਾ ਹਕੀਕਤ ਸਿੰਘ ਕੰਨ੍ਹਈਏ ਨੂੰ ਦੇ ਦਿੱਤਾ। ਇਸ ਪਿੱਛੋਂ ਸਾਂਝੀਆਂ ਫੌਜਾਂ ਨੇ ਨਾ ਕੇਵਲ ਉਸ ਨੂੰ ਉਸ ਦੇ ਇਲਾਕੇ ਵਿੱਚੋਂ ਕੱਢ ਦਿੱਤਾ ਸਗੋਂ ਸਤਲੁਜੋਂ ਪਾਰ ਜਾਣ ਲਈ ਮਜ਼ਬੂਰ ਕਰ ਦਿੱਤਾ।

ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੇ ਰਿਆਸਤ ਪਟਿਆਲਾ ਨੂੰ ਆਪਣੇ ਅਧੀਨ ਕਰਨ ਲਈ ਹਮਲਾ ਕਰ ਦਿੱਤਾ। ਜਦ ਸ਼ਾਹੀ ਫ਼ੌਜਾਂ ਕਰਨਾਲ ਨੇੜੇ ਪੁੱਜੀਆਂ ਤਾਂ ਕਈ ਸਰਦਾਰ ਜਿਵੇਂ ਸਾਹਿਬ ਸਿੰਘ ਕਾਂਡੀ, ਦੀਵਾਨ ਸਿੰਘ, ਬਘੇਲ ਸਿੰਘ ਅਤੇ ਦੇਸਾ ਸਿੰਘ ਕੈਂਥਲੀਆ ਆਦਿ ਜਿਨ੍ਹਾਂ ਦੀ ਰਾਜਾ ਅਮਰ ਸਿੰਘ ਨਾਲ ਲੱਗਦੀ ਸੀ ਵੀ ਮੁਗ਼ਲ ਫੌਜ ਦੀ ਮਦਦ ਲਈ ਆ ਗਏ। ਜੱਸਾ ਸਿੰਘ ਰਾਮਗੜ੍ਹੀਆ ਤੇ ਉਸ ਦਾ ਸੁਪੁੱਤਰ ਜੋਧ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਵੀ ਉਸ ਦੀ ਸਹਾਇਤਾ ਲਈ ਪੁੱਜ ਗਏ। ਰਾਜਾ ਅਮਰ ਸਿੰਘ ਦੀਆਂ ਫੌਜਾਂ ਨੂੰ ਭਾਰੀ ਜਿੱਤ ਹੋਈ ਤੇ ਪਾਨੀਪਤ ਵੱਲ ਨੂੰ ਨੱਸੀਆਂ ਜਾਂਦੀਆਂ ਸ਼ਾਹੀ ਫ਼ੌਜਾਂ ਦਾ ਪਿੱਛਾ ਕਰਕੇ ਸਿੱਖਾਂ ਨੇ ਲੁੱਟ ਦੇ ਮਾਲ ਨਾਲ ਖੂਬ ਹੱਥ ਰੰਗੇ।

ਜੱਸਾ ਸਿੰਘ ਰਾਮਗੜ੍ਹੀਏ ਨੇ ਬਘੇਲ ਸਿੰਘ ਅਤੇ ਗੁਰਦਿੱਤ ਸਿੰਘ ਦੀ ਸਹਾਇਤਾ ਨਾਲ ਤੀਹ ਹਜ਼ਾਰ ਫੌਜ ਲੈ ਕੇ ਮੁਜ਼ਫਰਪੁਰ ਤੇ ਮੀਰਾਂਪੁਰ ਦੇ ਇਲਾਕੇ ਵਿਚ ਲੁਟ ਮਾਰ ਕੀਤੀ ਤੇ ਫਿਰ ਮਾਰੋ ਮਾਰ ਕਰਦੇ ਮੇਰਠ ਸ਼ਹਿਰ ਵਿਚ ਜਾ ਨਿਕਲੇ।ਇਸ ਇਲਾਕੇ ਦੇ ਜ਼ਬੀਤਾ ਖ਼ਾਨ ਨੂੰ ਘੇਰ ਲਿਆ ਤੇ ਦਸ ਹਜ਼ਾਰ ਰੁਪਏ ਕਰ ਵਸੂਲ ਕੀਤਾ।ਉਸ ਨੇ ਹਰ ਸਾਲ ਕਰ ਦੇਣ ਦਾ ਇਕਰਾਰ ਵੀ ਕੀਤਾ। ਇੱਥੋਂ ਅੱਗੇ ਜੱਸਾ ਸਿੰਘ ਤੇ ਬਘੇਲ ਸਿੰਘ ਦੀਆਂ ਫੌਜਾਂ ਨੇ ਉੱਤਰ ਪ੍ਰਦੇਸ਼ ਦੇ ਉੱਘੇ ਵਪਾਰਕ ਕੇਂਦਰ ਚੌਣਸੀ ਉੱਤੇ ਹਮਲਾ ਕੀਤਾ, ਜਿੱਥੋਂ ਕਈ ਲੱਖ ਰੁਪਿਆ ਉਨ੍ਹਾਂ ਦੇ ਹੱਥ ਲੱਗਾ।

ਕੁਝ ਸਮੇਂ ਬਾਅਦ ਸਿੱਖ ਸਰਦਾਰਾਂ ਨੇ ਦਿੱਲੀ ਉਪਰ ਧਾਵਾ ਕਰਨ ਦਾ ਮਤਾ ਪਕਾਇਆ। ਮਾਰਚ 1783 ਵਿੱਚ ਸਿੱਖ ਦਿੱਲੀ ਸ਼ਹਿਰ ਵਿੱਚ ਦਾਖਲ ਹੋਏ। ਮੁਗ਼ਲ ਬਾਦਸ਼ਾਹ, ਸ਼ਾਹ ਆਲਮ ਦੂਜਾ ਉਨ੍ਹਾਂ ਦੇ ਮੁਕਾਬਲੇ ਲਈ ਤਿਆਰ ਨਹੀਂ ਸੀ। ਇਸ ਲਈ ਸਿੱਖ ਕਈ ਦਿਨ ਦਿੱਲੀ ਦੇ ਮਾਲਕ ਬਣੇ ਰਹੇ।ਜੱਸਾ ਸਿੰਘ ਰਾਮਗੜ੍ਹੀਆ ਹੋਰ ਸਰਦਾਰਾਂ ਤੋਂ ਵੱਖਰੇ ਹੋ ਕੇ ਹਮਲੇ ਕਰਦਾ ਰਿਹਾ। ਪਹਿਲਾਂ ਉਸ ਨੇ ਮੁਗ਼ਲਪੁਰੀ ਖ਼ਤਮ ਕੀਤਾ ਤੇ ਫਿਰ ਲਾਲ ਕਿਲ੍ਹੇ ਜਾ ਵੜਿਆ। ਉੱਥੋਂ ਧਨ ਤੋਂ ਇਲਾਵਾ ਮੁਗ਼ਲ ਦੇ ਤੋਪਖਾਨੇ ਦੀਆਂ ਚਾਰ ਬੰਦੂਕਾਂ ਤੇ ਮੁਗ਼ਲਾਂ ਦੇ ਤਾਜਪੋਸ਼ੀ ਵਾਲੀ ਰੰਗ ਬਰੰਗੇ ਪੱਥਰ ਦੀ ਇੱਕ ਸੁੰਦਰ ਸਿੱਲ ਹੱਥ ਲੱਗੀ। ਇਹ 6 ਫੁੱਟ ਲੰਬੀ, 4 ਫੁੱਟ ਚੌੜੀ ਤੇ 9 ਇੰਚ ਮੋਟੀ ਸਿੱਲ ਇਸ ਸਮੇਂ ਰਾਮਗੜ੍ਹੀਏ ਬੁੰਗੇ ਵਿੱਚ ਪਈ ਹੈ।

1783 ਈ. ਵਿੱਚ ਜੱਸਾ ਸਿੰਘ ਆਹਲੂਵਾਲੀਆ ਅਕਾਲ ਚਲਾਣਾ ਕਰ ਗਿਆ। ਜੱਸਾ ਸਿੰਘ ਰਾਮਗੜ੍ਹੀਆ ਨੇ ਵਾਪਸ ਪੰਜਾਬ ਆ ਕੇ ਆਪਣੇ ਇਲਾਕੇ ਮੁੜ ਪ੍ਰਾਪਤ ਕਰ ਲਏ।ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ 1799 ਈ. ਵਿੱਚ ਮੁੜ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਦੇ ਉੱਘੇ ਕਿਲ੍ਹੇ ਮਿਆਣੀ ਉਪਰ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਲੜਾਈ ਵਿੱਚ ਭਾਗ ਸਿੰਘ ਆਹਲੂਵਾਲੀਆ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕੀਤੀ। ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਦਾ ਬਦਲਾ ਲੈਣ ਲਈ ਆਹਲੂਵਾਲੀਆ ਸਰਦਾਰ ਦੇ ਇਲਾਕੇ ਉੱਤੇ ਹੱਲਾ ਬੋਲ ਦਿੱਤਾ। ਕਾਂਗੜੇ ਦਾ ਰਾਜਾ ਸੰਸਰ ਚੰਦ ਕਟੋਚ ਵੀ ਮਹਾਰਾਜਾ ਰਣਜੀਤ ਸਿੰਘ ਦੀ ਵੱਧਦੀ ਤਾਕਤ ਤੋਂ ਖ਼ਤਰਾ ਮਹਿਸੂਸ ਕਰਦਾ ਸੀ, ਉਸ ਨੇ ਵੀ ਜੱਸਾ ਸਿੰਘ ਰਾਮਗੜ੍ਹੀਆ ਦਾ ਸਾਥ ਦਿੱਤਾ। ਭਾਗ ਸਿੰਘ ਆਹਲੂਵਾਲੀਆ ਨੇ ਆਪਣੇ ਜਰਨੈਲ ਹਮੀਰ ਸਿੰਘ ਨੂੰ ਭੇਜਿਆ ਪ੍ਰੰਤੂ ਹਮੀਰ ਸਿੰਘ ਨੂੰ ਇਸ ਲੜਾਈ ਵਿੱਚ ਹਾਰ ਹੋਈ ਤੇ ਉਹ ਜਖਮੀ ਹੋ ਗਿਆ। ਫਗਵਾੜਾ ਪਹੁੰਚ ਕੇ ਆਹਲੂਵਾਲੀਆ ਸਰਦਾਰ ਕੁਝ ਦਿਨਾਂ ਦੀ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ।80 ਸਾਲ ਦੀ ਉਮਰ ਭੋਗ ਕੇ 1803 ਈ. ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਕਾਲ ਚਲਾਣਾ ਕਰ ਗਿਆ। ਉਸ ਦੇ ਪੁੱਤਰ ਜੋਧ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਪਾ ਲਈ ਤੇ ਉਸ ਦੇ ਜੀਉਂਦੇ ਜੀਅ 1816 ਈ. ਤੱਕ ਮਹਾਰਾਜਾ ਰਣਜੀਤ ਸਿੰਘ ਨੂੰ ਲੜਾਈ ਕਰਨ ਦਾ ਕਦੇ ਖਿਆਲ ਨਾ ਆਇਆ।

ਹਵਾਲਾ ਪੁਸਤਕਾਂ :- 1. ਕਪੂਰ, ਪ੍ਰੋ ਪ੍ਰਿਥੀਪਾਲ ਸਿੰਘ, ਸ. ਜੱਸਾ ਸਿੰਘ ਰਾਮਗੜ੍ਹੀਆ, ਸਿੰਘ ਬਰਦਰਜ਼, ਅੰਮ੍ਰਿਤਸਰ 2010
2. ਰਾਏ, ਪ੍ਰੋ. ਗੁਰਨਾਮ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ 2012

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleMain accused in mob violence wins panchayat poll in UP
Next articleLess oxygen allotment at Delhi base hospital, Army complaints to govt