ਰਾਮਕੁਮਾਰ ਤੇ ਵਿਜੇ ਦੀ ਜੋੜੀ ਨੇ ਜਿੱਤਿਆ ਪੁਣੇ ਚੈਲੰਜਰਜ਼ ਡਬਲਜ਼ ਦਾ ਖ਼ਿਤਾਬ

ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਆਪਣਾ ਬਿਹਤਰੀਨ ਖੇਡ ਦਿਖਾਇਆ ਅਤੇ ਹਮਵਤਨ ਵਿਜੇ ਸੁੰਦਰ ਪ੍ਰਸ਼ਾਂਤ ਨਾਲ ਮਿਲ ਕੇ ਸ਼ਨਿਚਰਵਾਰ ਨੂੰ ਇੱਥੇ ਕੇਪੀਆਈਟੀ-ਐੱਮਐੱਸਐੱਲਟੀਏ ਏਟੀਪੀ ਚੈਲੰਜਰਜ਼ ਟੈਨਿਸ ਟੂਰਨਾਮੈਂਟ ’ਚ ਡਬਲਜ਼ ਦਾ ਖ਼ਿਤਾਬ ਜਿੱਤਿਆ।
ਰਾਮ ਕੁਮਾਰ ਨੇ ਬੇਸਲਾਈਨ ’ਤੇ ਬਿਹਤਰੀਨ ਖੇਡ ਦਾ ਨਜ਼ਾਰਾ ਪੇਸ਼ ਕੀਤਾ। ਉਸ ਦੇ ਵਧੀਆ ਪ੍ਰਦਰਸ਼ਨ ਨਾਲ ਗੈਰ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਤਾਇਪੇ ਦੇ ਸੁੰਗ ਹੁਆ ਯਾਂਗ ਅਤੇ ਚੇਂਗ ਪੋਂਗ ਸਹੀ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ 7-6 (3), 6-7(5), 10-7 ਨਾਲ ਹਰਾਇਆ। ਰਾਮਕੁਮਾਰ ਨੇ ਮੈਚ ਵਿੱਚ ਪੂਰੀ ਜ਼ਿੰਮੇਵਾਰੀ ਸੰਭਾਲੀ ਕਿਉਂਕਿ ਉਸ ਦਾ ਜੋੜੀਦਾਰ ਫਾਰਮ ’ਚ ਨਹੀਂ ਦਿਸਿਆ। ਇਹ ਰਾਮਕੁਮਾਰ ਦਾ ਏਟੀਪੀ ਚੈਲੰਜਰਜ਼ ’ਚ ਪਹਿਲਾ ਡਬਲਜ਼ ਖਿਤਾਬ ਹੈ। ਇਸ ਤੋਂ ਪਹਿਲਾਂ ਉਹ ਤਿੰਨ ਵਾਰ ਉਪ ਜੇਤੂ ਰਿਹਾ ਸੀ। ਵਿਜੇ ਦਾ ਇਹ ਦੂਜਾ ਖ਼ਿਤਾਬ ਹੈ। ਉਸ ਨੇ ਪਿਛਲੇ ਸਾਲ ਅਕਤੂਬਰ ’ਚ ਵੀਅਤਨਾਮ ਦੀ ਹੋ ਚੀ ਮਿਨ ਸਿਟੀ ’ਚ ਹਮਵਤਨ ਸਾਕੇਤ ਮਾਇਨੈਨੀ ਨਾਲ ਮਿਲ ਕੇ ਖ਼ਿਤਾਬ ਜਿੱਤਿਆ ਸੀ। ਪੁਣੇ ਚੈਲੰਜਰਜ਼ ’ਚ ਤੀਜੀ ਵਾਰ ਭਾਰਤੀ ਜੋੜੀ ਨੇ ਡਬਲਜ਼ ਦਾ ਖ਼ਿਤਾਬ ਜਿੱਤਿਆ ਹੈ।

Previous articleਕਰਨਾਟਕ ਵਿਚ ਬੱਸ ਨਹਿਰ ’ਚ ਡਿੱਗੀ; 30 ਮੌਤਾਂ
Next articleਭਾਰਤੀ ਰੇਲਵੇ ਨੇ ਜਿੱਤਿਆ ਨਹਿਰੂ ਹਾਕੀ ਟੂਰਨਾਮੈਂਟ