‘ਰਾਫੇਲ’ ਨੂੰ ਭਾਰਤ ਲੈ ਕੇ ਆਉਣ ਵਾਲੇ ਇਸ ਪੰਜਾਬੀ ਪਾਇਲਟ ਦੇ ਪਿੰਡ ‘ਚ ਖ਼ੁਸ਼ੀ ਦਾ ਮਾਹੌਲ

ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਭਾਰਤ ਵਲੋਂ ਫਰਾਂਸ ਤੋਂ ਖਰੀਦੇ ਗਏ ਛੇ ਲੜਾਕੂ ਜਹਾਜ਼ਾਂ ਨੂੰ ਫਰਾਂਸ ਤੋਂ ਲਿਆਉਣ ਵਾਲੀ ਟੀਮ ‘ਚੋਂ ਇੱਕ ਬਠਿੰਡੇ ਦਾ ਨੌਜਵਾਨ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਰਣਜੀਤ ਸਿੰਘ ਸਕੂਐਡਰਨ ਲੀਡਰ ਦਾ ਗਿੱਦੜਬਾਹਾ ਸ਼ਹਿਰ ਨਾਲ ਗੂੜ੍ਹਾ ਸਬੰਧ ਰਿਹਾ ਹੈ।

ਰਾਫੇਲ ਦੇ ਭਾਰਤ ਆਉਣ ਨਾਲ ਜਿਥੇ ਸਮੁੱਚੇ ਦੇਸ਼ ‘ਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਰਣਜੀਤ ਸਿੰਘ ਸਿੱਧੂ ਦੇ ਪਿੰਡ ‘ਚ ਖੁਸ਼ੀ ਭਰਿਆ ਮਾਹੌਲ ਬਣਿਆ ਹੋਇਆ ਹੈ। ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਿੰਡ ਵਾਲਿਆਂ ਵਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਰਣਜੀਤ ਸਿੰਘ ਪਿੰਡ ਰਾਏਕੇ ਕਲਾਂ ਦੇ ਜਿੰਮੀਦਾਰ ਪਰਿਵਾਰ ਨਾਲ ਸਬੰਧਤ ਹੈ ਅਤੇ ਰਣਜੀਤ ਸਿੰਘ ਦੇ ਮਾਤਾ-ਪਿਤਾ ਅਤੇ ਭੈਣ ਇਸ ਸਮੇਂ ਕਨੇਡਾ ਰਹਿ ਰਹੇ ਹਨ। ਰਣਜੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਜ਼ਿਲ੍ਹੇਦਾਰ ਦੇ ਰੀਡਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ, ਜਦਕਿ ਰਣਜੀਤ ਸਿੰਘ ਦੇ ਦਾਦਾ  ਸਵ. ਜਥੇਦਾਰ ਹਰਨੇਕ ਸਿੰਘ ਰਾਏਕੇ-ਕਲਾਂ ਕਰੀਬ 25 ਸਾਲ ਐਸ.ਜੀ.ਪੀ.ਸੀ. ਦੇ ਮੈਂਬਰ ਰਹੇ ਹਨ ਅਤੇ ਇੰਨ੍ਹਾਂ ਦੇ ਪਰਿਵਾਰ ਦੀ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨਾਲ ਕਾਫੀ ਨੇੜਤਾ ਰਹੀ ਹੈ।
ਰਣਜੀਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਗਿੱਦੜਬਾਹਾ ਦੇ ਮਾਲਵਾ ਸਕੂਲ ਤੋਂ 2000 ਵਿੱਚ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਦੀ ਸਿੱਖਿਆ ਉਨ੍ਹਾਂ ਚੰਡੀਗੜ੍ਹ ਤੋਂ ਗ੍ਰਹਿਣ ਕੀਤੀ।
ਮਾਲਵਾ ਸਕੂਲ ਦੇ ਪ੍ਰਿੰਸੀਪਲ ਰਿਟਾਇਰਡ ਕਰਨਲ ਸੁਧਾਂਸ਼ੂ ਆਰਿਆ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦਾ ਵਿਦਿਆਰਥੀ ਰਿਹਾ ਰਣਜੀਤ ਸਿੰਘ ਅੱਜ ਇਸ ਮੁਕਾਮ ‘ਤੇ ਪੁੱਜਾ ਹੈ, ਜਿਸ ਨਾਲ ਸਕੂਲ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਹੋਇਆ ਹੈ।ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੀ ਇਸ ਪ੍ਰਾਪਤੀ ਤੋਂ ਸਿੱਖਿਆ ਲੈਂਦੇ ਹੋਏ ਹੋਰਨਾਂ ਵਿਦਿਆਰਥੀਆਂ ਨੂੰ ਵੀ ਆਰਮਡ ਫੋਰਸਿਸ ਵਿੱਚ ਜਾਣ ਦੀ ਸਿੱਖਿਆ ਮਿਲੇਗੀ।
Previous articleਐਂਟੀ ਕੋਰੋਨਾ ਟਾਸਕ ਫੋਰਸ ਜ਼ਿਲ੍ਹਾ ਜਲੰਧਰ ਨੇ ਪੌਦੇ ਲਗਾਏ
Next articleਸ਼ਹੀਦ ਲਖਬੀਰ ਸਿੰਘ ਦਾ ਨਮ ਅੱਖਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ