ਰਾਫ਼ਾਲ ਸੌਦੇ ’ਤੇ ਸ਼ਤਰੂਘਨ ਨੇ ਆਪਣੀ ਸਰਕਾਰ ਘੇਰੀ

ਰੁੱਸੇ ਹੋਏ ਭਾਜਪਾ ਆਗੂ ਸ਼ਤਰੂਘਨ ਸਿਨਹਾ ਨੇ ਰਾਫ਼ਾਲ ਸੌਦੇ ’ਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਸੌਦੇ ਲਈ ਰਿਲਾਇੰਸ ਡਿਫੈਂਸ ਦਾ ਨਾਮ ਪ੍ਰਸਤਾਵਿਤ ਕੀਤਾ ਸੀ। ਤਾਵਲੀ ਪਿੰਡ ’ਚ ਐਤਵਾਰ ਨੂੰ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਿੰਦੂਸਤਾਨ ਐਰੋਨੌਟਿਕਸ ਲਿਮਟਿਡ ਵਰਗੀ ਤਜਰਬੇਕਾਰ ਕੰਪਨੀ ਨੂੰ ਸੌਦੇ ’ਚ ਸ਼ਾਮਲ ਨਾ ਕਰਨ ’ਤੇ ਸਵਾਲ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਕੰਪਨੀ ਨੂੰ ਰਾਫ਼ਾਲ ਜੈੱਟਾਂ ਦਾ ਸੌਦਾ ਕਿਸ ਆਧਾਰ ’ਤੇ ਮਿਲ ਗਿਆ। ਸ਼ਤਰੂਘਨ ਨੇ ਸਾਰੇ ਵਿਰੋਧੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ 2019 ਦੀਆਂ ਆਮ ਚੋਣਾਂ ’ਚ ਭਾਜਪਾ ਨੂੰ ਹਰਾਉਣ ਲਈ ਇਕਜੁੱਟ ਹੋ ਜਾਣ। ਕਿਸਾਨਾਂ ਨੂੰ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਭਾਜਪਾ ਰਾਫ਼ਾਲ ਲੜਾਕੂ ਜੈੱਟਾਂ ਦੇ ਸੌਦੇ ’ਚ ਸ਼ਬਦੀ ਜੰਗ ’ਚ ਉਲਝੇ ਪਏ ਹਨ।

Previous articleਖੰਨਾ-ਸਿੱਧਵਾਂ ਬੇਟ ਕੌਮੀ ਮਾਰਗ ਛੇਤੀ ਬਣੇਗਾ: ਸਿੰਗਲਾ
Next articleਨੌਜਵਾਨ ਦੇ ਕਤਲ ਦੇ ਦੋਸ਼ ’ਚ ਤਿੰਨ ਵੇਟਰ ਗ੍ਰਿਫ਼ਤਾਰ