ਰਾਫ਼ਾਲ: ਰਾਹੁਲ ਤੋਂ ਮੁਆਫ਼ੀ ਮੰਗਵਾਉਣ ਲਈ ਭਾਜਪਾ ਵੱਲੋਂ ਮੁਜ਼ਾਹਰੇ

ਰਾਫ਼ਾਲ ਸੌਦੇ ’ਚ ਮੋਦੀ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਭਾਜਪਾ ਨੇ ਅੱਜ ਪੂਰੇ ਦੇਸ਼ ’ਚ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਭਾਜਪਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦੇ ਵਰਕਰਾਂ ਨੇ ਦੇਸ਼ ਭਰ ’ਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਰੋਸ ਮੁਜ਼ਾਹਰੇ ਕੀਤੇ। ਕੌਮੀ ਜਨਰਲ ਸਕੱਤਰ ਅਰੁਣ ਸਿੰਘ ਦੀ ਅਗਵਾਈ ਹੇਠ ਭੁਬਨੇਸ਼ਵਰ, ਮਹਾਰਾਸ਼ਟਰ ਪ੍ਰਦੇਸ਼ ਪ੍ਰਧਾਨ ਚੰਦਰਕਾਂਤ ਪਾਟਿਲ ਦੀ ਅਗਵਾਈ ’ਚ ਮੁੰਬਈ ਅਤੇ ਬਿਹਾਰ ਇਕਾਈ ਦੇ ਮੁਖੀ ਸੰਜੈ ਜੈਸਵਾਲ ਨੇ ਵਰਕਰਾਂ ਨਾਲ ਮਿਲ ਕੇ ਪਟਨਾ ’ਚ ਪ੍ਰਦਰਸ਼ਨ ਕੀਤੇ। ਬਿਆਨ ਮੁਤਾਬਕ ਭਾਜਪਾ ਵਰਕਰਾਂ ਨੇ ਲਖਨਊ, ਚੰਡੀਗੜ੍ਹ, ਸ਼ਿਮਲਾ, ਜੈਪੁਰ, ਵਾਰਾਨਸੀ ਅਤੇ ਤਿਰੂਵਨੰਤਪਰਮ ’ਚ ਵੀ ਜ਼ੋਰਦਾਰ ਮੁਜ਼ਾਹਰੇ ਕੀਤੇ। ਸੁਪਰੀਮ ਕੋਰਟ ’ਚ ਰਾਹੁਲ ਗਾਂਧੀ ਵੱਲੋਂ ‘ਚੌਕੀਦਾਰ ਚੋਰ ਹੈ’ ਕੇਸ ’ਚ ਮੁਆਫ਼ੀ ਮੰਗੇ ਜਾਣ ਦਾ ਹਵਾਲਾ ਦਿੰਦਿਆਂ ਭਾਜਪਾ ਨੇ ਮੰਗ ਕੀਤੀ ਕਿ ਉਹ ਦੇਸ਼ ਤੋਂ ਵੀ ਮੁਆਫ਼ੀ ਮੰਗਣ।

Previous articleਨਾਨਕਸ਼ਾਹੀ ਕੈਲੰਡਰ ਰੱਦ ਕਰਨਾ ਸਿੱਖ ਕੌਮ ਨੂੰ ਢਾਹ ਲਾਉਣ ਦਾ ਯਤਨ: ਪੁਰੇਵਾਲ
Next articleਰਾਹੁਲ ਗਾਂਧੀ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗੇ: ਟੰਡਨ