ਰਾਜੀਵ ਗਾਂਧੀ ਦੇ ਨਾਮ ਉੱਤੇ ਕਾਲਖ ਮਲੀ

ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੇ ਬੁੱਤਾਂ ਉਪਰ ਲੁਧਿਆਣਾ ਅਤੇ ਦਿੱਲੀ ਵਿਚ ਕਾਲਖ ਮਲਣ ਤੋਂ ਬਾਅਦ ਹੁਣ ਕੁਝ ਸ਼ਰਾਰਤੀ ਤੱਤਾਂ ਨੇ ਇਥੇ ਪੰਜਾਬ ਯੂਨੀਵਰਸਿਟੀ ਵਿਚ ਅੰਕੁਰ ਸਕੂਲ ਨੇੜੇ ਰਾਜੀਵ ਗਾਂਧੀ ਕਾਲਜ ਭਵਨ ਦੇ ਸਾਈਨ ਬੋਰਡ ਉਪਰ ‘ਰਾਜੀਵ ਗਾਂਧੀ’ ਦੇ ਨਾਮ ਉਪਰ ਕਾਲਖ ਪੋਚ ਦਿੱਤੀ। ਇਹ ਘਟਨਾ ਬੀਤੀ ਰਾਤ ਵਾਪਰੀ। ਦੱਸਣਯੋਗ ਹੈ ਕਿ ਹਾਈ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਉਣ ਅਤੇ ਦੋ ਮੈਂਬਰੀ ਜੱਜਾਂ ਦੇ ਬੈਂਚ ਵੱਲੋਂ ਦੋਸ਼ੀਆਂ ਨੂੰ ਸਿਆਸੀ ਸ਼ਹਿ ਮਿਲਣ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਕਾਂਗਰਸ ਪਾਰਟੀ ਖਿਲਾਫ ਵਿਰੋਧੀ ਧਿਰਾਂ ਵੱਲੋਂ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਹੀ ਲੁਧਿਆਣਾ ਅਤੇ ਦਿੱਲੀ ਵਿਚ ਰਾਜੀਵ ਗਾਂਧੀ ਦੇ ਬੁੱਤਾਂ ਉਪਰ ਕਾਲਖ ਮਲੀ ਗਈ ਸੀ। ਚੰਡੀਗੜ੍ਹ ਪੁਲੀਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਡੀਫੇਸਮੈਂਟ ਐਕਟ (ਸਰਕਾਰੀ ਜਾਇਦਾਦ ਨੂੰ ਦੀ ਦਿਖ ਵਿਗਾੜਨ) ਤਹਿਤ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਐਫਆਰਆਈ ਸੈਕਟਰ-11 ਥਾਣੇ ਵਿਚ ਦਰਜ ਕੀਤੀ ਗਈ ਹੈ। ਸ਼ਰਾਰਤੀ ਅਨਸਰਾਂ ਨੇ ਇਥੇ ਬੋਰਡ ਉਪਰ ਲਿਖੇ ‘ਰਾਜੀਵ ਗਾਂਧੀ ਕਾਲਜ ਭਵਨ’ ਦੀ ਸਤਰ ਵਿਚੋਂ ਕੇਵਲ ਰਾਜੀਵ ਗਾਂਧੀ ਦੇ ਨਾਮ ਉਪਰ ਹੀ ਕਾਲਖ ਪੋਚੀ ਜਦਕਿ ਬਾਕੀ ਸ਼ਬਦਾਂ ਨਾਲ ਛੇੜਛਾੜ ਨਹੀਂ ਕੀਤੀ ਗਈ। ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਕਾਂਗਰਸ ਨਾਲ ਸਬੰਧਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨਐਸਯੂਆਈ) ਦੇ ਆਗੂ ਸ਼ੁਭ ਸ਼ੇਖੋਂ ਅਤੇ ਮਨੋਜ ਲੁਬਾਣਾ ਘਟਨਾ ਸਥਾਨ ’ਤੇ ਪਹੁੰਚੇ ਅਤੇ ਰਾਜੀਵ ਗਾਂਧੀ ਦੇ ਦੇ ਨਾਮ ਉਪਰੋਂ ਕਾਲਖ ਸਾਫ ਕੀਤੀ। ਇਸ ਘਟਨਾ ਦਾ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਵੀ ਗੰਭੀਰ ਨੋਟਿਸ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਐਨਐਸਯੂਆਈ ਦੇ ਆਗੂਆਂ ਨੇ ਪੁਲੀਸ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਕੁਝ ਹੋਰ ਸੁਰੱਖਿਆ ਏਜੰਸੀਆਂ ਵੀ ਇਸ ਮਾਮਲੇ ਦੀ ਕਈ ਪੱਖਾਂ ਤੋਂ ਜਾਂਚ ਕਰ ਰਹੀਆਂ ਹਨ। ਮੌਕੇ ’ਤੇ ਸੈਕਟਰ-11 ਥਾਣੇ ਦੇ ਐਸਐਚਓ ਰਾਜੀਵ ਕੁਮਾਰ ਅਤੇ ਹੋਰ ਪੁਲੀਸ ਅਧਿਕਾਰੀ ਪੁੱਜੇ ਅਤੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਪੁਲੀਸ ਦੇ ਇਕ ਹੌਲਦਾਰ ਦੀ ਸ਼ਿਕਾਇਤ ’ਤੇ ਡੀਫੇਸਮੈਂਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਘਟਨਾ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

Previous articleਹਰਿਮੰਦਰ ਸਾਹਿਬ ਨੂੰ ਜਾਂਦਾ ਰਸਤਾ ਪ੍ਰਦੂਸ਼ਣ ਮੁਕਤ ਕਰਨ ਲਈ ਉਪਰਾਲਾ
Next articleਯੂਏਈ ਦੀ ਸ਼ਹਿਜ਼ਾਦੀ ਲਤੀਫ਼ਾ ਨੂੰ ‘ਮੈਡੀਕਲ ਦੇਖਭਾਲ’ ਦੀ ਲੋੜ