ਰਾਜਿੰਦਰਾ ਹਸਪਤਾਲ ’ਚ ਸਿਹਤ ਅਮਲੇ ਦੇ 11 ਮੈਂਬਰ ਕਰੋਨਾ ਪਾਜ਼ੇਟਿਵ

ਪਟਿਆਲਾ (ਸਮਾਜਵੀਕਲੀ):   ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਤਾਇਨਾਤ ਸਿਹਤ ਅਮਲੇ ਦੇ 11 ਮੈਂਬਰਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਕਾਰਨ ਲੋਕ ਸਹਿਮ ਗਏ ਹਨ। ਪੀੜਤਾਂ ਇੱਕ ਡਾਕਟਰ, ਪੰਜ ਸਟਾਫ਼ ਨਰਸਾਂ, ਚਾਰ ਵਾਰਡ ਅਟੈਂਡੈਂਟ ਅਤੇ ਇੱਕ ਸੁਰੱਖਿਆ ਸ਼ਾਮਲ ਹੈ। ਇਹ ਸਿਹਤ ਅਮਲਾ ਹਸਪਤਾਲ ਦੇ ਐਂਮਰਜੈਂਸੀ ਵਾਰਡ ਲਾਲ ਸਬੰਧਤ ਹੈ, ਜਿਸ ਕਰਕੇ ਐਮਰਜੈਂਸੀ ਵਾਰਡ ਸੀਲ ਕਰਕੇ ਇਥੇ ਦਾਖਲ ਮਰੀਜ਼ਾਂ ਨੂੰ ਹੋਰ ਵਾਰਡ ’ਚ ਤਬਦੀਲ ਕਰ ਦਿੱਤਾ ਗਿਆ ਹੈ

। ਇਸ ਤੋਂ ਇਲਾਵਾ ਤਿੰਨ ਸਟਾਫ਼ ਨਰਸਾਂ ਪਹਿਲਾਂ ਹੀ ਕਰੋਨਾ ਪਾਜ਼ੇਟਿਵ ਹਨ। ਇਨ੍ਹਾਂ ਕੁੱਲ 14 ਜਣਿਆਂ ਵਿਚੋਂ ਸਿਰਫ਼ ਇੱਕ ਨਰਸ ਹੀ ਕਰੋਨਾ (ਆਈਸੋਲੇਸ਼ਨ) ਵਾਰਡ ਨਾਲ਼ ਸਬੰਧਤ ਹੈ। ਇਹ ਪੰਜਾਬ ਦਾ ਪਹਿਲਾ ਅਜਿਹਾ ਸਰਕਾਰੀ ਹਸਪਤਾਲ ਹੈ, ਜਿਥੇ ਸਿਹਤ ਅਮਲੇ ਨਾਲ ਸਬੰਧਤ ਇੰਨੇ ਕੇਸ ਸਾਹਮਣੇ ਆਏ ਹਨ। ਪਟਿਆਲਾ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 193 ਹੋ ਗਈ ਹੈ।

ਪਹਿਲਾਂ ਪਾਜ਼ੇਟਿਵ ਆਈਆਂ ਤਿੰਨ ਸਟਾਫ਼ ਨਰਸਾਂ ਦੇ ਸੰਪਰਕ ’ਚ ਆਉਣ ਕਰਕੇ ਸਿਹਤ ਵਿਭਾਗ ਨੇ ਡਾਕਟਰਾਂ ਤੇ ਨਰਸਾਂ ਸਮੇਤ ਸਿਹਤ ਵਿਭਾਗ ਨਾਲ ਸਬੰਧਤ 60 ਜਣਿਆਂ ਦੇ ਟੈਸਟ ਕੀਤੇ ਸਨ, ਜਿਨ੍ਹਾਂ ਵਿਚੋਂ ਹੀ ਉਕਤ 11 ਜਣਿਆਂ ਦੇ ਟੈਸਟ ਅੱਜ ਪਾਜ਼ੇਟਿਵ ਆ ਗਏ ਹਨ। ਇਨ੍ਹਾਂ ਤੋਂ ਇਲਾਵਾ ਰਾਜਿੰਦਰਾ ਹਸਪਤਾਲ ’ਚ ਕਿਸੇ ਹੋਰ ਬਿਮਾਰੀ ਕਾਰਨ ਦਾਖ਼ਲ ਰਣਬੀਰਪੁਰਾ ਪਿੰਡ ਦੀ 47 ਸਾਲਾ ਮਹਿਲਾ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਅਤੇ ਇਨ੍ਹਾਂ ਦੇ ਸੰਪਰਕ ’ਚ ਆਏ ਸਾਥੀ ਮੁਲਾਜ਼ਮਾਂ ਤੇ ਹੋਰਾਂ ਦੇ ਵੀ ਟੈਸਟ ਕੀਤੇ ਜਾਣਗੇ। ਉਧਰ ਪਟਿਆਲਾ ਦੇ ਤਿੰਨ ਹੋਰ ਮਰੀਜ਼ਾਂ ਨੂੰ ਹਸਪਤਾਲ ਛੁੱਟੀ ਮਿਲਣ ’ਤੇ ਘਰ ਭੇਜ ਦਿੱਤਾ ਗਿਆ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਉਕਤ 11 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਐਮਰਜੈਂਸੀ ਵਾਰਡ ਹਾਲ ਦੀ ਘੜੀ ਸੀਲ ਕਰ ਦਿੱਤਾ ਗਿਆ ਹੈੈ।

ਉਨ੍ਹਾਂ ਆਖਿਆ ਕਿ ਐਮਰਜੈਂਸੀ ਵਾਰਡ ’ਚ ਦਾਖ਼ਲ ਰਹੇ ਮਰੀਜ਼ਾਂ ਦੇ ਵੀ ਕਰੋਨਾ ਸਬੰਧੀ ਟੈਸਟ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਐਮਰਜੈਂਸੀ ਵਾਰਡ ’ਚ ਸਾਧਾਰਨ ਬਿਮਾਰੀਆਂ ਨਾਲ ਸਬੰਧਤ ਮਰੀਜ਼ ਹੀ ਅਟੈਂਡ ਕੀਤੇ ਜਾਂਦੇ ਹਨ। ਜਦਕਿ ਕਰੋਨਾ ਮਰੀਜ਼ਾਂ ਲਈ ਇਸੇ ਹਸਪਤਾਲ ’ਚ ਵੱਖਰਾ ਵਾਰਡ ਹੈ। ਇਸੇ ਮਾਮਲੇ ਨੂੰ ਲੈ ਕੇ ਕਰੋਨਾ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਹਸਪਤਾਲ ਪੁੱਜੇ ਹੋਏ ਸਨ।

Previous articleਵਿਰਾਸਤੀ ਯਾਦਗਾਰਾਂ ਤੇ ਸਰਕਟ ਹਾਊਸ ਪ੍ਰਾਈਵੇਟ ਹੱਥਾਂ ’ਚ ਦੇਣ ਨੂੰ ਝੰਡੀ
Next articleਕਿਸਾਨਾਂ ਦਾ ਵਫ਼ਦ ਪਾਵਰਕੌਮ ਦੇ ਸੀਐੱਮਡੀ ਨੂੰ ਮਿਲਿਆ