ਰਾਜ਼ੀਨਾਮਾ ਕਰਾਉਣ ਆਏ ਕਾਂਗਰਸੀ ਸਰਪੰਚ ਨੂੰ ਗੱਡੀ ਹੇਠਾਂ ਦਰੜਿਆ

ਨਜ਼ਦੀਕੀ ਪਿੰਡ ਦੌਲਤਪੁਰ ਵਿੱਚ ਅੱਜ ਬਾਅਦ ਦੁਪਹਿਰ ਰਾਜ਼ੀਨਾਮੇ ਲਈ ਇਕੱਠੀਆਂ ਹੋਈਆਂ ਦੋ ਧਿਰਾਂ ਦਰਮਿਆਨ ਹੋਈ ਖੂਨੀ ਝੜਪ ਵਿੱਚ ਪਿੰਡ ਰਿਆੜ ਪੱਤੀ ਦੇ ਨੌਜਵਾਨ ਕਾਂਗਰਸੀ ਸਰਪੰਚ ਨਵਦੀਪ ਸਿੰਘ (30) ਨੂੰ ਇੱਕ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਦੀ ਧਿਰ ਨੇ ਪਹਿਲਾਂ ਕੁੱਟ-ਕੁੱਟ ਕੇ ਜ਼ਖ਼ਮੀ ਕੀਤਾ ਅਤੇ ਬਾਅਦ ਵਿੱਚ ਗੱਡੀ ਚੜ੍ਹਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਧਿਰਾਂ ਦਰਮਿਆਨ ਇੱਟਾਂ-ਰੋੜੇ ਵੀ ਚੱਲੇ ਅਤੇ ਮ੍ਰਿਤਕ ਸਰਪੰਚ ਦੇ ਦੋ ਹੋਰ ਸਾਥੀ ਜੋਬਨਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ।
ਨਵਦੀਪ ਸਿੰਘ ਦੇ ਪਿਤਾ ਖਜ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਜਵਾਈ ਇੰਦਰਜੀਤ ਸਿੰਘ ਪਿੰਡ ਦੌਲਤਪੁਰ ਦਾ ਮੌਜੂਦਾ ਸਰਪੰਚ ਹੈ ਅਤੇ ਉਸ ਦਾ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਮਿੱਤਰਪਾਲ ਸਿੰਘ ਨਾਲ ਕੋਈ ਵਿਵਾਦ ਸੀ। ਇਸੇ ਵਿਵਾਦ ਨੂੰ ਖ਼ਤਮ ਕਰਨ ਲਈ ਅੱਜ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸਨ ਜਿਥੇ ਨਵਦੀਪ ਸਿੰਘ ਵੀ ਮੌਜੂਦ ਸੀ। ਉਸ ਨੇ ਦੋਸ਼ ਲਾਇਆ ਕਿ ਤਕਰਾਰ ਵਧਣ ਮਗਰੋਂ ਦੂਸਰੀ ਧਿਰ ਦੇ ਵਿਅਕਤੀਆਂ ਨੇ ਪਹਿਲਾਂ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਸੜਕ ’ਤੇ ਰੱਖ ਕੇ ਉਸ ਉਪਰੋਂ ਵਾਰ-ਵਾਰ ਗੱਡੀ ਚੜ੍ਹਾ ਕੇ ਉਸ ਦਾ ਕਤਲ ਕਰ ਦਿੱਤਾ। ਡੀਐਸਪੀ ਸ੍ਰੀ ਹਰਗੋਬਿੰਦਪੁਰ ਨੇ ਦੱਸਿਆ ਕਿ ਤਕਰਾਰ ਵੱਧ ਜਾਣ ਕਾਰਨ ਝਗੜਾ ਖੂਨੀ ਰੂਪ ਧਾਰ ਗਿਆ ਅਤੇ ਸਰਪੰਚ ਨਵਦੀਪ ਸਿੰਘ ਦੀ ਮੌਤ ਹੋ ਗਈ। ਥਾਣਾ ਕਾਦੀਆਂ ਦੇ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਅਕਾਲੀ ਸਰਪੰਚ ਮਿੱਤਰਪਾਲ ਸਮੇਤ 6 ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।

Previous articleਸਕੂਲ ਸਿੱਖਿਆ ਮੁਫਤ ਦੇਵਾਂਗੇ: ਰਾਹੁਲ
Next articleਆਮ ਟਰੈਫਿਕ ’ਤੇ ਪਾਬੰਦੀ ਕਾਰਨ ਰੁਕੀ ਜ਼ਿੰਦਗੀ