ਰਾਜਸਥਾਨ ਵਿਧਾਨ ਸਭਾ ਸੈਸ਼ਨ 14 ਨੂੰ ਸੱਦਣ ਦੀ ਪ੍ਰਵਾਨਗੀ

ਜੈਪੁਰ (ਸਮਾਜ ਵੀਕਲੀ) : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਵਿਧਾਨ ਸਭਾ ਦਾ ਇਜਲਾਸ 14 ਅਗਸਤ ਨੂੰ ਸੱਦਣ ਦੀ ਤਜਵੀਜ਼ ਨੂੰ ਅੱਜ ਦੇਰ ਰਾਤ ਰਾਜਪਾਲ ਕਲਰਾਜ ਮਿਸ਼ਰਾ ਨੇ ਸਵੀਕਾਰ ਕਰ ਲਿਆ। ਰਾਜਪਾਲ ਵੱਲੋਂ ਸੂਬਾ ਸਰਕਾਰ ਦੀ ਵਿਧਾਨ ਸਭਾ ਦਾ ਇਜਲਾਸ ਸੱਦਣ ਦੀ ਤੀਜੀ ਤਜਵੀਜ਼ ਨੂੰ ਵਾਪਸ ਭੇਜੇ ਜਾਣ ਮਗਰੋਂ ਅੱਜ ਸ਼ਾਮ ਅਸ਼ੋਕ ਗਹਿਲੋਤ ਕੈਬਨਿਟ ਨੇ ਇਕ ਹੋਰ ਤਜਵੀਜ਼ ਨੂੰ ਪਾਸ ਕਰਦਿਆਂ ਰਾਜਪਾਲ ਨੂੰ ਵਿਧਾਨ ਸਭਾ ਇਜਲਾਸ 14 ਅਗਸਤ ਨੂੰ ਸੱਦਣ ਦੀ ਮੰਗ ਕੀਤੀ ਸੀ।

ਸਰਕਾਰੀ ਸੂਤਰਾਂ ਨੇ ਦਲੀਲ ਦਿੱਤੀ ਕਿ ਇਸ ਨਾਲ ਰਾਜਪਾਲ ਵੱਲੋਂ 21 ਦਿਨ ਦਾ ਨੋਟਿਸ ਦੇਣ ਦੀ ਸ਼ਰਤ ਪੂਰੀ ਹੋ ਜਾਂਦੀ ਹੈ। ਕੈਬਨਿਟ 23 ਜੁਲਾਈ ਤੋਂ ਦਿਨ ਗਿਣ ਰਹੀ ਹੈ ਜਦੋਂ ਉਨ੍ਹਾਂ ਪਹਿਲੀ ਤਜਵੀਜ਼ ਰਾਜਪਾਲ ਨੂੰ ਭੇਜੀ ਸੀ। ਇਸ ਤੋਂ ਪਹਿਲਾਂ ਸਰਕਾਰ ਵਿਧਾਨ ਸਭਾ ਦਾ ਇਜਲਾਸ 31 ਜੁਲਾਈ ਨੂੰ ਸੱਦਣਾ ਚਾਹੁੰਦੀ ਸੀ। ਰਾਜਪਾਲ ਨੇ ਇਹ ਆਖਦਿਆਂ ਤੀਜੀ ਪੇਸ਼ਕਸ਼ ਵਾਪਸ ਕੀਤੀ ਸੀ ਕਿ ਸੂਬਾ ਸਰਕਾਰ ਇੰਨੇ ਥੋੜ੍ਹੇ ਸਮੇਂ ’ਚ ਇਜਲਾਸ ਕਿਉਂ ਸੱਦਣਾ ਚਾਹੁੰਦੀ ਹੈ ਅਤੇ ਜੇਕਰ ਉਹ ਇਸ ਦਾ ਕਾਰਨ ਨਹੀਂ ਦੱਸਣਗੇ ਤਾਂ ਉਹ 21 ਦਿਨ ਦੇ ਨੋਟਿਸ ’ਤੇ ਨਿਯਮਤ ਸੈਸ਼ਨ ਸੱਦ ਸਕਦੇ ਹਨ।

ਇਸ ਦੌਰਾਨ ਗਹਿਲੋਤ ਨੇ ਰਾਜ ਭਵਨ ’ਚ ਸ੍ਰੀ ਮਿਸ਼ਰਾ ਨਾਲ 15 ਮਿੰਟ ਤੱਕ ਮੁਲਾਕਾਤ ਵੀ ਕੀਤੀ। ਰਾਜ ਭਵਨ ਰਵਾਨਾ ਹੋਣ ਤੋਂ ਪਹਿਲਾਂ ਕਾਂਗਰਸ ਦਫ਼ਤਰ ’ਚ ਉਨ੍ਹਾਂ ਪਾਰਟੀ ਵਰਕਰਾਂ ਨੂੰ ਦੱਸਿਆ,‘‘ਪ੍ਰੇਮ ਪੱਤਰ ਪਹਿਲਾਂ ਹੀ ਆ ਗਿਆ ਹੈ। ਹੁਣ ਮੈਂ ਉਨ੍ਹਾਂ ਨਾਲ ਸਿਰਫ਼ ਚਾਹ ਪੀਣ ਜਾ ਰਿਹਾ ਹਾਂ।’’

ਰਾਜਪਾਲ ਨੇ ਬੁੱਧਵਾਰ ਨੂੰ ਤਜਵੀਜ਼ ਵਾਪਸ ਭੇਜਦਿਆਂ ਸੁਝਾਅ ਦਿੱਤਾ ਸੀ ਕਿ ਜੇਕਰ ਸਰਕਾਰ ਭਰੋਸੇ ਦਾ ਵੋਟ ਹਾਸਲ ਕਰਨ ਦੀ ਮੰਗ ਕਰਦੀ ਹੈ ਤਾਂ ਥੋੜੇ ਨੋਟਿਸ ’ਤੇ ਵਿਧਾਨ ਸਭਾ ਦਾ ਇਜਲਾਸ ਸੱਦਿਆ ਜਾ ਸਕਦਾ ਹੈ। ਰਾਜ ਭਵਨ ਤੋਂ ਜਾਰੀ ਤਿੰਨ ਪੰਨਿਆਂ ਦੇ ਪ੍ਰੈੱਸ ਨੋਟ ’ਚ ਰਾਜਪਾਲ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਵੱਲੋਂ ਪਹਿਲਾਂ ਪੁੱਛੇ ਗਏ ਸਵਾਲਾਂ ਦੇ ਸਪੱਸ਼ਟ ਜਵਾਬ ਅਜੇ ਤੱਕ ਨਹੀਂ ਦਿੱਤੇ ਹਨ।

ਇਸ ਦੌਰਾਨ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬੈਠਕ ’ਚ ਰਾਜਸਥਾਨ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਗੋਵਿੰਦ ਸਿੰਘ ਦੋਤਾਸਰਾ ਨੇ ਅੱਜ ਰਸਮੀ ਤੌਰ ’ਤੇ ਕੰਮਕਾਰ ਸੰਭਾਲ ਲਿਆ। ਉਧਰ ਸਿਆਸੀ ਖਿੱਚੋਤਾਣ ਵਿਚਕਾਰ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਸੀ ਪੀ ਜੋਸ਼ੀ ਨੇ ਰਾਜਪਾਲ ਕਲਰਾਜ ਮਿਸ਼ਰਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।

Previous articleਰੁਜ਼ਗਾਰ ਮਿਲਣ ਦੀ ਸੂਰਤ ਵਿਚ ਵਾਪਸੀ ਨਹੀਂ ਕਰਨਾ ਚਾਹੁੰਦੇ 71 ਫ਼ੀਸਦ ਪਰਵਾਸੀ ਕਾਮੇ
Next articleਮੈਨੂੰ ਰੋਮਾਂਚ ਬਹੁਤ ਪਸੰਦ ਹੈ: ਰਾਧਿਕਾ ਅਾਪਟੇ