ਰਾਜਪਾਲ ਦਾ ਸੱਦਾ ਕਬੂਲ, ਪਰ ਜਹਾਜ਼ ਦੀ ਲੋੜ ਨਹੀਂ: ਰਾਹੁਲ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਰਾਜਪਾਲ ਸੱਤਿਆ ਪਾਲ ਮਲਿਕ ਵੱਲੋਂ ਜੰਮੂ ਤੇ ਕਸ਼ਮੀਰ ਦੀ ਫ਼ੇਰੀ ਪਾਉਣ ਦੇ ਦਿੱਤੇ ‘ਸੱਦੇ’ ਨੂੰ ਕਬੂਲ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਨੂੰ ਇਸ ਫੇਰੀ ਲਈ ਜਹਾਜ਼ ਦੀ ਲੋੜ ਨਹੀਂ ਹੈ। ਰਾਹੁਲ ਨੇ ਕਿਹਾ ਕਿ ਉਹ ਅਤੇ ਵਿਰੋਧੀ ਪਾਰਟੀਆਂ ਦੇ ਹੋਰ ਆਗੂ ਜੰਮੂ ਤੇ ਕਸ਼ਮੀਰ ਜਾਣਗੇ। ਉਨ੍ਹਾਂ ਰਾਜਪਾਲ ਮਲਿਕ ਨੂੰ ਗੁਜ਼ਾਰਿਸ਼ ਕੀਤੀ ਕਿ ਇਸ ਫੇਰੀ ਲਈ ਉਨ੍ਹਾਂ ਨੂੰ ਜਹਾਜ਼ ਦੀ ਲੋੜ ਨਹੀਂ, ਪਰ ਰਾਜਪਾਲ ਉਨ੍ਹਾਂ ਨੂੰ ਕਸ਼ਮੀਰ ਦੇ ਲੋਕਾਂ ਨਾਲ ਮਿਲਣ ਦੀ ਖੁੱਲ੍ਹ ਜ਼ਰੂਰ ਦੇ ਦੇਣ। ਇਸ ਦੌਰਾਨ ਰਾਜਪਾਲ ਮਲਿਕ ਨੇ ਕਾਂਗਰਸੀ ਆਗੂ ’ਤੇ ਕਸ਼ਮੀਰ ਮਸਲੇ ’ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ। ਕਾਬਿਲੇਗੌਰ ਹੈ ਕਿ ਕਾਂਗਰਸੀ ਆਗੂ ਨੇ ਲੰਘੇ ਦਿਨੀਂ ਇਕ ਬਿਆਨ ਵਿੱਚ ਕਿਹਾ ਸੀ ਕਿ ‘ਜੰਮੂ ਤੇ ਕਸ਼ਮੀਰ ਦੇ ਲੋਕ ਉਥੇ ਮਰ ਰਹੇ ਹਨ।’ ਰਾਹੁਲ ਦੇ ਇਸ ਬਿਆਨ ਮਗਰੋਂ ਰਾਜਪਾਲ ਮਲਿਕ ਨੇ ਕਾਂਗਰਸੀ ਆਗੂ ਨੂੰ ਸੂਬੇ ਦੀ ਫੇਰੀ ਪਾਉਣ ਦਾ ਸੱਦਾ ਦਿੰਦਿਆਂ ਜਹਾਜ਼ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਸੀ। ਗਾਂਧੀ ਨੇ ਅੱਜ ਇਕ ਟਵੀਟ ਵਿੱਚ ਕਿਹਾ, ‘ਸਤਿਕਾਰਯੋਗ ਰਾਜਪਾਲ ਮਲਿਕ ਜੀ, ਵਿਰੋਧੀ ਆਗੂਆਂ ਦਾ ਇਕ ਵਫ਼ਦ ਤੇ ਮੈਂ, ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਦੀ ਫੇਰੀ ਪਾਉਣ ਦੇ ਤੁਹਾਡੇ ਇਸ ਸੱਦੇ ਨੂੰ ਸਵੀਕਾਰ ਕਰਦੇ ਹਾਂ। ਸਾਨੂੰ ਇਸ ਫੇਰੀ ਲਈ ਜਹਾਜ਼ ਦੀ ਲੋੜ ਨਹੀਂ, ਪਰ ਇਨ੍ਹਾਂ ਜ਼ਰੂਰ ਯਕੀਨੀ ਬਣਾ ਦਿਉ ਕਿ ਸਾਨੂੰ ਇਸ ਮੌਕੇ ਮੁਕਾਮੀ ਲੋਕਾਂ, ਮੁੱਖ ਧਾਰਾ ਦੇ ਆਗੂਆਂ ਤੇ ਸਾਡੇ ਫੌਜੀਆਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ।’ ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜੰਮੂ ਤੇ ਕਸ਼ਮੀਰ ਦੇ ਮਸਲੇ ਉੱਤੇ ਵਿਰੋਧੀ ਪਾਰਟੀਆਂ ਨੂੰ ਭਰੋਸੇ ਵਿੱਚ ਲੈ ਕੇ ਸਿਆਸੀ ਸੰਵਾਦ ਸ਼ੁਰੂ ਕਰੇ ਤੇ ਵਿਰੋਧੀ ਧਿਰਾਂ ਨੂੰ ਜੰਮੂ ਤੇ ਕਸ਼ਮੀਰ ਵਿਚ ਜਾਣ ਦੀ ਖੁੱਲ੍ਹ ਦੇਵੇ। ਉਧਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਧਾਰਾ 370 ਨੂੰ ਮਨਸੂਖ਼ ਕਰਨ ਬਾਬਤ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਇਸ ਪੂਰੇ ਅਮਲ ਨੂੰ ‘ਗ਼ੈਰ-ਸੰਵਿਧਾਨਕ’ ਕਰਾਰ ਦਿੱਤਾ ਹੈ।

Previous articleਬਰਮਿੰਘਮ ਖੇਡਾਂ ਦਾ ਹਿੱਸਾ ਨਹੀਂ ਹੋਵੇਗੀ ਨਿਸ਼ਾਨੇਬਾਜ਼ੀ: ਸੀਜੀਐੱਫ
Next articleਸੋਨਭੱਦਰ ਵਿੱਚ ਪੀੜਤਾਂ ਨੂੰ ਮਿਲਣ ਪੁੱਜੀ ਪ੍ਰਿਯੰਕਾ