ਰਾਜਨੀਤੀ ਵਿਚ ਜਾਤੀਵਾਦ ਤੇ ਪਰਿਵਾਰਵਾਦ ਕਦੋਂ ਖਤਮ ਹੋਵੇਗਾ?

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ +91 9417 600014

     ਜਾਤੀਵਾਦ ਤੇ ਪਰਿਵਾਰਵਾਦ ਨੇ ਭਾਰਤ ਦੀ ਰਾਜਨੀਤੀ ਨੂੰ ਚੂਸ ਕੇ ਨਾਰੰਗੀ ਦੇ ਛਿਲਕੇ ਦੀ ਤਰਾਂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮ੍ਹੇਂ ਵਿਚ ਭਾਰਤ ਦੇ ਵਿਕਾਸ ਰੂਪੀ ਸੁਪਨਿਆ ਦਾ ਸ਼ੀਸ਼ ਮਹਿਲ ਢਹਿ-ਢੇਰੀ ਜਿਹਾ ਹੋ ਗਿਆ ਹੈ ਅਤੇ ਹੁਣ ਉਸ ਦੇ ਸਾਹਮਣੇ ਸਮੱਸਿਆਵਾਂ ਦੇ ਢੇਰ ਲੱਗ ਗਏ ਹਨ। ਲੋਕਤੰਤਰ ਦੇਸ਼ ਵਿਚ ਜਾਤੀਵਾਦ ਤੇ ਪਰਿਵਾਰਵਾਦ ਦੀ ਕਲਪਨਾ ਨਹੀ ਕੀਤੀ ਜਾ ਸਕਦੀ।ਪਰ ਅੱਜ ਦੇ ਸਮ੍ਹੇਂ ਵਿਚ ਜੋ ਸਾਡੇ ਦੇਸ਼ ਦੀ ਰਾਜਨੀਤੀ ਵਿਚ ਮਹੌਲ ਬਣਿਆ ਹੋਇਆ ਹੈ ਉਹ ਲੋਕਤੰਤਰ ਦੇਸ਼ ਦੀ ਅਰਥ ਵਿਵਸਥਾ ਦੇ ਲਈ ਠੀਕ ਨਹੀ ਹੈ। ਦੇਸ਼ ਦੀਆਂ ਕੁਝ ਰਾਜਨੀਤਿਕ ਪਾਰਟੀਆਂ ਨੂੰ ਛੱਡ ਦਿੱਤਾ ਜਾਏ ਤਾਂ ਸਾਰੇ ਰਾਜਨੀਤਿਕ ਦਲ ਆਪਣੇ ਪਰਿਵਾਰ ਨੂੰ ਤਾਂ ਆਪਣੀ ਜਾਤੀ ਨੂੰ ਅੱਗੇ ਵਧਾਉਣ ਦੇ ਲਈ ਲੋਕਤੰਤਰ ਨੂੰ ਠੇਂਗਾ ਦਿਖਾ ਕੇ ਰਾਜਨੀਤੀ ਵਿਚ ਪਰਿਵਾਰਵਾਦ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਿਚ ਹਨ, ਜੋ ਕਿ ਸਾਡੇ ਲਈ ਬਹੁਤ ਹੀ ਖਤਰਨਾਕ ਸਾਬਤ ਹੋ ਰਿਹਾ ਹੈ।

ਭਾਰਤ ਵਿਚ ਜਾਤੀਵਾਦ ਨੇ ਨਾ ਕੇਵਲ ਏਥੇ ਦੀ ਆਰਥਿਕ, ਸਮਾਜਿਕ, ਸੰਸਕ੍ਰਿਤ ਧਾਰਮਿਕ ਪ੍ਰਵ੍ਰਿਤੀਆਂ ਨੂੰ ਪ੍ਰਭਾਵਿਤ ਕੀਤਾ ਹੈ ਇਸ ਦੇ ਨਾਲ ਨਾਲ ਰਾਜਨੀਤੀ ਨੂੰ ਤਾਂ ਪੂਰਣ ਰੂਪ ਵਿਚ ਪ੍ਰਭਾਵਿਤ ਕਰ ਛੱਡਿਆ ਹੈ। ਭਾਰਤ ਉਹਨਾਂ ਦੇਸ਼ਾਂ ਵਿਚੋ ਇਕ ਹੈ ਜਿੱਥੇ ਚੋਣਾਂ ਜਾਤੀਵਾਦ ਤੇ ਪਰਵਾਰਵਾਦ ਦੇ ਮੁੱਦਿਆਂ ਤੇ ਹੀ ਲੜੀਆਂ ਜਾਂਦੀਆਂ ਹਨ ਤੇ ਜਨਤਾ ਵੀ ਇਹਨਾਂ ਮੁੱਦਿਆਂ ਤੋਂ ਉਪਰ ਨਹੀ ਉਠ ਸਕੀ। ਜਨਤਾ ਨੂੰ ਬੇਵਕੂਫ ਬਣਾਉਣ ਵਿਚ ਇਸ ਦੇਸ਼ ਦੇ ਨੇਤਾ, ਲੀਡਰ ਬਹੁਤ ਮਾਹਿਰ ਹਨ। ਉਹ ਆਪਣੇ ਜਾਤੀਵਾਦ ਤੇ ਪਰਿਵਾਵਾਦ ਨੂੰ ਜਿਸ ਤਰੀਕੇ ਨਾਲ ਮਰਜ਼ੀ ਰਾਜਨੀਤੀ ਵਿਚ ਲੈ ਹੀ ਆਉਦੇ ਹਨ। ਉਹਨਾਂ ਨੂੰ ਵਿਕਾਸ ਦੀ ਚਿੰਤਾਂ ਨਹੀ ਹੁੰਦੀ ਪਿੱਛਲੀਆ ਚੋਣਾਂ ਦੌਰਾਨ ਜਦੋਂ ਅਸੀ ਡਿਜਟਿਲ ਇਡੀਆ ਦੇ ਸੁਪਨੇ ਦੇਖ ਰਹੇ ਸੀ, ਉਥੇ ਵੀ ਰਾਜਨੀਤੀ ਵਿਚ ਨੇਤਾ ਲੋਕ ਚੋਣਾਂ ਵਿਚ ਜਾਤੀਵਾਦ ਦਾ ਰੂਪ ਦੇਣ ਤੋਂ ਬਾਜ਼ ਨਹੀ ਆਏ। ਸਟੇਜਾਂ ਤੇ ਖੜੇ ਹੋ ਕੇ ਨੇਤਾ ਲੋਕ ਜਿਸ ਤਰ੍ਹਾਂ ਜਾਤੀਵਾਦ ਤੇ ਭਾਸ਼ਣ ਦਿੰਦੇ ਹਨ ਉਸ ਤੋਂ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਵਿਕਾਸ ਨਾਮ ਦਾ ਮੁੱਦਾ ਤਾਂ ਕੋਈ ਹੈ ਹੀ ਨਹੀ, ਸਿਰਫ ਜਾਤੀਵਾਦ ਦੇ ਮੁੱਦੇ ਹੀ ਦੇਸ਼ ਵਿਚ ਰਹਿ ਗਏ ਹਨ।

ਅੱਜ ਕਲ ਨੇਤਾ ਲੋਕ ਸੱਤਾ ਪ੍ਰਾਪਤ ਕਰਨ ਦੇ ਲਈ ਜਾਤੀਵਾਦ ਦੀਆਂ ਸੰਸਥਾਵਾਂ ਦਾ ਪ੍ਰਯੋਗ ਕਰ ਰਹੇ ਹਨ ਅਤੇ ਜਾਤੀਆਂ ਦੇ ਰੂਪ ਵਿਚ ਉਹਨਾਂ ਨੂੰ ਬਣੇ ਬਣਾਏ ਸੰਗਠਨ ਮਿਲ ਜਾਂਦੇ ਹਨ।ਜਿਸ ਨਾਲ ਰਾਜਨੀਤਕ ਪਾਰਟੀ ਨੂੰ ਪ੍ਰਚਾਰ ਕਰਨ ਦੇ ਲਈ, ਰੈਲੀਆਂ ਦਾ ਪ੍ਰਬੰਧ ਕਰਨ ਦੇ ਲਈ,ਪੂਰਾ ਇਕੱਠ ਦਿਖਾਉਣ ਦੇ ਲਈ  ਅਸਾਨੀ ਹੋ ਜਾਦੀ ਹੈ, ਰਾਜਨਿਤਕ ਦਲ ਦੇ ਨੈਤਾਵਾਂ ਨੂੰ ਜਿਆਦਾ ਮਿਹਨਤ ਨਹੀ ਕਰਨੀ ਪੈਂਦੀ। ਰਾਜਨੀਤਿਕ ਸੰਸਾਥਾਵਾਂ ਵੀ ਜਾਤੀਵਾਦ ਤੋਂ ਪ੍ਰਭਾਵਿਤ ਹੋਏ ਬਿੰਨਾਂ ਨਹੀ ਰਹਿ ਸਕੀਆਂ,ਨਤੀਜਾ ਇਹ ਨਿਕਲਿਆ ਕਿ ਜਾਤੀ ਦਾ ਵੀ ਰਾਜਨੀਤੀ-ਕਰਨ ਹੋ ਗਿਆ।ਲੀਡਰਾਂ ਦੀ ਸਮਾਜ ਨੂੰ ਵੰਡਣ ਵਾਲੀ ਰਾਜਨੀਤੀ ਤੋਂ ਭਾਰਤ ਦੇਸ਼ ਬਹੁਤ ਸ਼ਰਮਿੰਦਾ ਹੈ। ਜਦੋਂ ਚੋਣਾਂ ਆਉਦੀਆਂ ਹਨ ਤਾਂ ਜਾਤੀਵਾਦ ਦੀ ਘਨੌਣੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ। ਟਿਕਟ ਮੰਗਣ ਵਾਲੇ ਆਪਣੀ ਜੇਬ ਵਿਚ ਜਾਤੀਵਾਦ ਦੇ ਅੰਕੜੇ ਲੈ ਕੇ ਤੁਰਦੇ ਹਨ, ਇਹੀ ਕਾਰਨ ਹੈ ਕਿ ਚੰਗੇ ਲੋਕ ਚੋਣਾਂ ਦੀ ਰਾਜਨੀਤੀ ਤੋਂ ਦੂਰ ਕਰ ਦਿੱਤੇ ਜਾਦੇ ਹਨ ਅਤੇ ਜਾਤੀ ਅੰਕੜਿਆਂ ਤੇ ਖਰੇ ਉਤਰਨ ਵਾਲੇ ਲੋਕਾਂ ਤੇ ਰਾਜਨਿਤਿਕ ਦਲ ਵਿਸ਼ਵਾਸ਼ ਜਤਾਉਂਦੇ ਹਨ।

ਰਾਜਨੀਤੀ ਦਾ ਇਕ ਦੂਸਰਾ ਚਿਹਰਾ ਹੈ ਜਿਸ ਨੂੰ ਅਸੀ ਪਰਿਵਾਰਵਾਦ ਕਹਿੰਦੇ ਹਾਂ। ਇਕ ਜਮਾਨਾ ਸੀ, ਰਾਜੇ ਦਾ ਬੇਟਾ ਰਾਜਾ ਹੀ ਹੁੰਦਾ ਸੀ। ਦੇਸ਼ ਵਿਚ ਲੋਕਤੰਤਰ ਇਸ ਲਈ ਲਾਇਆ ਗਿਆ ਸੀ ਕਿ ਲੋਕਾਂ ਦਾ ਸ਼ਾਸ਼ਨ ਹੋਵੇਗਾ, ਜਨਤਾ ਆਪਣੀਆਂ ਸੁਖ ਸਹੂਲਤਾਂ ਤੋਂ ਵਾਝੀ ਨਾ ਰਹੇ।ਪਰ ਏਥੇ ਤਾਂ ਕੁਝ ਖਾਸ ਪਰਿਵਾਰ ਦੇ ਹੀ ਲੋਕ ਰਾਜਾ ਬਣ ਕੇ ਇਹ ਸਾਬਤ ਕਰ ਰਹੇ ਹਨ ਕਿ ਅਜੇ ਵੀ ਕੁਝ ਨਹੀ ਬਦਲਿਆ।ਸਾਡੇ ਦੇਸ਼ ਵਿਚ ਬਹੁਤ ਸਾਰੇ ਸਿਰਕੱਢ ਨੇਤਾ ਇਸ ਦਾ ਬਹੁਤ ਵੱਡਾ ਉਦਾਹਰਣ ਹਨ, ਜੋ ਕਿ ਰਾਜੇ ਦਾ ਬੇਟਾ ਰਾਜਾ ਸਾਬਤ ਕਰ ਰਹੇ ਹਨ।ਸ਼ਾਸ਼ਕ ਦੀ ਚੋਣ ਉਸ ਦੀਆਂ ਵੋਟਾਂ ਦੇਖ ਕੇ ਨਹੀ ਸਗੋਂ ਪਰਿਵਾਰ ਦੇਖ ਕੇ ਕੀਤੀ ਜਾਂਦੀ ਹੈ। ਇਸੇ ਕਰਕੇ ਹੀ ਚੋਣਾਂ ਤੋਂ ਪਹਿਲਾਂ ਹੀ ਘੋਸ਼ਿਤ ਕੀਤਾ ਜਾਂਦਾ ਹੈ ਕਿ ਕੌਣ ਮੁੱਖ ਮੰਤਰੀ ਬਣੇਗਾ, ਕੌਣ ਪ੍ਰਧਾਨ ਮੰਤਰੀ ਬਣੇਗਾ।ਜਦਕਿ ਸਵਿਧਾਨ ਇਹ ਕਹਿੰਦਾ ਹੈ ਕਿ ਇਹ ਕੰਮ ਚੋਣ ਜਿਤਣ ਤੋਂ ਬਾਅਦ ਹੋਣਾ ਚਾਹੀਦਾ ਹੈ, ਚੁਣੇ ਹੋਏ ਪ੍ਰਤੀਨਿਧੀਆਂ ਦੀ ਪਹਿਲੀ ਬੈਠਕ ਹੁੰਦੀ ਹੈ ਉਸ ਵਿਚ ਇਸ ਵਿਸ਼ੇ ਤੇ ਬਹਿਸ ਹੁੰਦੀ ਹੈ ਕਿ ਕੌਣ ਕਿਹੜੇ ਅਹੁਦੇ ਲਈ ਯੋਗ ਹੈ, ਪਰ ਹੁਣ ਯੋਗਤਾ ਨਹੀ ਪਰਿਵਾਰ ਦੇਖਿਆ ਜਾਂਦਾ ਹੈ। ਦੇਸ਼ ਵਿਚ ਐਸੇ ਦਰਜਨਾਂ ਹੀ ਨੇਤਾ ਹਨ, ਜੋ ਬਾਪ ਦੇ ਨਾਂ ਤੇ ਵਿਧਾਨ ਸਭਾ ਵਿਚ ਜਾਂ ਲੋਕ ਸਭਾ ਵਿਚ ਸੀਟ ਲੈਣ ਵਿਚ ਕਾਮਯਾਬ ਹੋ ਜਾਂਦੇ ਹਨ।ਪਰਿਵਾਰਵਾਦ ਦਾ ਰੌਲਾ ਪੈਣ ਦਾ ਸੱਭ ਤੋਂ ਵੱਡਾ ਕਾਰਨ ਇਹੀ ਹੈ ਕਿ ਪਾਰਟੀਆਂ ਸੀਟਾਂ ਵੱਧ ਜਿੱਤਣ ਦੀ ਕੋਸ਼ਿਸ਼ ਕਰਦੀਆਂ ਹਨ। ਜੋ ਉਮੀਦਵਾਰ ਪਹਿਲਾਂ ਜਿਤਿਆ ਹੋਇਆ ਹੈ ਜੇਕਰ ਉਸ ਨੂੰ ਦੁਬਾਰਾ ਮੈਦਾਨ ਵਿਚ ਉਤਾਰਿਆ ਜਾਏ ਤਾਂ ਲੋਕ ਉਸ ਨੂੰ ਪਸੰਦ ਕਰਨਗੇ।ਇਹ ਇਲਾਕੇ ਦੀ ਪਾਰਟੀ ਲਈ ਫਾਇਦੇਮੰਦ ਵੀ ਸਾਬਤ ਹੋਵੇਗਾ।

ਪਹਿਲਾਂ ਰਾਜਨੀਤਿਕ ਦਲ ਹੁੰਦੇ ਸੀ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਪ੍ਰਭਾਵਤ ਕਰਦੇ ਸਨ, ਆਪਣੇ ਵਿਚਾਰਾਂ ਤੇ ਖਰੇ ਸਾਬਤ ਹੁੰਦੇ ਸਨ, ਲੋਕਾਂ ਵਿਚ ਉਨਾਂ ਦੀ ਪਛਾਣ ਹੁੰਦੀ ਸੀ, ਲੋਕ ਵੀ ਉਨਾਂ ਦੀ ਇਜ਼ਤ ਕਰਦੇ ਸਨ, ਅੱਜ ਦੇ ਸਮੇਂ ਵਿਚ ਵਿਚਾਰਾਂ ਦਾ ਮਤਲਬ ਹੀ ਕੋਈ ਨਹੀ ਰਹਿ ਗਿਆ, ਹੁਣ ਤਾਂ ਸਿਰਫ ਆਪਣੇ ਪਰਿਵਾਰ ਨੂੰ ਹੀ ਆਧਾਰ ਬਣਾ ਲਿਆ ਜਾਂਦਾ ਹੈ। ਹੁਣ ਜਾਂ ਅੱਜ ਦੇ ਸਮੇਂ ਵਿਚ ਸ਼ੁਰੂ ਨਹੀ ਹੋਇਆ ਇਹ ਪਰਿਵਾਰਵਾਦ ਦਾ ਸਿਲਸਿਲਾ ਕੁਝ ਦੇਰ ਪਹਿਲਾਂ ਦੀਆਂ ਸਰਕਾਰਾਂ ਤੋਂ ਹੀ ਚੱਲਦਾ ਆ ਰਿਹਾ ਹੈ। ਜਿਸ ਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ। ਕਈ ਰਾਜਨੀਤਿਕ ਦਲ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਕਿ ਪਾਰਟੀ ਨੂੰ ਹੀ ਪਹਿਲ ਦਿੰਦੇ ਹਨ। ਪਰ ਪਾਰਟੀ ਨੂੰ ਪਾਰਟੀ ਤੱਕ ਹੀ ਸੀਮਿਤ ਰੱਖਣਾ ਚਾਹੀਦਾ ਹੈ ਨਾ ਕਿ ਉਸ ਨੂੰ ਆਪਣੀ ਨਿਜੀ ਦੁਕਾਨ ਬਣਾ ਲਈਏ।

ਪਰ ਹੁਣ ਸਾਡਾ ਦੇਸ਼ ਪਰਿਵਾਰਵਾਦ, ਜਾਤੀਵਾਦ ਤੋਂ ਤੰਗ ਆ ਚੁੱਕਾ ਹੈ ਅਤੇ ਹੁਣ ਸਮਾਂ ਵੀ ਆ ਗਿਆ ਹੈ ਕਿ ਇਸ ਜਾਤ-ਪਾਤ ਵਿਚ ਵੰਡਣ ਵਾਲੇ ਤੇ ਪਰਵਾਰਵਾਦ ਨੂੰ ਚੋਣਾਂ ਵਿਚ ਜਿਤਾਉਣ ਵਾਲਿਆਂ ਨੂੰ ਸਬਕ ਸਿਖਾਇਆ ਜਾਏ ਅਤੇ ਉਹਨਾਂ ਲੋਕਾਂ ਨੂੰ ਮੂੰਹ ਨਾ ਲਾ ਕੇ ਮੂੰਹ ਤੋੜ ਜਵਾਬ ਦਿੱਤਾ ਜਾਏ ਤਾਂ ਕਿ ਲੀਡਰ ਲੋਕ ਵੀ ਇਹਨਾਂ ਫਾਲਤੂ ਮੁੱਦਿਆਂ ‘ਚੋ ਬਾਹਰ ਨਿਕਲ ਕੇ ਵਿਕਾਸ ਦੇ ਕੰਮਾਂ ਵਲ ਧਿਆਨ ਦੇਣ। ਵੋਟਰਾਂ ਨੂੰ ਵੀ ਆਪਣੀ ਜਿੰਮੇਵਾਰੀ ਸਮਝਣੀ ਪੈਣੀ ਹੈ।ਹੁਣ ਪੂਰਾ ਵਿਸ਼ਵ ਵਿਕਾਸ ਦੀ ਗੱਲ ਕਰ ਰਿਹਾ ਹੈ ਪਰ ਏਥੇ ਦੀ ਜਨਤਾ ਜਾਤ-ਪਾਤ ਵਿਚ ਹੀ ਉਲਝੀ ਹੋਈ ਹੈ। ਜਨਤਾ ਹੁਣ ਵੀ ਕੁੰਭਕਰਨ ਦੀ ਨੀਂਦ ਤੋਂ ਨਾ ਜਾਗੀ ਤਾਂ ਇਹ ਦੇਸ਼ ਇਸ ਤਰ੍ਹਾਂ ਹੀ ਚੱਲਦਾ ਰਹੇਗਾ।ਕਦੇ ਕੋਈ ਕਾਂਡ ਤੇ ਕਦੇ ਕੋਈ ਕਾਂਡ ਸੁਣਦੇ ਰਹਿ ਜਾਓਗੇ। ਉਠੋ ਆਪਣੇ ਫਰਜ਼ਾਂ ਨੂੰ ਪਛਾਣੋ, ਆਪਣੇ ਫਰਜ਼ਾ ਦਾ ਸਹੀ ਇਸਤੇਮਾਲ ਕਰਨਾ ਸਿੱਖੋ, ਸਾਨੂੰ ਸਵਿਧਾਨ ਵਿਚ ਬਹੁਤ ਕੁਝ ਮਿਲਿਆ ਹੈ, ਉਸ ਦੀ ਰਾਖੀ ਕਰਨਾ ਵੀ ਉਹਨਾਂ ਵੋਟਰਾਂ ਦਾ ਕੰਮ ਹੈ ਜਿਹੜੇ ਵੋਟਰ ਸਰਕਾਰਾਂ ਬਣਾਉਦੇ ਹਨ, ਉਸ ਤੋਂ ਸਿਖਿਆ ਲੈ ਅੱਗੇ ਵੱਧਦੇ ਚਲੋ।

ਪੇਸ਼ਕਸ਼:-ਅਮਰਜੀਤ ਚੰਦਰ  ਲੁਧਿਆਣਾ    9417600014

Previous articleਕਾਂਗਰਸ ਦੇ 4100 ਕਰੋੜ ਦੇ ਘਪਲੇ ਕਾਰਨ ਪੰਜਾਬ ’ਚ ਬਿਜਲੀ ਮਹਿੰਗੀ ਹੋਈ: ਮਜੀਠੀਆ
Next articleਤਣਾਅ ਨਹੀਂ ਤਿਆਰੀ ਨਾਲ ਦਿਓ ਪ੍ਰੀਖਿਆ